ਸਿੱਖ ਖਬਰਾਂ

ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਨੇ ਕਿਹਾ “ ਪਾਕਿਸਤਾਨ ਦਾ ਰਲੇਵਾਂ ਭਾਰਤ ਵਿੱਚ ਹੋਣ ਵਾਲਾ”

By ਸਿੱਖ ਸਿਆਸਤ ਬਿਊਰੋ

August 21, 2014

ਵਾਰਾਣਸੀ ( 20 ਅਗਸਤ 2014): ਮੋਦੀ ਦੀ ਅਗਵਾਈ ਵਿੱਚ ਜਦੌਂ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਬਣੀ ਹੈ, ਵਿਸ਼ਵ ਹਿੰਦੂ ਪ੍ਰੀਸ਼ਦ, ਆਰ. ਐੱਸ. ਐੱਸ ਅਤੇ ਸ਼ਿਵ ਸੈਨਾ ਵਰਗੀਆਂ ਕੱਟੜਪੰਥੀ ਜੱਥੇਬੰਦੀਆਂ ਕਿਸੇ ਨਾ ਕਿਸੇ ਤਰਾਂ ਘੱਟ ਗਿਣਤੀਆਂ ਵਿਰੁੱਧ ਜ਼ਹਿਰ ਖਿਲਾਰਦੀਆਂ ਹੀ ਰਹਿੰਦੀਆਂ ਹਨ।

ਆਰ. ਐੱਸ. ਐਸ. ਦੇ ਮੋਹਨ ਭਾਗਵਤ ਵੱਲੋਂ ਦਿੱਤੇ ਬਿਆਨ ‘ਤੇ ਅਜੇ ਪ੍ਰਤੀਕਰਮ ਰੁਕੇ ਨਹੀ, ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰ-ਰਾਸ਼ਟਰੀ ਪ੍ਰਧਾਨ ਅਸ਼ੋਕ ਸਿੰਘਲ ਨੇ ਇੱਕ ਹੋਰ ਵਿਵਾਦ ਪੂਰਨ ਬਿਆਨ ਦਿੰਦਿਆ ਕਿਹਾ ਕਿ ਪਾਕਿਸਤਾਨ ਦਾ ਭਾਰਤ ਵਿੱਚ ਰਲੇਵਾਂ ਹੋਣਾ ਤੈਅ ਹੈ। ਇੱਥੇ ਦੇਵਰਗ ਬਾਬਾ ਦੇ ਆਸ਼ਰਮ ਪਹੁੰਚੇ ਸਿੰਘਲ ਨੇ ਆਰ.ਐੱਸ.ਐੱਸ.ਮੁੱਖੀ ਮੋਹਨ ਭਾਗਵਤ ਦੇ ਹਿੰਦੂਤਵ ਵਾਲੇ ਬਿਆਨ ਦਾ ਬਚਾਅ ਵੀ ਕੀਤਾ।

ਮੋਹਨ ਭਾਗਵਤ ਨੇ ਕਿਹਾ ਸੀ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ। ਪਾਕਿਸਤਾਨ ਦੁਆਰਾ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰਨ ਅਤੇ ਭਾਰਤੀ ਜਵਾਨਾਂ ਦੇ ਗੋਲੀਬਾਰੀ ਵਿੱਚ ਜਾਨ ਗੰਵਾਉਣ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਸਿੰਘਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇਣ ਵਿੱਚ ਸਮਰੱਥ ਹਨ।

ਸਿੰਘਲ ਦੇ ਮੁਤਾਬਕ ਪਾਕਿਸਤਾਨ ਦਾ ਰਲੇਂਵਾ ਭਾਰਤ ਵਿੱਚ ਹੋਣ ਹੀ ਵਾਲਾ ਹੈ ਅਤੇ ਇਸ ਨੂੰ ਕੋਈ ਰੋਕ ਨਹੀਂ ਸਕਦਾ। ਸਿੰਘਲ ਨੇ ਕਿਹਾ ਕਿ ਸਾਧਵੀ ਪ੍ਰਗਿਆ ਅਤੇ ਆਸਾਰਾਮ ਬਾਪੂ ਨੂੰ ਜੇਲ੍ਹ ਭੇਜਣਾ ਸੰਤਾਂ ਦੇ ਖਿਲਾਫ ਕਾਂਗਰਸ ਦੀ ਸਾਜਿਸ਼ ਸੀ।

ਹੁਣ ਸਮਾਂ ਬਦਲ ਗਿਆ ਹੈ। ਮੋਦੀ ਨੂੰ ਸਾਹ ਲੈਣ ਦਿਓ। ਹੁਣ ਗਊ ਹੱਤਿਆ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗੇਗੀ। ਵਾਲਮੀਕੀ ਮੰਦਰ ਅਤੇ ਵਿੰਧਿਆਚਲ ਵਿੱਚ ਸ਼ਾਨਦਾਰ ਮੰਦਰ ਬਣੇਗਾ। ਸਾਰਿਆਂ ਨੂੰ ਵੰਦੇ ਮਾਤਰਮ ਗਾਣਾ ਪਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: