ਪੁਰੀ, ਉੜੀਸਾ: ਬੀਤੇ ਦਿਨਾਂ ਦੌਰਾਨ ਜਗਨਨਾਥ ਪੁਰੀ ਵਿਖੇ ਪਹਿਲੇ ਪਤਿਸ਼ਾਹ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਮੰਗੂ ਮੱਠ ਨੂੰ ਢਾਹੇ ਜਾਣ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਇਸੇ ਤਹਿਤ ਲੋਕ ਇਨਸਾਫ ਪਾਰਟੀ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਉੜੀਸਾ ਸਰਕਾਰ ਵਿਰੁੱਧ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਸੀ ਅਤੇ ਪੁਰੀ ਵਿਚਲੀ ਸਿੱਖ ਵਿਰਾਸਤ ਨੂੰ ਸੰਭਾਲਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤਹਿਤ ਲੋਕ ਇਨਸਾਫ ਪਾਰਟੀ ਦੇ ਆਗੂਆਂ ਬਲਵੀਰ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਅਤੇ ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਨੇ ਇਹਨਾਂ ਤਿੰਨ ਦਿਨਾਂ ਦੌਰਾਨ ਮੰਗੂ ਮੱਠ ਵਿਖੇ ਅਰਦਾਸ ਕੀਤੀ, ਉੜੀਸਾ ਦੇ ਗਵਰਨਰ ਨਾਲ ਮੁਲਾਕਾਤ ਕਰਕੇ ਉਸ ਨੂੰ ਮੰਗ ਪੱਤਰ ਸੌਂਪਿਆ, ਗੁਰਦੁਆਰਾ ਸਿੰਘ ਸਭਾ ਤੋਂ ਕੰਟੀਨ ਸਕੁਏਅਰ ਤੱਕ ਕਾਫਲਾ ਕੱਢਿਆ ਤੇ ਉਥੇ ਧਰਨਾ ਲਾਇਆ, ਅਤੇ ਉੜੀਸਾ ਦੇ ਮੁੱਖ ਮੰਤਰੀ ਦੇ ਨਾਂ ਤਾੜਨਾ ਭਰਿਆ ਪੱਤਰ ਲਿਖਿਆ। ਨਤੀਜੇ ਵਜੋਂ ਅੱਜ ਉੜੀਸਾ ਸਰਕਾਰ ਦੇ ਨਰਸਿੰਦਿਆਂ ਅਤੇ ਸੰਬੰਧਤ ਅਧਿਕਾਰੀਆਂ ਨੇ ਸਿੱਖ ਸੰਗਤ ਦੀਆਂ ਮੰਗਾਂ ਮੰਨਣ ਦਾ ਐਲਾਨ ਕੀਤਾ ਹੈ।
ਜਗਨਨਾਥ ਪੁਰੀ ਮੰਦਿਰ ਦੇ ਪ੍ਰਬੰਧਕ ਕ੍ਰਿਸ਼ਨਾ ਅਤੇ ਐਮ.ਐਲ.ਏ. ਬੋਬੀ ਦਾਸ ਨੇ ਸਿੱਖ ਆਗੂਆਂ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ ਮੰਗੂ ਮੱਠ ਦੇ ਸਥਾਨ ਉੱਤੇ ਹੋਰ ਭੰਨ ਤੋੜ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਗੂ ਮੱਠ ਦੇ ਅਸਥਾਨ ਉੱਤੇ ਗੁਰਦੁਆਰਾ ਅਟਾਰੀ ਸਾਹਿਬ ਦੀ ਉਸਾਰੀ ਕੀਤੀ ਜਾਵੇਗੀ ਅਤੇ ਪੰਜਾਬੀ ਮੱਠ ਦੀ ਥਾਂ ਤੇ ਢੁੱਕਵੀਂ ਯਾਦਗਾਰ ਜਾਂ ਗੁਰਦੁਆਰਾ ਸਾਹਿਬ ਉਸਾਰਿਆ ਜਾਵੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਗੁਰਦੁਆਰਾ ਬਾਉਲੀ ਮੱਠ ਨੂੰ ਮੁੜ ਉਸਾਰਨ ਦੀ ਮੰਗ ਵੀ ਮੰਨੀ ਹੈ ਅਤੇ ਕਿਹਾ ਹੈ ਕਿ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਇਸ ਦੀ ਪੁਰਾਤਨ ਦਿਖ ਨੂੰ ਹੀ ਕਾਇਮ ਰੱਖਿਆ ਜਾਵੇ।