ਦਸਤਾਵੇਜ਼ » ਵਿਦੇਸ਼ » ਸਿੱਖ ਖਬਰਾਂ

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਂਅ ਮਹਿੰਦਰ ਸਿੰਘ ਖਹਿਰਾ (ਯੂ. ਕੇ.) ਵੱਲੋਂ ਖੁਲ੍ਹਾ ਖ਼ਤ

May 2, 2018 | By

ਲੰਡਨ: ਇੰਗਲੈਂਡ ਰਹਿੰਦੇ ਸਿੱਖ ਆਗੂ ਤੇ ਵਿਚਾਰਕ ਜਥੇਦਾਰ ਮਹਿੰਦਰ ਸਿੰਘ ਖਹਿਰਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੇ ਨਾਂ ਖੁੱਲ੍ਹਾ ਖਤ ਲਿਖਿਆ ਗਿਆ ਹੈ, ਜਿਸ ਰਾਹੀਂ ਮਨਜੀਤ ਸਿੰਘ ਜੀ.ਕੇ. ਵਲੋਂ ਇੰਗਲੈਂਡ ਫੇਰੀ ਦੌਰਾਨ ਦਿੱਤੇ ਬਿਆਨਾਂ ਬਾਰੇ ਅਤੇ ਹੋਰਨਾਂ ਸਿੱਖ ਮਸਲਿਆਂ ਬਾਰੇ ਸਵਾਲ ਕੀਤੇ ਗਏ ਹਨ। ਪਾਠਕਾਂ ਦੀ ਜਾਣਕਾਰੀ ਲਈ ਇਹ ਖ਼ਤ ਇਥੇ ਸਾਂਝਾ ਕੀਤਾ ਜਾ ਰਿਹਾ ਹੈ :

ਤਾਰੀਖ:- 28/04/2018

ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਆਗੂ
ਸਤਿਕਾਰਯੋਗ ਸ. ਮਨਜੀਤ ਸਿੰਘ ਜੀ. ਕੇ.,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

ਅਪ੍ਰੈਲ 2018 ਨੂੰ ਆਪ ਜੀ ਦੀ ਯੂ. ਕੇ. ਫੇਰੀ ਦੋਰਾਨ ਸਾਊਥਾਲ ਤੋਂ ਛੱਪਦੇ ਪੰਜਾਬੀ ਪੇਪਰ (4-5-2018) ਦੇ ਪੰਨਾ 29 ਉੱਤੇ ਆਪ ਜੀ ਦੀ ਇੰਟਰਵੀਊ ਛਪੀ ਹੈ। ਆਪ ਜੀ ਦੀ ਇੰਟਰਵੀਊ ਪੜ੍ਹ ਕੇ ਕੁਝ ਸ਼ੰਕੇ ਤੇ ਸਵਾਲ ਉਤਪਨ ਹੋਏ ਹਨ। ਨਿਮ੍ਰਤਾ ਸਾਹਿਤ ਬੇਨਤੀ ਹੈ ਕਿ ਹੇਠ ਲਿਖੀ ਵਿਚਾਰ ਚਰਚਾ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

ਆਪ ਜੀ ਨੇ ਆਪਣੀ ਇੰਟਰਵੀਊ ਵਿੱਚ ਵੀਹਵੀਂ ਸਦੀ ਦੇ ਮਹਾਨ ਸਿੱਖ, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਨੇੜਤਾ ਦੀ ਗੱਲ ਤਾਂ ਜਰੂਰ ਕੀਤੀ ਹੈ ਪਰ ਆਪ ਜੀ ਦੇ ਬਿਆਨ ਉਨ੍ਹਾਂ ਦੀ ਸੋਚ ਨਾਲ ਮੇਲ ਨਹੀਂ ਖਾਂਦੇ।

ਆਪ ਜੀ ਨੇ ਆਪਣੀ ਇੰਟਰਵੀਊ ਵਿੱਚ ਕਿਹਾ ਹੈ ਕਿ, ‘ਉਸ ਸਮੇਂ ਦੀ ਲੀਡਰਸ਼ਿਪ ਨੇ ਲੰਬੀ ਸੋਚ ਕਿਉਂ ਨਾ ਸੋਚੀ। ਉਸ ਤੋਂ ਬਾਅਦ ਅਸੀਂ ਅਕਾਲ ਤੱਖਤ ਵੀ ਢਵਾ ਲਿਆ। 65-70 ਹਜ਼ਾਰ ਸਿੱਖ ਵੀ ਮਰਵਾ ਲਿਆ ਗਲਾਂ ਵਿੱਚ ਟਾਇਰ ਵੀ ਪਵਾ ਲਏ, ਦੂਜੇ ਨੰਬਰ ਦੇ ਸ਼ਹਿਰੀ ਵੀ ਬਣ ਗਏ, ਇਸ ਦੇ ਬਾਵਜ਼ੂਦ ਅਸੀਂ ਆਪਣੀਆਂ ਮੰਗਾਂ ਮੰਗਵਾਉਣ ਵਿੱਚ ਕਾਮਜਾਬ ਨਹੀਂ ਹੋਏ’। ਜੀ. ਕੇ. ਸਾਹਿਬ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ, ਕੀ ਅਕਾਲ ਤੱਖਤ ਢਵਾਉਣ, 65-70 ਹਜ਼ਾਰ ਸਿੱਖ ਮਰਵਾਉਣ ਅਤੇ ਗਲਾਂ ਵਿੱਚ ਟਾਇਰ ਪਵਾਉਣ ਤੋਂ ਪਹਿਲਾਂ ਸਿੱਖ ਇੱਕ ਨੰਬਰ ਦੇ ਸ਼ਹਿਰੀ ਸੀ?
ਜੀ. ਕੇ. ਸਾਹਿਬ ਸਿੱਖਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਤਾਂ ਭਾਰਤ ਦੇ 1950 ਦੇ ਵਿਧਾਨ ਨੇ ਹੀ ਬਣਾ ਦਿੱਤਾ ਸੀ। ਅਸੀਂ ਆਪ ਜੀ ਨੂੰ ਸ. ਕਪੂਰ ਸਿੰਘ ਦੇ ਲਿਖੇ ਅਨੰਦਪੁਰ ਦੇ ਮਤੇ ਦੀਆਂ ਕੁਝ ਸਤਰਾਂ ਆਪ ਦੇ ਧਿਆਨ ਗੋਚਰੇ ਕਰਾਉਣਾ ਚਾਹੁੰਦੇ ਹਾਂ ਜੋ ਇਸ ਪ੍ਰਕਾਰ ਹਨ, “ਹਿੰਦੋਸਤਾਨ ਦੀ ਧੱਕੜ ਬਹੁਗਿਣਤੀ ਨੇ 1950 ਵਿੱਚ ਮੁਲਕ ’ਤੇ ਇੱਕ ਅਜਿਹਾ ਸੰਵਿਧਾਨਕ ਇੰਤਜਾਮ ਠੋਸਿਆ, ਜਿਸ ਨੇ ਕਿ ਸਿੱਖਾਂ ਨੂੰ ਉਨ੍ਹਾਂ ਦੀ ਰਾਜਸੀ ਪਛਾਣ ਅਤੇ ਸਭਿਆਚਾਰਕ ਵਿਲੱਖਣਤਾ ਤੋਂ ਸੱਖਣੇ ਕਰ ਦਿੱਤਾ, ਇਸ ਤਰ੍ਹਾਂ ਸਿੱਖਾਂ ਨੂੰ ਰਾਜਸੀ ਤੌਰ ’ਤੇ ਖੱਤਮ ਕਰਕੇ ਉਨ੍ਹਾਂ ਨੂੰ ਆਤਮਿਕ ਅਤੇ ਸਭਿਆਚਾਰਕ ਗਿਰਾਵਟ ਦੇ ਕੰਢੇ ਲਿਆ ਕੇ, ਬੇਸਿਰਪੈਰੇ ਹਿੰਦੂ ਧਰਮ ਦੇ ਖਾਰੇ ਸਾਗਰ ਵਿੱਚ ਹਰ ਹੀਲੇ ਡੁੱਬ ਜਾਣ ਅਤੇ ਸਦਾ ਲਈ ਤਬਾਹ ਹੋ ਜਾਣ ਦੀ ਨੌਬਤ ਤੱਕ ਲੈ ਆਂਦਾ”।

ਇਸ ਸੰਵਿਧਾਨਕ ਗੁਲਾਮੀ ਕਰਕੇ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸ਼ਰੇਆਮ ਐਲਾਨ ਕੀਤਾ ਸੀ ਕਿ ਸਿੱਖ ਭਾਰਤ ਅੰਦਰ ਗੁਲਾਮ ਹਨ, ਸਿਰ ਜਿੰਨੇ ਮਰਜੀ ਲਾਉਣੇ ਪੈਣ ਅਸੀਂ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣੀ ਹੈ। ਉਨ੍ਹਾਂ ਨੇ ਸਾਰੇ ਪ੍ਰਚਾਰਕਾਂ ਨੂੰ ਕਿਹਾ ਸੀ ਕਿ ਪਿੰਡ ਪਿੰਡ ਜਾ ਕੇ ਹਰ ਸਿੱਖ ਮਾਈ ਭਾਈ ਨੂੰ ਅਹਿਸਾਸ ਕਰਵਾ ਦਿਓ ਕਿ ਉਹ ਭਾਰਤ ਅੰਦਰ ਗੁਲਾਮ ਹਨ, ਗੁਲਾਮੀ ਦਾ ਅਹਿਸਾਸ ਹੀ ਸਿੱਖ ਕੌਮ ਨੂੰ ਅਜ਼ਾਦੀ ਦੀ ਮੰਜਿਲ ਤੱਕ ਲੈ ਕੇ ਜਾਵੇਗਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ “ਅਸੀਂ ਹਿੰਦੋਸਤਾਨ ਨਾਲ ਰਹਿਣਾ ਚਾਹੁੰਦੇ ਹਾਂ। ਸਾਨੂੰ ਕੇਂਦਰ ਸਰਕਾਰ ਦੱਸੇ ਕਿ ਉਸ ਨੇ ਸਾਨੂੰ ਨਾਲ ਰੱਖਣਾ ਹੈ ਜਾਂ ਨਹੀਂ, ਪਰ ਅਸੀਂ ਗੁਲਾਮ ਬਣ ਕੇ ਨਹੀਂ ਰਹਿਣਾ ਸਗੋਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਹਿੰਦੋਸਤਾਨ ਦੀ ਆਜ਼ਾਦੀ ਵਾਸਤੇ 93 ਫੀਸਦੀ ਸਿਰ ਦਿੱਤੇ ਹਨ। 93 ਫੀਸਦੀ ਸਿਰ ਦੇ ਕੇ ਗੁਲਾਮ ਰਹਿਣਾ ਸਾਨੂੰ ਮਨਜ਼ੂਰ ਨਹੀਂ। ਇਹ ਕੇਂਦਰ ਸਰਕਾਰ ਦੱਸੇ ਕਿ ਉਸ ਨੇ ਸਾਨੂੰ ਗੁਲਾਮ ਸ਼ਹਿਰੀ ਬਣਾ ਕੇ ਰੱਖਣਾ ਹੈ ਜਾਂ ਬਰਾਬਰ ਦੇ ਸ਼ਹਿਰੀ ਬਣਾ ਕੇ। ਖਾਲਿਸਤਾਨ ਅਸੀਂ ਮੰਗਦੇ ਨਹੀਂ ਪਰ ਜੇ ਕੇਂਦਰ ਸਰਕਾਰ ਨੇ ਸਾਨੂੰ ਬਰਾਬਰ ਦਾ ਸ਼ਹਿਰੀ ਨਾ ਮੰਨਦਿਆਂ ਸਾਨੂੰ ਵੱਖਰਾ ਖਾਲਿਸਤਾਨ ਦੇਣਾ ਹੀ ਹੈ ਤਾਂ ਸਿਰ ਮੱਥੇ, ਨਾਹ ਕੋਈ ਨਹੀਂ। ਸੰਤ ਜਰਨੈਲ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਭਾਰਤੀ ਅਦਾਲਤਾਂ ਵਿੱਚੋਂ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲੇਗਾ।

ਜੀ. ਕੇ. ਸਾਹਿਬ ਦੂਸਰਾ ਇਹ ਨੁਕਤਾ ਵੀ ਸਪੱਸ਼ਟ ਕਰਨ ਦੀ ਕ੍ਰਿਪਾਲਤਾ ਕਰਨੀ ਕਿਉਂਕਿ ਆਪ ਜੀ ਦੇ ਕਹਿਣ ਮੁਤਾਬਕ ਅਕਾਲ ਤਖਤ ਤਾਂ ਡਾਹਿਆ ਗਿਆ, ਸਿੱਖਾਂ ਦੇ ਗੱਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਜੀਊਂਦਿਆਂ ਸਾੜਿਆ ਗਿਆ ਅਤੇ ਨਵੰਬਰ 1984 ਨੂੰ ਦਿੱਲੀ ਵਿਖੇ ਸਿੱਖ ਬੀਬੀਆਂ ਦਾ ਸਮੂਹਕ ਬਲਾਤਕਾਰ ਕਰਕੇ ਉਨ੍ਹਾਂ ਨੂੰ ਤਿੰਨ ਦਿਨ ਅਲਫ ਨੰਗਿਆਂ ਇਸ ਕਰਕੇ ਰੱਖਿਆ ਗਿਆ ਕਿਉਂਕਿ ਪੰਥਕ ਲੀਡਰਾਂ ਨੇ ਇੰਦਰਾਗਾਂਧੀ ਦੀ ਗੱਲ ਨਹੀਂ ਸੀ ਮੰਨੀ।

ਜੀ. ਕੇ. ਸਾਹਿਬ ਬੇਨਤੀ ਹੈ ਕਿ ਕਾਂਗਰਸ ਨੂੰ ਤਾਂ ਆਪ ਜੀ ਨੇ ਭਾਜੀ ਮੋੜ ਦਿੱਤੀ ਅਤੇ ਜਗਦੀਸ਼ ਟਾਈਟਲਰ ਨੂੰ ਸਜਾ ਦਵਾਉਣ ਲਈ ਮੋੜ ਵੀ ਰਹੇ ਹੋ ਪਰ ਆਰ. ਐਸ. ਐਸ. ਤੇ ਭਾਜਪਾ ਨੂੰ ਭਾਜੀ ਕੌਣ ਮੋੜੇਗਾ? ਨਵੰਬਰ 1984 ਨੂੰ ਸਿੱਖਾਂ ਦੇ ਕੀਤੇ ਸਮੂਹਕ ਕਤਲੇਆਮ ਕਰਨ ਵਿੱਚ ਆਰ. ਐਸ. ਐਸ. ਤੇ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ, “ਅੰਗ੍ਰੇਜ਼ੀ ਅਖਬਾਰ ਹਿੰਦੋਸਤਾਨ ਟਾਈਮਜ਼ ਦੇ ਫਰਵਰੀ 2, 2002 ਵਿੱਚ ਛੱਪੀ ਖਬਰ ਮੁਤਾਬਕ ਦਿੱਲੀ ਪੁਲਸ ਨੇ 14 ਮੁਕੱਦਮੇ (ਐਫ. ਆਈ. ਆਰ.) ਦਾਇਰ ਕੀਤੇ ਹਨ, ਜਿਨ੍ਹਾਂ ਵਿੱਚ 49 ਬੀ. ਜੇ. ਪੀ. ਅਤੇ ਆਰ. ਐਸ. ਐਸ. ਦੇ ਵਰਕਰਾਂ ਦੀ ਸਿੱਖਾਂ ਦੇ ਉੱਤੇ ਹੋਈ ਕਤਲੋਗਾਰਤ ਵਿੱਚ ਪੂਰੀ ਮਿਲੀ ਭੁਗਤ ਸੀ। ਇਸ ਵਿੱਚ ਦੋਸ਼ੀਆਂ ਦੇ ਨਾਂਅ ਵੀ ਦਿੱਤੇ ਹੋਏ ਹਨ। ਇਸ ਖਬਰ ਦੀ ਪੁਸ਼ਟੀ 30 ਦਸੰਬਰ, 2014 ਦੇ ਅੰਗ੍ਰੇਜ਼ੀ ਟ੍ਰਿਿਬਊਨ ਨੇ ਵੀ ਕੀਤੀ ਹੈ, (ਹਵਾਲਾ ਪੁਸਤਕ-ਪੰਜਾਬ ਦਾ ਸੰਤਾਪ, 1947 ਤੋਂ 2015, ਪੰਨਾ 90)।

ਇਸੇ ਤਰ੍ਹਾਂ ਐਲ. ਕੇ. ਅਡਵਾਨੀ ਨੇ ਵੀ ਆਪਣੀ ਅੰਗ੍ਰੇਜ਼ੀ ਵਿੱਚ ਲਿਖੀ ਪੁਸਤਕ ‘ਮਾਈ ਕੰਟਰੀ ਮਾਈ ਲਾਈਫ ਦੇ ਪੰਨਾ 430-431 ਉੱਤੇ ਪੁਰਜੋਰ ਸ਼ਬਦਾਂ ਵਿੱਚ ਦਾਹਵਾ ਕੀਤਾ ਹੈ ਕਿ ਭਾਜਪਾ ਨੇ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਲਈ ਮਜ਼ਬੂਰ ਕੀਤਾ ਸੀ’।

ਜੀ. ਕੇ. ਸਾਹਿਬ ਅਸੀਂ ਆਪ ਜੀ ਦਾ ਇੱਕ ਹੋਰ ਸਿੱਖ ਮੁੱਦੇ ਵਲ ਧਿਆਨ ਦਿਵਾਉਣਾ ਚਾਹੁੰਦੇ ਹਾਂ ਅਤੇ ਇਹ ਮੁੱਦਾ ਇਹ ਹੈ ਕਿ ਸੰਘ-ਪਰਿਵਾਰ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਇੱਕ ਸੰਪਰਦਾਇ ਸਿੱਧ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ, ਅਤੇ ਇਸ ਸੰਦਰਭ ਵਿੱਚ ਵੀ ਐਲ. ਕੇ. ਅਡਵਾਨੀ ਆਪਣੀ ਪੁਸਤਕ ‘ਮਾਈ ਕੰਟਰੀ ਮਾਈ ਲਾਈਫ’ ਦੇ ਪੰਨਾ 422 ਉੱਤੇ ਲਿਖਦਾ ਹੈ ਕਿ ਹਿੰਦੂਆਂ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਜਿਨੀ ਸਿੱਖ ਕੌਮ ਬਹਾਦਰੀ ਨਾਲ ਲੜੀ ਉਨੀ ਹੋਰ ਕੋਈ ਕੌਮ ਨਹੀਂ ਲੜੀ, ਦਸਾਂ ਗੁਰੂਆਂ ਵਿੱਚੋਂ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਨੂੰ ਕੱਟੜ ਮੁਸਲਮਾਨ ਹਾਕਮਾਂ ਤੋਂ ਬਚਾਉਣ ਲਈ 300 ਸਾਲ ਪਹਿਲਾਂ ਖਾਲਸਾ ਪੰਥ ਪੈਦਾ ਕੀਤਾ ਸੀ” ਜੀ. ਕੇ. ਸਾਹਿਬ ਅਸੀਂ ਆਪ ਜੀ ਨੂੰ ਨਿਮ੍ਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਆਪ ਜੀ ਦੇ ਅਕਾਲੀ ਦਲ ਦਾ ਭਾਜਪਾ ਨਾਲ ਰਾਜਨੀਤਕ ਗੱਠ ਜੋੜ ਹੈ ਇਸ ਕਰਕੇ ਭਾਜਪਾ ਵਾਲਿਆਂ ਨੂੰ ਪੁੱਛ ਕੇ ਸਾਨੂੰ ਇਹ ਜ਼ਰੂਰ ਦੱਸਿਓ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਹੀ ਖਾਲਸਾ ਪੰਥ ਪੈਦਾ ਕੀਤਾ ਸੀ, ਤਾਂ ਫਿਰ ਹਿੰਦੂ ਧਰਮ ਨੂੰ ਮੰਨਣ ਵਾਲੇ ਬਾਈ ਧਾਰ ਦੇ ਰਾਜਿਆਂ ਨੇ ਖਾਲਸਾ ਪੰਥ ਦਾ ਵਿਰੋਧ ਦੁਸ਼ਮਨੀ ਦੀ ਹੱਦ ਤੱਕ ਕਿਉਂ ਕੀਤਾ? ਅਤੇ ਗੁਰੂ ਗੋਬਿੰਦ ਸਿੰਘ ਨਾਲ ਹਿੰਦੂ ਰਾਜਿਆਂ ਨੇ ਜੰਗ ਯੁੱਧ ਕਿਉਂ ਕੀਤੇ, ਇਹ ਵੱਖਰੀ ਗੱਲ ਹੈ ਭਾਵੇਂ ਹਿੰਦੂ ਰਾਜੇ ਹਰ ਵਾਰੀ ਹਾਰਦੇ ਰਹੇ। ਖਾਲਸਾ ਪੰਥ (ਸਿੱਖ ਕੌਮ) ਦੀ ਵੱਖਰੀ ਪਛਾਣ ਅਤੇ ਸੁਤੰਤਰ ਹੋਂਦ ਹਸਤੀ ਨਾਲ ਭਾਜਪਾ ਤੇ ਆਰ. ਐਸ. ਐਸ. ਦਾ ਵਿਚਾਰਧਾਰਕ ਵਿਰੋਧ ਅਜੇ ਵੀ ਬਾ-ਦਸਤੂਰ ਜਾਰੀ ਹੈ, ਜੀ. ਕੇ. ਸਾਹਿਬ ਜਾਪਦਾ ਹੈ ਕਿ ਆਪ ਜੀ ਭਾਜਪਾ ਅਤੇ ਆਰ. ਐਸ. ਐਸ. ਦੀਆਂ ਪੰਥ ਵਿਰੋਧੀ ਸਾਜਿਸ਼ਾਂ ਨੂੰ ਸਮਝਦੇ ਨਹੀਂ ਜਾਂ ਸਮਝਣਾ ਚਾਹੁੰਦੇ ਨਹੀਂ ਕਿਉਂਕਿ ਆਰ. ਐਸ. ਐਸ. ਤੇ ਭਾਜਪਾ ਦਾ ਅਸਲ ਨਿਸ਼ਾਨਾ ਹੈ ਕਿ “ਦਸਮੇਸ਼ ਪਿਤਾ ਦੇ ਖੰਡੇ ਬਾਟੇ ਦਾ ਅੰਮ੍ਰਿਤ, ਸਿੱਖੀ ਦੀ ਰਹਿਤ, ਗੁਰੂ ਗ੍ਰੰਥ-ਪੰਥ ਦੀ ਗੁਰਿਆਈ ਅਤੇ ਸਿੱਖ ਇਤਿਹਾਸ ਦੇ ਜੁਝਾਰੂ ਖਾਸੇ ਨੂੰ ਖਤਮ ਕਰਕੇ ਸਥਾਈ ਬਹੁ-ਗਿਣਤੀ ਸਭਿਆਚਾਰ ਵਿੱਚ ਇਸ ਤਰ੍ਹਾਂ ਰੰਗ ਦੇਣਾ ਕਿ ਸਿੱਖ ਕੌਮ ਦੀ ਵੱਖਰੀ ਪਛਾਣ ਮਿਟ ਜਾਵੇ ਤੇ ਫਿਰ ਸਿੱਖੀ ਨੂੰ ਮਨਭਾਉਂਦਾ ਮੋੜ ਦੇ ਕੇ, ਜੋਤਿ ਤੇ ਜੁਗਤਿ ਦੇ ਪ੍ਰਮਾਣਿਤ ਸਿਧਾਂਤ ਤੋਂ ਦੂਰ ਲਿਜਾਇਆ ਜਾ ਸਕੇ।

ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ਼ਰੀਕ ਉਸਾਰ ਕੇ ਸਿੱਖ ਧਰਮ ਵਿੱਚ ਮੁੱਢਲੀਆਂ ਤਰਮੀਮਾਂ ਕਰ ਕੇ ਇਸ ਨੂੰ ਹਿੰਦੂਤਵੀ ਨੁਸਖੇ ਅਨੁਸਾਰ ਢਾਲਣ ਲਈ ਖਾਸ ਯਤਨ ਕੀਤੇ ਜਾ ਰਹੇ ਹਨ, ਆਰ. ਐਸ. ਐਸ. ਦੀ ਹਦਾਇਤ ਤੇ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਸਾਹਬਾਨਾਂ ਦੀ ਤੌਹੀਨ ਕਰਨ ਲਈ ‘ਸਿੱਖ ਇਤਿਹਾਸ ਨਾਮੀ ਪੁਸਤਕ’ 1999 ਵਿੱਚ ਛਪਵਾਈ ਗਈ ਹੈ। ਕੇਸਰੀ ਦੀ ਥਾਵੇਂ ਭਗਵੇਂ ਸਿਰੋਪੇ, ਅਤੇ ਨਿਸ਼ਾਨ ਸਾਹਿਬ ਦੇ ਚੋਲੇ ਵੀ ਭਗਵੇਂ ਹੀ ਪ੍ਰਚਲਤ ਕੀਤੇ ਜਾ ਰਹੇ ਹਨ, ਪ੍ਰਕਾਸ਼ ਸਿੱਖ ਬਾਦਲ ਦੇ ਲਫਾਫਿਆਂ ਵਿੱਚੋਂ ਨਿਕਲੀਆਂ ਅਹੁਦੇਦਾਰੀਆਂ ਰਾਹੀਂ ਸਿੱਖੀ ਦੀਆਂ ਮਹਾਨ ਰਵਾਇਤਾਂ ਦਾ ਘਾਣ ਕੀਤਾ ਜਾ ਰਿਹਾ ਹੈ, ਕੌਮ ਦੇ ਅਣਖੀ ਯੋਧਿਆਂ ਨੂੰ ਕੰਨਾਂ ਵਿੱਚ ਮੁੰਦਰਾਂ ਪੁਆ ਕੇ ਨੱਚਣ ਟੱਪਣ ਲਾ ਦਿੱਤਾ ਗਿਆ ਹੈ, ‘ਸਿੰਘ ਇਜ਼ ਕਿੰਗ ਫਿਲਮ’ ਵਿੱਚ ਸਿੱਖੀ ਸਰੂਪ ਦਾ ਮਖੌਲ ਉਡਾਇਆ ਗਿਆ ਹੈ ਉਸ ਦਾ ਨਾ ਸ਼੍ਰੋਮਣੀ ਕਮੇਟੀ ਨਾ ਦਿੱਲੀ ਗੁਰਦੁਆਰਾ ਕਮੇਟੀ ਤੇ ਨਾ ਹੀ ਅਕਾਲ ਤਖਤ ਦੇ ਜਥੇਦਾਰ ਨੇ ਕੋਈ ਨੋਟਿਸ ਲਿਆ, ਆਸ ਕਰਦੇ ਹਾਂ ਕਿ ਆਪ ਜੀ ਸਿੱਖ ਧਰਮ ਦੇ ਹੋ ਰਹੇ ਭਗਵੇਂ ਕਰਨ ਨੂੰ ਰੋਕਣ ਲਈ ਸਾਰਥਿਕ ਉਪਰਾਲੇ ਕਰੋਗੇ।
ਜੀ. ਕੇ. ਸਾਹਿਬ ਆਪ ਜੀ ਨੇ ਆਪਣੀ ਇੰਟਰਵੀਊ ਦੇ ਅੰਤ ਵਿੱਚ ਕਿਹਾ ਹੈ ਕਿ “ਸਾਡੇ ਸਿੱਖਾਂ ਦਾ ਭਵਿਖ ਬਹੁਤ ਸੁਨਹਿਰਾ ਹੈ, ਜੀ ਕੇ ਸਾਹਿਬ ਜਿਸ ਭਾਰਤ ਵਿੱਚ ਸਿਖਾਂ ਦਾ ਧਰਮ ਤੇ ਸਿੱਖ ਸਭਿਆਚਾਰ ਹੀ ਸੁਰੱਖਿਅਤ ਨਹੀਂ ਹੈ ਤੇ ਨਾ ਹੀ ਸਿੱਖਾਂ ਦੀ ਜਾਨ ਮਾਲ ਅਤੇ ਇਜਤ ਆਬਰੂ ਸੁਰੱਖਿਅਤ ਹੈ ਉਸ ਭਾਰਤ ਵਿੱਚ ਸਿੱਖਾਂ ਦਾ ਭਵਿਖ ਸੁਨਹਿਰੀ ਕਿਵੇਂ ਹੋ ਸਕਦਾ ਹੈ! ਦੱਸਣ ਦੀ ਕ੍ਰਿਪਾਲਤਾ ਕਰਨੀ ਜੀ। ਜਾਣੇ ਅਣਜਾਨੇ ਵਿੱਚ ਆਪ ਜੀ ਦੀ ਸ਼ਾਨ ਦੇ ਖਿਲਾਫ ਕੁਝ ਲਿਖਿਆ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ। ਆਪ ਜੀ ਦੇ ਜਵਾਬ ਦੇ ਉਡੀਕ ਵਿੱਚ।

ਗੁਰੂ ਪੰਥ ਦਾ ਦਾਸ,
ਮਹਿੰਦਰ ਸਿੰਘ ਖਹਿਰਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,