ਟੋਰਾਂਟੋ: ਕਨੇਡਾ ‘ਚ ਮਿਸੀਸਾਗਾ ਵਿਖੇ ਡਿਕਸੀ ਰੋਡ ਸਥਿਤ ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਦੇ 11 ਪ੍ਰਬੰਧਕਾਂ (ਬੋਰਡ ਆਫ਼ ਡਾਇਰੈਕਟਰਜ਼) ਦੀ ਚੋਣ ਬੀਤੇ ਦਿਨੀਂ (31 ਮਾਰਚ ਨੂੰ) ਹੋਈ ਜਿਸ ਵਿਚ ਮੌਜੂਦਾ ਪ੍ਰਬੰਧਕ ਦੀ ਮੁੜ ਚੁਣੇ ਗਏ। ਰੋਜਾਨਾਂ ਅਜੀਤ ਦੀ ਇਕ ਖਬਰ ਮੁਤਾਬਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਚੋਂ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਦੀ ਅਗਵਾਈ ਵਾਲੇ ਉਮੀਦਵਾਰ ਜੇਤੂ ਰਹੇ ਹਨ।
ਇਸ ਚੋਣ ਵਿਚ ਦੋ ਧਿਰਾਂ ਦੇ ਕੁਲ 22 ਉਮੀਦਵਾਰ ਮੈਦਾਨ ਵਿਚ ਸਨ ਜਿਨ੍ਹਾਂ ਵਿਚੋਂ ਡਾਇਰੈਕਟਰਜ਼ ਵਜੋਂ 11 ਦੀ ਚੋਣ ਕੀਤੀ ਜਾਣੀ ਸੀ।
ਸੰਗਤ ਵਿਚੋਂ ਓਂਟਾਰੀਓ ਖ਼ਾਲਸਾ ਦਰਬਾਰ ਦੇ ਮੈਂਬਰ ਬਣੇ ਤਕਰੀਨ ਸੈਂਤੀ ਸੌ ਸਿੱਖ ਵੋਟ ਪਾਉਣ ਦੇ ਯੋਗ ਸਨ। ਚੋਣ ਪ੍ਰਕਿਿਰਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਹੈ ਅਤੇ ਵੋਟਰਾਂ ਨੇ ਕਤਾਰਾਂ ਵਿਚ ਲੱਗ ਕੇ ਵੋਟਾਂ ਪਾਈਆਂ।
ਬੀਤੇ ਦਿਨਾਂ ਤੋਂ ਉੱਤਰੀ ਅਮਰੀਕਾ ਦੀਆਂ ਸਿੱਖ ਸੰਗਤਾਂ ਦੀ ਨਜ਼ਰ ਓਂਟਾਰੀਓ ਖ਼ਾਲਸਾ ਦਰਬਾਰ ਦੀ ਚੋਣ ਵੱਲ ਲੱਗੀ ਹੋਈ ਸੀ। ਗੁਰਦੁਆਰਾ ਸਾਹਿਬ ਵਿਚ ਦਿਨ ਭਰ ਸਿੱਖਾਂ ਦਾ ਭਾਰੀ ਇਕੱਠ ਰਿਹਾ ਅਤੇ ਪੰਥਕ ਜਜ਼ਬੇ ਦੀ ਗੱਲ ਚੱਲਦੀ ਰਹੀ।
ਤਿੰਨ ਮੈਂਬਰੀ ਚੋਣ ਕਮਿਸ਼ਨ (ਬਲਜਿੰਦਰ ਸਿੰਘ ਸੰਧੂ, ਸਤਿੰਦਰ ਕੌਰ ਜੌਹਲ, ਗੁਰਚਰਨ ਸਿੰਘ) ਦੀ ਅਗਵਾਈ ਵਿਚ ਸਵੇਰੇ ਸਾਢੇ ਕੁ ਨੌਂ ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਦੇਰ ਰਾਤ ਨੂੰ ਨਤੀਜੇ ਦਾ ਐਲਾਨ ਕੀਤਾ ਗਿਆ।
ਜਿੱਤ ਪ੍ਰਾਪਤ ਕਰਨ ਵਾਲਿਆਂ ਵਿਚ ਭੁਪਿੰਦਰ ਸਿੰਘ ਬਾਠ, ਪਰਮਜੀਤ ਸਿੰਘ ਗਿੱਲ, ਰਣਜੀਤ ਸਿੰਘ ਦੂਲੇ, ਹਰਭਜਨ ਸਿੰਘ ਪੰਡੋਰੀ, ਰਣਜੀਤ ਸਿੰਘ ਸੰਧੂ, ਗੁਰਮੇਜ ਸਿੰਘ, ਹਰਪਾਲ ਸਿੰਘ, ਮਨੋਹਰ ਸਿੰਘ, ਸਰਬਜੀਤ ਸਿੰਘ ਅਤੇ ਹਰਪਾਲ ਸਿੰਘ ਸ਼ਾਮਲ ਹਨ। ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਨੇ ਸੰਗਤ ਵਲੋਂ ਪ੍ਰਗਟਾਏ ਗਏ ਵਿਸ਼ਵਾਸ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਤਨਦੇਹੀ ਨਾਲ ਆਪਣੇ ਫ਼ਰਜ਼ ਨਿਭਾਉਣੇ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਸੇਵਾ ਦੇ ਚੱਲ ਰਹੇ ਕਾਰਜ ਨਿਰਵਿਘਨ ਜਾਰੀ ਰੱਖੇ ਜਾਣਗੇ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ।