ਚੰਡੀਗੜ੍ਹ: ਉਮਰ-ਕੈਦ ਦੇ ਕਾਨੂੰਨ ਤਹਿਤ ਬਣਦੀ ਮਿਆਦੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦਾ ਮਾਮਲਾ ਪਿਛਲੇ ਸਮੇਂ ਦੌਰਾਨ ਕਈ ਵਾਰ ਚਰਚਾ ਵਿਚ ਰਿਹਾ ਹੈ। ਹੁਣ ਇਕ ਵਾਰ ਫਿਰ ਇਸ ਮਸਲੇ ਉੱਤੇ ਸਰਗਰਮੀ ਤੇਜ ਹੈ।
ਬੀਤੇ ਦਿਨੀਂ ਇੰਡੀਆ ਦੀ ਕੇਂਦਰੀ ਸਰਕਾਰ ਵੱਲੋਂ ਸਿੱਖਾਂ ਦੀ ਅਖੌਤੀ ਕਾਲੀ ਸੂਚੀ ਖਤਮ ਕਰਨ ਬਾਰੇ (ਵਧੇਰੇ ਵੇਰਵਿਆਂ ਲਈ ਵੇਖੋ) ਕੀਤੇ ਗਏ ਐਲਾਨ ਤੋਂ ਬਾਅਦ ਵੱਖ-ਵੱਖ ਧੜਿਆਂ ਵੱਲੋਂ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਜਾ ਰਹੀ ਹੈ ਕਿ ਉਮਰ ਕੈਦ ਦੀ ਮਿਆਦੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਪੱਕੀ ਰਿਹਾਈ ਦਿੱਤੀ ਜਾਵੇ।
ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਬਾਬਾ ਹਰਨਾਮ ਸਿੰਘ ਅਤੇ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ 21 ਮੈਂਬਰੀ ਕਮੇਟੀ ਵੱਲੋਂ ਵੱਖਰੇ-ਵੱਖਰੇ ਤੌਰ ਉੱਤੇ ਇਕ ਚਿੱਠੀ ਇੰਡੀਆ ਦੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ ਦੇ ਨਾਲ 22 ਬੰਦੀ ਸਿੰਘਾਂ ਦੇ ਨਾਵਾਂ ਵਾਲੀ ਸੂਚੀ ਭੇਜੀ ਗਈ ਹੈ ਅਤੇ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।
ਖਬਰਾਂ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮਾਮਲੇ ਉੱਤੇ ਨਿਗ੍ਹਾ ਰੱਖ ਰਹੇ ਹਨ।
⊕ ਸੰਬੰਧਤ ਖਬਰ ਪੜ੍ਹੋ – ਦਮਦਮੀ ਟਕਸਾਲ (ਮਹਿਤਾ) ਨੇ 22 ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤੀ ਰਾਸ਼ਟਰਪਤੀ ਨੂੰ ਚਿੱਠੀ ਲਿਖੀ
ਅਸਾਰ ਹਨ ਕਿ ਗੁਰੂ ਨਾਨਕ ਪਾਤਿਸ਼ਾਹ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨਾਲ ਜੋੜ ਕੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘ ਦੇ ਕੁਝ ਮਾਮਲਿਆਂ ਵਿਚ ਐਲਾਨ ਕੀਤਾ ਜਾ ਸਕਦਾ ਹੈ।