ਵਿਦੇਸ਼

ਵਿਦੇਸ਼ਾਂ ਵਿੱਚ ਰਾਅ ਲਈ ਜਸੂਸੀ ਕਰਨ ਵਾਲੇ ‘ਬੁੱਕਲ ਦੇ ਸੱਪਾਂ’ ਨੂੰ ਪਹਿਚਾਣ ਕੇ ਨਿਕਾਰਨਾ ਸਮੇ ਦੀ ਮੁੱਖ ਲੋੜ

By ਸਿੱਖ ਸਿਆਸਤ ਬਿਊਰੋ

May 12, 2020

ਭਾਰਤ ਦੀ ਖੁਫੀਆ ਏਜੰਸੀ ‘ਰਿਸਰਚ ਐਂਡ ਅਨਾਇਲਸਿਸ ਵਿੰਗ’ (ਰਾਅ) ਲਈ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਤੇ ਕਸ਼ਮੀਰ ਵਾਸਤੇ ਸੰਘਰਸ਼ਸ਼ੀਲ ਆਗੂਆਂ ਦੀ ਜਾਸੂਸੀ ਕਰਨ ਦੇ ਦੋਸ਼ੀਆਂ ਉਪਰ ਜਰਮਨੀ ਵਿਚ ਮੁਕਦਮਾ ਚੱਲੇਗਾ।

ਪਿਛਲੇ ਸਮੇਂ ਵਿੱਚ ਜਰਮਨ ਦੀ ਫੈਡਰਲ ਖੁਫੀਆ ਏਜੰਸੀ ਨੇ ਜੋ ਚਾਰ ਕੇਸ ਸਾਹਮਣੇ ਲਿਆਂਦੇ ਹਨ ਉਹ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਤੇ ਜਸੂਸੀ ਕਰਨ ਵਾਲਿਆਂ ਦੇ ਟੈਲੀਫ਼ੋਨ ਰਿਕਾਰਡ ਕਰਨ ਕਰਕੇ ਹੀ ਸਾਹਮਣੇ ਆਏ ਹਨ। ਫੜ੍ਹੇ ਗਏ ਜਾਸੂਸ ਮੀਡੀਏ ਵਿੱਚ, ਪੱਤਰਕਾਰਤਾ ਤੇ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਜਥੇਬੰਦੀਆਂ ਵਿੱਚ ਰਹੇ ਜਾਂ ਉਹਨਾਂ ਦੇ ਸਿੱਖ ਜਥੇਬੰਦੀਆਂ ਨਾਲ ਨੇੜਲੇ ਸਬੰਧ ਹਨ।

ਇਹ ਜੋ ਜਾਸੂਸ ਫੜ੍ਹੇ ਗਏ ਹਨ ਇਹ ਜਿੱਥੇ ਜਾਸੂਸੀ ਲਈ ਰਾਅ ਦੇ ਅਧਿਕਾਰੀਆਂ ਤੋਂ ਜਾਸੂਸੀ ਬਦਲੇ ਤਨਖ਼ਾਹ ਦੇ ਰੂਪ ਜਾਂ ਭਾਰਤੀ ਸਫ਼ਾਰਤਖ਼ਾਨੇ ਵਾਲੇ ਜਰਮਨ ਵਿੱਚ ਰਹਿਣ ਵਾਲੇ ਭਾਰਤੀਮੂਲ ਦੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਨ ਲਈ ਪਾਸਪੋਰਟ, ਵੀਜ਼ੇ ਜਾਂ ਹੋਰ ਸਮੱਸਿਆਵਾਂ ਖੜ੍ਹੀਆਂ ਕਰਦੇ ਸਨ ਤੇ ਇਹ ਜਾਸੂਸ ਸੰਘਰਸ਼ਕਾਰੀ ਸਿੱਖਾਂ ਦੀ ਜਾਸੂਸੀ ਬਦਲੇ ਉਹਨਾਂ ਦੀਆਂ ਸਮੱਸਿਆਵਾਂ ਇਹਨਾਂ ਅਧਿਕਾਰੀਆਂ ਰਾਹੀਂ ਕੰਮ ਕਰਵਾਕੇ ਅੱਗੋਂ ਕੰਮ ਕਰਾਉਣ ਵਾਲਿਆ ਤੋਂ ਮੋਟੀਆਂ ਰਕਮਾਂ ਵਸੂਲ ਕਰਦੇ ਸਨ

ਪਿੱਛਲੇ ਸਾਲ ਜੋ ਜਰਮਨ ਦੇ ਸ਼ਹਿਰ ਫਰੈਂਕਫੋਰਟ ਵਿੱਚ ਜਾਸੂਸੀ ਕਰਨ ਵਾਲੇ ਜੋੜੇ ਦਾ ਕੇਸ ਚੱਲਿਆ ਉਸ ਵਿੱਚ ਜਰਮਨ ਦੀ ਫੈਡਰਲ ਖੁਫੀਆ ਏਜੰਸੀ ਦੇ ਇਸਪੈਕਟਰ ਰੈਂਕ ਦੇ ਅਧਿਕਾਰੀ ਨੇ ਅਦਾਲਤ ਵਿੱਚ ਜੱਜ ਦੇ ਸਾਹਮਣੇ ਜਿੱਥੇ ਫੜੇ ਜਾਸੂਸ ਦੇ ਸੰਬੰਧ ਵਿੱਚ ਆਪਣੇ ਬਿਆਨ ਦਰਜ ਕਰਵਾਏ ਉਥੇ ਉਸ ਨੇ ਭਾਰਤੀ ਖੁਫੀਆ ਏਜੰਸੀ ਰਾਅ ਦੇ ਕੰਮਾਂ ਬਾਰੇ ਖੁੱਲ ਕੇ ਦੱਸਿਆ ਕਿ ਉਹਨਾਂ ਵੱਲੋਂ ਕੀਤੀ ਤਹਿਕੀਕਾਤ ਅਨੁਸਾਰ ਰਾਅ ਦੇ ਅਮਰੀਕਾ, ਕਨੇਡਾ ਤੇ ਯੂਰਪ ਵਿੱਚ ਸੱਤ ਹਜ਼ਾਰ (7000) ਤੋਂ ਵੱਧ ਇਸ ਦੇ ਜਾਸੂਸ ਹਨ ਤੇ ਉਹਨਾਂ ਦਾ ਤਿੰਨ ਸੌ (300) ਮਿਲੀਆਨ ਡਾਲਰ ਦਾ ਬੱਜਟ ਹੈ

ਜਰਮਨ ਅਤੇ ਹੋਰਨਾਂ ਮੁਲਕਾਂ ਵਿੱਚ ਰਾਅ ਸਿੱਖ ਗੁਰਦੁਆਰਿਆਂ, ਸਿੱਖ ਜਥੇਬੰਦੀਆਂ ਤੇ ਪ੍ਰਭਾਵਸ਼ਲੀ ਸਿੱਖਾਂ ਦੀ ਜਾਸੂਸੀ ਕਰਾਉਂਦੇ ਹਨ। ਇਹ ਕੰਮ ਭਾਰਤੀ ਸਫਾਰਤਖਾਨਿਆਂ ਵਿੱਚ ਰਾਅ ਦੇ ਅਧਿਕਾਰੀ ਆਪਣੀ ਦੇਖ ਰੇਖ ਹੇਠ ਕਰਾਉਂਦੇ ਹਨ। ਜਰਮਨ ਵਿੱਚ ਜੋ ਪਹਿਲਾ ਜਾਸੂਸੀ ਦਾ ਕੇਸ ਸਾਹਮਣੇ ਆਇਆ ਸੀ ਉਸ ਵਿੱਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀ ਰਾਜ ਕੁਮਾਰ ਦੁੱਗਲ ਦਾ ਨਾਮ ਸਾਹਮਣੇ ਆਇਆ ਸੀ। ਇਸ ਕੇਸ ਵਿੱਚ ਤਿਵਾੜੀ ਤੇ ਪ੍ਰਭਾਵਕਰ ਨਾਮ ਦੇ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਏ ਸਨ ਜੋ ਕਿ ਨਾਮ ਸਾਹਮਣੇ ਆਉਣ ਤੋਂ ਬਾਅਦ ਇੱਥੋਂ ਵਾਪਸ ਭਾਰਤ ਜਾ ਚੁੱਕੇ ਹਨ।

ਫੈਡਰਲ ਖੁਫੀਆ ਏਜੰਸੀ ਦੇ ਅਧਿਕਾਰੀ ਦਾ ਇਹ ਵੀ ਕਹਿਣਾ ਸੀ ਕਿ ਇਹ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਆਪਣੇ ਜਸੂਸਾਂ ਰਾਹੀਂ ਦਖ਼ਲ ਅੰਦਾਜੀ ਵੀ ਕਰਵਾਉਦੇ ਹਨ। ਕਾਨੂੰਨ ਅਨੁਸਾਰ ਜੋ ਜਰਮਨ ਸਰਕਾਰ ਨਾਲ ਭਾਰਤ ਦੀ ਜਾਣਕਾਰੀ ਲੈਣ ਲਈ ਜੋ ਸੰਧੀ ਹੈ ਉਸ ਅਨੁਸਾਰ ਜੇਕਰ ਭਾਰਤ ਨੂੰ ਕਿਸੇ ਜਾਣਕਾਰੀ ਦੀ ਲੋੜ ਹੈ ਉਹ ਸਿਰਫ ਜਰਮਨ ਸਰਕਾਰ ਤੋਂ ਲੈ ਸਕਦੀ ਹੈ ਪਰ ਇਸ ਤਰਾਂ ਆਪਣੇ ਆਪ ਜਾਸੂਸੀ ਕਰਕੇ ਜਾਣਕਾਰੀ ਲੈਣੀ ਜਰਮਨ ਕਾਨੂੰਨ ਤੇ ਸੰਧੀ ਦੇ ਖ਼ਿਲਾਫ਼ ਹੈ। ਸਫ਼ਾਰਤਖ਼ਾਨਿਆਂ ਵਿੱਚ ਰਾਅ ਦੇ ਅਧਿਕਾਰੀਆਂ ਨੂੰ ਵੀ.ਆਈ.ਪੀ. ਡਿਪਲੋਮੈਟ ਦਾ ਰੈਂਕ ਹੋਣ ਕਰਕੇ ਉਹਨਾਂ ਉੱਤੇ ਕੇਸ ਚਲਾਉਣ ਵਾਸਤੇ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਜਦੋਂ ਤੱਕ ਕਿਸੇ ਭਾਰਤੀ ਅਧਿਕਾਰੀ ਦਾ ਨਾਮ ਸਾਹਮਣੇ ਆਉਂਦਾ ਹੈ ਭਾਰਤ ਸਰਕਾਰ ਉਸ ਨੂੰ ਵਾਪਸ ਭੇਜ ਦਿੰਦੀ ਹੈ।

⊕ ਸੰਬੰਧਤ ਖਬਰ ਪੜ੍ਹੋ – Another Indian Spy to Face Trial in Germany for Spying on Sikhs and Kashmiris

ਇਹ ਜੋ ਜਰਮਨ ਦੀ ਖੁਫੀਆ ਏਜੰਸੀ ਨੇ ਜਾਸੂਸੀ ਨੇ ਚਾਰ ਕੇਸ ਸਾਹਮਣੇ ਲਿਆਂਦੇ ਹਨ ਉਸ ਲਈ ਜਰਮਨ ਦੀ ਖੁਫੀਆ ਏਜੰਸੀ ਦਾ ਧੰਨਵਾਦ ਕਰਨਾ ਬਣਦਾ ਹੈ। ਬੇਸ਼ੱਕ ਉਹਨਾਂ ਦਾ ਅਜਿਹਾ ਕਰਨ ਵਿੱਚ ਆਪਣਾ ਸਵਾਰਥ ਹੋਵੇ ਪਰ ਉਹ ਆਪਣੇ ਦੇਸ਼ ਵਿੱਚ ਵੱਸਣ ਵਾਲਿਆਂ ਨੂੰ ਜਰਮਨ ਦੇ ਕਾਨੂੰਨ ਹੇਠ ਆਪਣੀ ਗੱਲ ਕਰਨ ਦੀ ਦਿੱਤੀ ਅਜ਼ਾਦੀ ਵਿੱਚ ਦੂਸਰਿਆਂ ਵੱਲ ਸਿੱਧੇ ਤੌਰਤੇ ਜਰਮਨ ਦੇ ਕਾਨੂੰਨ ਦੇ ਉਲਟ ਜਾਣ ਵਾਲੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਚੁੱਪ ਨਾ ਰਹਿ ਕੇ ਬਣਦੀ ਕਾਰਵਾਈ ਵੀ ਕਰਦੇ ਹਨ ਜੋ ਕਿ ਇਹਨਾਂ ਜਾਸੂਸਾਂ ਦੀ ਗ੍ਰਿਫਤਾਰੀ ਅਤੇ ਸਜ਼ਾ ਤੋਂ ਸਾਡੇ ਸਾਹਮਣੇ ਹੈ।

ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਸਮਰਪਿਤ ਆਗੂਆਂ ਨੂੰ ਇਹਨਾਂ ਕੇਸਾਂ ਨੂੰ ਮੁੱਖ ਰੱਖ ਕੇ ਚਿੰਤਨ ਕਰਨ ਦੀ ਲੋੜ ਹੈ ਕਿ ਜਰਮਨ ਦੇ ਵਿਰਲੇ ਕੁਝ ਕੁ ਗੁਰਦੁਆਰਾ ਸਾਹਿਬ ਨੂੰ ਛੱਡ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਾ ਆਪਣੇ ਆਪ ਨੂੰ ਪ੍ਰਭਾਵਸ਼ਾਲੀ ਸਿੱਖ ਸਮਝਣ ਵਾਲੇ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਦੇ ਪ੍ਰਭਾਵ ਹੇਠ ਜਾਂ ਉਹਨਾਂ ਦੇ ਜੀ ਹਜੂਰੀਏ ਬਣ ਕੇ ਚੱਲ ਰਹੇ ਹਨ। ਇਹ ਜੋ ਕੇਸ ਸਾਹਮਣੇ ਆਏ ਹਨ ਇਹਨਾਂ ਨਾਲ ਮਲੋਇ ਕ੍ਰਿਸ਼ਨਾ ਧਰ ਸਾਬਕਾ ਜਾਇੰਟ ਡਾਇਰੈਕਟਰ ਗੁਪਤਚਰ ਵਿਭਾਗ ਦੀ ਕਿਤਾਬ ‘ਖੁੱਲ੍ਹੇ ਭੇਦ’ ਵਿੱਚ ਲਿਖੀਆਂ ਗੱਲਾਂ ਉੱਪਰ ਮੋਹਰ ਲੱਗ ਗਈ ਹੈ ਕਿ ਭਾਰਤ ਦੀ ਮੰਨੂਵਾਦੀ ਹਕੂਮਤ ਨੇ ਚਾਣਕੀਆਂ ਨੀਤੀ ਦੇ ਤਹਿਤ ਸਾਮ, ਦਾਮ, ਭੇਦ, ਦੰਡ ਦੇ ਹਰ ਹੀਲੇ ਵਰਤ ਕੇ ਸਿੱਖ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਸਿੱਖ ਸੰਘਰਸ਼ ਬਾਰੇ ਸਿਧਾਂਤਿਕ ਅਗਿਆਨਤਾ ਜਾਂ ਨਿੱਜੀ ਹਿੱਤਾਂ ਦੀ ਖਾਤਿਰ ਸੰਘਰਸ਼ ਨੂੰ ਪਿੱਠ ਦੇ ਕੇ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਵਾਲੀ ਮੰਨੂਵਾਦੀ ਭਾਰਤੀ ਸਟੇਟ ਅੱਗੇ ਆਪਾ ਸਮਰਪਣ ਕਰਨ ਵਾਲੇ ਸ਼ੰਘਰਸ਼ਕਾਰੀ ਆਗੂਆਂ ਦਾ ਆਤਮ ਸਮਰਪਣ ਕਰਨਾ ਜਿੱਥੇ ਬੱਜਰ ਗੁਨਾਹ ਹੈ ਤੇ ਇਸ ਨਾਲ ਸੰਘਰਸ਼ ਦੀ ਚੱਲ ਰਿਹੀ ਲਹਿਰ ਨੂੰ ਘਾਟਾ ਤਾਂ ਪੈਦਾ ਹੀ ਹੈ ਉਥੇ ਈਰਖਾ, ਆਪਸੀ ਵਿਚਾਰਧਾਰਿਕ ਵਖਰੇਵਿਆਂ ਜਾਂ ਸਟੇਟ ਦੀਆ ਖੁਫੀਆ ਏਜੰਸੀਆਂ ਲਈ ਕੰਮ ਕਰਨ ਵਾਲਿਆਂ ਵੱਲੋਂ ਸਿੱਖ ਕੌਮ ਦੇ ਅਜ਼ਾਦ ਘਰ ਦੀ ਸਿਰਜਣਾ ਲਈ ਸਮਰਪਿਤ ਹੋ ਕੇ ਸੰਘਰਸ਼ੀਲ ਜਥੇਬੰਦੀਆਂ ਦੇ ਆਗੂਆਂ ਪ੍ਰਤੀ ਕੂੜ ਪ੍ਰਚਾਰ ਕਰਕੇ ਵੀ ਸੰਘਰਸ਼ ਦਾ ਨੁਕਸਾਨ ਤੇ ਜਾਲਮ ਸਟੇਟ ਦੇ ਪੱਖ ਵਿੱਚ ਹੀ ਭੁਗਤਣਾ ਹੁੰਦਾ ਹੈ ਜੋ ਕਿ ਅੱਜ ਪ੍ਰਤੱਖ ਸਭ ਦੇ ਸਾਹਮਣੇ ਹੋ ਰਿਹਾ ਹੈ।

ਸਾਡੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਿਵਾਉਣ ਵਾਲੇ ਗੁਰਸਿੱਖਾਂ ਨੂੰ ਨਿਮਰਤਾ ਸਹਿਤ ਦੋਨੋਂ ਹੱਥ ਜੋੜ ਕੇ ਅਪੀਲ ਹੈ ਕਿ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਸੁਪਨੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਗੁਰ ਤੇ ਸਿੱਖ ਇਤਿਹਾਸ ਤੋ ਸਿਧਾਂਤਿਕ ਸੇਧ ਲੈਂਦੇ ਹੋਏ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਬੁਕਲੇ ਵਿਚਲੇ ਸੱਪਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਸਿੱਖ ਸੰਘਰਸ਼ ਦਾ ਨੁਕਸਾਨ ਕਰਨ ਤੋਂ ਰੋਕੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: