May 7, 2011 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (7 ਮਈ, 2011): ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੇਂਦਰ ਸਰਕਾਰ ਬੇਸ਼ੱਕ ਯੂਪੀਏ ਦੀ ਹੋਵੇ ਜਾਂ ਐਨਡੀਏ ਦੀ ਉਹ ਹਮੇਸ਼ਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ ਪਰ ਹਰ ਗੱਲ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਦੱਸ ਕੇ ਸੁਰਖ਼ੁਰੂ ਹੋਣਾ ਆਪਣੀ ਨਾ-ਕਾਮਯਾਬੀ ਨੂੰ ਛੁਪਾਉਣ ਦੇ ਤੁਲ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ‘ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਹਰ ਗੱਲ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਦੱਸ ਕੇ ਬਾਦਲ ਦੋਸ਼ ਮੁਕਤ ਨਹੀਂ ਹੋ ਸਕਦਾ।
ਇਹ ਦੱਸਣ ਯੋਗ ਹੈ ਕਿ ਬੀਤੇ ਦਿਨ ਜਗਰਾਉਂ ਵਿਖੇ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਨਸ਼ਾਬੰਦੀ ਬੋਰਡ ਬਣਾਉਣ ਨੂੰ ਤਿਆਰ ਹੈ ਪਰ ਨਾਲ ਹੀ ਨਸ਼ਾ ਤਸਕਰੀ ਲਈ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਗਿਆ ਸੀ ਕਿ ਨਸ਼ਾ ਪੰਜਾਬ ਵਿੱਚ ਨਹੀਂ ਬਣਦਾ। ਸ: ਬਾਦਲ ਅਨੁਸਾਰ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਆਉਂਦੇ ਹਨ ਜਦਕਿ ਭੁੱਕੀ ਰਾਜਸਥਾਨ ਤੋਂ ਇੱਥੇ ਪਹੁੰਚਦੀ ਹੈ, ਇਸ ਨੂੰ ਬੰਦ ਕਰਵਾਉਣਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ। ਭਾਈ ਸਿਰਸਾ ਨੇ ਕਿਹਾ ਵੈਸੇ ਤਾਂ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਵੀ ਬਣਦੀ ਹੈ ਪਰ ਜੇ ਬਾਰਡਰਾਂ ‘ਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਪੂਰੀ ਦੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਨੂੰ ਹੀ ਦੋਸ਼ੀ ਮੰਨ ਲਿਆ ਜਾਵੇ ਤਾਂ ਸ: ਬਾਦਲ ਇਹ ਦੱਸਣ ਕਿ ਕੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਨਸ਼ੇ ਕੇਂਦਰ ਸਰਕਾਰ ਭੇਜ ਰਹੀ ਹੈ? ਭਾਈ ਸਿਰਸਾ ਨੇ ਕਿਹਾ ਕਿ 6 ਦਸੰਬਰ 2010 ਨੂੰ ਉਨ੍ਹਾਂ ਵਲੋਂ ਐਂਸਡੀਐਂਮ ਅਜਨਾਲਾ ਰਾਹੀਂ ਮੁੱਖ ਮੰਤਰੀ ਪੰਜਾਬ, ਜੇਲ੍ਹ ਮੰਤਰੀ ਪੰਜਾਬ, ਗਵਰਨਰ ਪੰਜਾਬ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮੈਮੋਰੰਡਮ ਭੇਜ ਕਿ ਮੰਗ ਕੀਤੀ ਗਈ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਆਦੀ ਬਣਾਉਣ ਲਈ ਪੰਜਾਬ ਵਿੱਚ ਵੱਡੇ ਪੱਧਰ ‘ਤੇ ਨਸ਼ਿਆਂ ਦੀ ਤਸਕਰੀ ਤਾਂ ਹੋ ਹੀ ਰਹੀ ਹੈ ਪੰਜਾਬ ਦੀਆਂ ਜੇਲ੍ਹਾਂ ਵੀ ਨਹੀਂ ਬਚੀਆਂ, ਜਿਥੇ ਕੋਈ ਵੀ ਪੈਸੇ ਖ਼ਰਚ ਕੇ ਬੜੀ ਆਸਾਨੀ ਨਾਲ ਮਨਪਸੰਦ ਨਸ਼ੇ ਲੈ ਸਕਦਾ ਹੈ। ਜੇਲ੍ਹ ਵਿੱਚ ਨਸ਼ੇ ਜੇਲ੍ਹ ਸਟਾਫ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਵਿਕ ਸਕਦੇ। ਇਸ ਲਈ ਜੇਲ੍ਹਾਂ, ਜਿਨ੍ਹਾਂ ਦਾ ਨਾਮ ਬੇਸ਼ੱਕ ਸੁਧਾਰ ਘਰ ਰੱਖ ਦਿੱਤਾ ਗਿਆ ਹੈ, ਵਿੱਚ ਵੀ ਨਸ਼ਿਆਂ ਦੀ ਖੁਲ੍ਹੇਆਮ ਵਿਕਰੀ ਇੱਕ ਗੰਭੀਰ ਵਿਸ਼ਾ ਹੈ। ਭਾਈ ਸਿਰਸਾ ਨੇ ਕਿਹਾ ਮੇਰੇ ਵਲੋਂ ਦਿੱਤੇ ਗਏ ਮੈਮੋਰੰਡਮ ‘ਤੇ ਕਾਰਵਾਈ ਕਰਦਿਆਂ 9 ਜਨਵਰੀ 2011 ਨੂੰ 5 ਮੈਜਿਸਟ੍ਰੇਟਾਂ, 10 ਸੀਨੀਅਰ ਪੁਲਿਸ ਅਫ਼ਸਰਾਂ ਅਤੇ 400 ਪੁਲਿਸ ਮੁਲਾਜਮਾਂ ਦੀ ਟੀਮ ਨੇ ਅੰਮ੍ਰਿਤਸਰ ਦੀ ਜੇਲ੍ਹ ਵਿਚ ਛਾਪਾ ਮਾਰ ਕੇ ਪੂਰੀ ਜੇਲ੍ਹ ਦੀ ਸਕਰੀਨਿੰਗ ਕੀਤੀ। 10 ਜਨਵਰੀ ਦੀਆਂ ਅਖ਼ਬਾਰਾਂ ਅਨੁਸਾਰ ਇਸ ਟੀਮ ਨੂੰ ਜੇਲ੍ਹ ਵਿਚੋਂ ਮੋਬਾਇਲ ਫ਼ੋਨ, ਭੁੱਕੀ ਤੇ ਹੋਰ ਨਸ਼ੀਲੇ ਪਦਾਰਥ ਫੜੇ ਗਏ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਕਾਹਨ ਸਿੰਘ ਪੰਨੂ ਦਾ ਬਿਆਨ ਛਪਿਆ ਕਿ ਜੇਲ੍ਹ ਸਟਾਫ਼ ਦੀ ਮਿਲੀ ਭੁਗਤ ਤੋਂ ਬਿਨਾਂ ਵੱਡੀ ਮਾਤਰਾ ਵਿੱਚ ਇਹ ਇਤਰਾਜਯੋਗ ਵਸਤੂਆਂ ਜੇਲ੍ਹ ਵਿੱਚ ਨਹੀਂ ਪਹੁੰਚ ਸਕਦੀਆਂ ਇਸ ਲਈ ਜੇਲ੍ਹ ਅਧਿਕਾਰੀ ਤੇ ਸਟਾਫ਼ ਵੀ ਜਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਭਾਈ ਸਿਰਸਾ ਨੇ ਕਿਹਾ ਕਿ ਇਸ ਦੇ ਬਾਵਯੂਦ ਅੱਜ ਤੱਕ ਕਿਸੇ ਜੇਲ੍ਹ ਮੁਲਾਜਮ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁੱਛਿਆ ਕੀ ਪੰਜਾਬ ਦੀਆਂ ਜੇਲ੍ਹਾਂ ਦਾ ਸਟਾਫ ਵੀ ਕੇਂਦਰ ਸਰਕਾਰ ਅਧੀਨ ਹੈ? ਜੇ ਨਹੀਂ ਤਾਂ ਸ: ਬਾਦਲ ਦੱਸਣ ਕਿ ਹੁਣ ਤੱਕ ਦੋਸ਼ੀ ਮੁਲਾਜਮਾਂ ਤੇ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੰਨੇ ਵੀ ਨਸ਼ਾ ਤਸਕਰ ਫੜੇ ਗਏ ਹਨ ਉਨ੍ਹਾਂ ਵਿੱਚ ਪੰਜਾਬ ਦੇ ਕੱਦਾਵਰ ਰਾਜਨੀਤਕ ਨੇਤਾਵਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਇਸੇ ਕਾਰਣ ਕਿਸੇ ਵਿਰੁਧ ਕੋਈ ਕਾਰਵਾਈ ਨਹੀਂ ਹੋਈ, ਜਿਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ। ਹਰ ਗੱਲ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਦੱਸ ਕੇ ਬਾਦਲ ਸਰਕਾਰ ਦੋਸ਼ ਮੁਕਤ ਨਹੀਂ ਹੋ ਸਕਦੀ।
Related Topics: Akali Dal Panch Pardhani, Badal Dal, Baldev Singh Sirsa