ਸਿਆਸੀ ਖਬਰਾਂ

ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ?

By ਸਿੱਖ ਸਿਆਸਤ ਬਿਊਰੋ

February 14, 2020

ਸ੍ਰੀ ਅੰਮ੍ਰਿਤਸਰ: 13 ਫਰਵਰੀ ਨੂੰ ਹੋਈ ਰਾਜਾਸਾਂਸੀ ਰੈਲੀ ਵਿੱਚ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਪੂਰੇ ਨਾ ਕਰੇ ਉਸ ਦੀ ਸਰਕਾਰ ਮੁਅੱਤਲ ਕਰ ਦਿੱਤੀ ਜਾਵੇ

ਵੱਡੇ ਬਾਦਲ ਨੇ ਇਹ ਗੱਲ ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਦੇ ਹਵਾਲੇ ਨਾਲ ਕੀਤੀ।

ਬਾਦਲ ਨੇ ਕਿਹਾ ਕਿ ਨੌਕਰੀਆਂ ਦੇਣ ਦਾ ਵਾਅਦਾ ਕਰਨ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਨੇ ਪੰਜਾਬ ਵਿੱਚ ਨੌਕਰੀਆਂ ਨਹੀਂ ਦਿੱਤੀਆਂ।

ਵਾਅਦੇ ਪੂਰੇ ਨਾ ਕਰਨ ਵਾਲੀ ਗੱਲ ਕਰਨ ਲੱਗਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਆਪ ਵੀ ਅਜਿਹਾ ਹੀ ਕਰਦੇ ਰਹੇ ਹਨ

1997 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਪੁਲੀਸ ਵਧੀਕੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਜਿਨ੍ਹਾਂ ਪੁਲਿਸ ਵਾਲਿਆਂ ਵਿਰੁੱਧ ਵਧੀਕੀਆਂ ਦੇ ਕੇਸ ਚੱਲ ਰਹੇ ਸਨ ਉਨ੍ਹਾਂ ਦਾ ਬਚਾਅ ਕਰਨ ਸਰਕਾਰੀ ਖਰਚੇ ਉੱਪਰ ਲਈ ‘ਲੀਗਲ ਸੈੱਲ’ ਬਣਾਇਆ ਗਿਆ।

ਸਾਲ 2007 ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਸਮਝੌਤਿਆਂ ਦਾ ਖਾਤਮਾ ਕਾਨੂੰਨ 2004 ਦੀ ਧਾਰਾ 5 ਰੱਦ ਕਰਨ ਦਾ ਵਾਅਦਾ ਕੀਤਾ ਗਿਆ ਸੀ।

2007 ਤੋਂ ਲੈ ਕੇ 2017 ਤੱਕ ਲਗਾਤਾਰ 10 ਸਾਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਰਹੀ। ਇਨ੍ਹਾਂ 10 ਸਾਲਾਂ ਦੌਰਾਨ ਧਾਰਾ 5 ਰੱਦ ਨਹੀਂ ਕੀਤੀ ਗਈ ਅਤੇ ਇਹ ਧਾਰਾ ਅੱਜ ਵੀ ਉਸੇ ਕਾਨੂੰਨ ਦਾ ਹਿੱਸਾ ਹੈ।

ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਵਾਅਦੇ ਪੂਰੇ ਨਾ ਕਰਨ ਵਾਲੀ ਪਾਰਟੀ ਦੀ ਸਰਕਾਰ ਭੰਗ ਕਰਨ ਦਾ ਕਾਨੂੰਨ ਬਣਾ ਦੇਣਾ ਚਾਹੀਦਾ ਹੈ ਤਾਂ ਇਹੀ ਕਹਿਣਾ ਬਣਦਾ ਹੈ ਕਿ ‘ਛੱਜ ਤਾਂ ਬੋਲੇ ਛਾਨਣੀ ਕੀ ਬੋਲੇ’?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: