23 ਅਕਤੂਬਰ 2018 ਦੇ ਅੰਗਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਵਿੱਚ ਚੰਡੀਗੜ੍ਹ ਵਿਚ ਬਰਤਾਨੀਆ ਦੇ ਸਫੀਰ ਐਂਡਰੀਊ ਏਰੀ ਦੀ ਇਕ ਸਵਾਲ-ਜਵਾਬ ਰੂਪ ਵਿੱਚ ਮੁਲਾਕਾਤ ਛਪੀ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪੰਜਾਬ ਦੀ ‘ਜਮੀਨੀ ਹਕੀਕਤ’ ਇਹ ਹੈ ਕਿ ਇੱਥੇ ਸਿੱਖਾਂ ਨਾਲ ਕੋਈ ਬਦਸਲੂਕੀ (ਮਿਸਟਰੀਟਮੈਂਟ) ਨਹੀਂ ਹੋ ਰਹੀ ਤੇ ਹੁਣ ਹਾਲਾਤ 30 ਸਾਲ ਪਹਿਲਾਂ ਵਰਗੇ ਨਹੀਂ ਹਨ। ਅਖਬਾਰ ਦੇ ਪੱਤਰਕਾਰ ਵਿਨੋਦ ਕੁਮਾਰ ਦੇ ਨਾਂ ਹੇਠ ਛਪੀ ਇਸ ਗੱਲਬਾਤ ਵਿੱਚ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਐਂਡਰੀਊ ਏਰੀ ਨੇ ਕਿਹਾ ਹੈ ਕਿ ਉਸਨੇ ਬੀਤੇ ਦਿਨੀਂ ਸਿੱਖ ਫੈਡਰੇਸ਼ਨ ਯੂ. ਕੇ., ਸਿਟੀ ਸਿੱਖਸ ਅਤੇ ਨਿਸ਼ਕਾਮ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਕੁਝ ਨੌਜਵਾਨਾਂ ਨਾਲ ਗੱਲਬਾਤ ਕੀਤੀ ਸੀ ਜਿਸ ਵਿੱਚ ਉਹਨੇ ਬਰਤਾਨੀਆ ਰਹਿੰਦੇ ਸਿੱਖਾਂ ਨੂੰ ਦੱਸਿਆ ਕਿ ਪੰਜਾਬ ਦੇ ਅੱਜ ਦੇ ਹਾਲਾਤ 30 ਸਾਲ ਪਹਿਲਾਂ ਨਾਲੋਂ ਬਿਲਕੁਲ ਬਦਲ ਚੁੱਕੇ ਹਨ ਪਰ ਸਿੱਖਾਂ ਵਿੱਚ ਹਾਲਾਤ ਦੀ ਉਹੀ ਪੁਰਾਣੀ ਛਵੀ ਪਰਚੱਲਤ ਹੈ। ਉਸਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਕੋਈ ਵੀ ਸਬੂਤ ਨਜ਼ਰ ਨਹੀਂ ਆਉਂਦਾ ਕਿ ਭਾਰਤ ਵਿੱਚ ਸਿੱਖਾਂ ਨਾਲ ਕੋਈ ਬਦਸਲੂਕੀ ਹੁੰਦੀ ਹੈ। ਉਹਨੇ ਕਿਹਾ ਕਿ ‘ਮੈਂ ਲੋਕਾਂ ਨਾਲ ਜਮੀਨੀ ਹਕੀਕਤ ਸਾਂਝੀ ਕੀਤੀ’।
ਬਰਤਾਨਵੀ ਸਫੀਰ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਉਹਨੇ ਰਫਰੈਂਡਮ 2020 ਬਾਰੇ ਵੀ ਗੱਲਬਾਤ ਕੀਤੀ ਸੀ ਅਤੇ ਕਿਹਾ ਹੈ ਕਿ ਸਿੱਖਾਂ ਲਈ ਭਾਰਤ ਵਿਚੋਂ ਵੱਖਰਾ ਰਾਜ ਲੈਣ ਲਈ ਕੋਈ ਕਾਨੂੰਨੀ ਅਧਾਰ ਨਹੀਂ ਹੈ ਕਿਉਂਕਿ ਭਾਰਤੀ ਸੰਵਿਧਾਨ ਵਿੱਚ ਰਫਰੈਂਡਮ ਬਾਰੇ ਕੋਈ ਮੱਦ ਨਹੀਂ ਹੈ। ਉਹਨੇ ਕਿਹਾ ਕਿ ਇੰਗਲੈਂਡ ਨੇ ਰਫਰੈਂਡਮ 2020 ਬਾਰੇ ਲੰਡਨ ਵਿੱਚ ਹੋਈ 12 ਅਗਸਤ ਵਾਲੀ ਇਕੱਤਰਤਾ ਨਹੀਂ ਰੋਕੀ ਕਿਉਂਕਿ ਬਰਤਾਨੀਆਂ ਵਿੱਚ ਬੋਲਣ ਦੀ ਅਜ਼ਾਦੀ ਹੈ ਪਰ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਅਜ਼ਾਦੀ ਸਿਰਫ ਬੋਲਣ ਦੀ ਹੈ ਕਰਨ ਦੀ ਕੋਈ ਅਜ਼ਾਦੀ ਨਹੀਂ ਹੈ ਤੇ ਜੇਕਰ ਕਿਸੇ ਵੱਲੋਂ ਕੀਤੇ ਕੰਮ ਨਾਲ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਤਾਂ ਉਸ ਖਿਲਾਫ ਜਰੂਰ ਕਾਰਵਾਈ ਹੋਵੇਗੀ। ਬਰਤਾਨਵੀ ਸਫੀਰ ਨੇ ਕਿਹਾ ਕਿ ਇੰਗਲੈਂਡ ਵਿੱਚ ਸਿੱਖਾਂ ਦੇ ਘਰਾਂ ਤੇ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਬਾਰੇ ਉਸ ਨੇ ਸਿੱਖ ਨੁਮਾਇੰਦਿਆਂ ਨੂੰ ਦੱਸ ਦਿੱਤਾ ਸੀ ਕਿ ਇਹ ਪੁਲਿਸ ਦੀ ਕਾਰਵਾਈ ਹੈ ਤੇ ਇਸ ਵਿੱਚ ਇੰਗਲੈਂਡ ਜਾਂ ਭਾਰਤ ਦੀ ਸਰਕਾਰ ਦਾ ਕੋਈ ਦਖਲ ਨਹੀਂ ਹੈ।
ਬਰਤਾਨਵੀ ਸਫੀਰ ਵੱਲੋਂ ਕਹੀਆਂ ਜੋ ਗੱਲਾਂ ਅਖਬਾਰ ਵਿੱਚ ਛਪੀਆਂ ਹਨ ਉਹਨਾਂ ਨੂੰ ਪੜ੍ਹ ਕੇ ਪਹਿਲੀ ਨਜ਼ਰੇ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਸਿੱਖਾਂ ਦੇ ਮਾਮਲਿਆਂ ਵਿੱਚ ਭਾਰਤ ਸਰਕਾਰ ਦੀ ਬੋਲੀ ਬੋਲ ਰਿਹਾ ਹੈ। ਜਿਵੇਂ ਭਾਰਤ ਸਰਕਾਰ ਨੂੰ ਆਪਣੇ ਵੱਲੋਂ ਸਿੱਖਾਂ ਉੱਤੇ ਕੀਤੇ ਜਾਂਦੇ ਜ਼ਬਰ ਤੇ ਜੁਲਮ ਨਜ਼ਰ ਨਹੀਂ ਆਉਂਦੇ ਓਵੇਂ ਹੀ ਬਰਤਾਨਵੀ ਸਫੀਰ ਨੂੰ ਵੀ ਅਜਿਹਾ ਕੁਝ ਨਹੀਂ ਦਿਸ ਰਿਹਾ। ਬਰਤਾਨਵੀ ਸਫੀਰ ਨੇ ਜਿਸ ਕਾਰਜਕਾਲ ਦੌਰਾਨ ‘ਜ਼ਮੀਨੀ ਹਕੀਕਤਾਂ’ ਨੂੰ ਬੁੱਝ ਲੈਣ ਦਾ ਦਾਅਵਾ ਕੀਤਾ ਹੈ ਇਹ ਉਹੀ ਸਮਾਂ ਹੈ ਜਦੋਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖਾਂ ਨੂੰ ਹਿਰਦਿਆਂ ਨੂੰ ਚਾਕ ਕੀਤਾ ਅਤੇ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਸਿੱਖਾਂ ਦਾ ਸਰਕਾਰ ਵੱਲੋਂ ਖੂਨ ਡੋਹਲਿਆ ਗਿਆ। ਹੁਣ ਜੇਕਰ ਬਰਤਾਨਵੀ ਸਫੀਰ ਨੂੰ ਏਨਾ ਵੱਡਾ ਵਰਤਾਰਾ ਨਹੀਂ ਦਿਸ ਰਿਹਾ ਤਾਂ ਸਿੱਖਾਂ ਨਾਲ ਹੁੰਦੀਆਂ ਹੋਰਨਾਂ ਵਧੀਕੀਆਂ ਤੇ ਬੇਇਨਸਾਫੀਆਂ ਨੂੰ ਵੇਖ ਲੈਣ ਦੀ ਉਮੀਦ ਉਸ ਕੋਲੋਂ ਨਹੀਂ ਕੀਤੀ ਜਾ ਸਕਦੀ। 30 ਸਾਲ ਪਹਿਲਾਂ ਦਾ ਹਵਾਲਾ ਦੇ ਕੇ ਐਂਡਰਿਊ ਏਰੀ ਇਹ ਕਹਿਣਾ ਚਾਹੁੰਦਾ ਹੈ ਕਿ ਹਾਲਾਤ ਹੁਣ 1984 ਵਰਗੇ ਨਹੀਂ ਹਨ ਜਦੋਂ ਕਿ ਸਿੱਖਾਂ ਦਾ ਖੁੱਲ੍ਹੇਆਮ ਸ਼ਿਕਾਰ ਖੇਡਿਆ ਜਾ ਰਿਹਾ ਸੀ ਪਰ ਇਨਸਾਫ ਤੋਂ ਇਨਕਾਰ ਆਪਣੇ ਆਪ ਵਿੱਚ ਹੀ ਲਗਾਤਾਰਤਾ ਨਾਲ ਕੀਤਾ ਜਾਣ ਵਾਲਾ ਜੁਲਮ ਹੀ ਹੁੰਦਾ ਹੈ ਤੇ ਇਹ ਜੁਲਮ ਭਾਰਤ ਵਿੱਚ ਸਿੱਖਾਂ ਨਾਲ 1984 ਹੀ ਨਹੀਂ ਬਲਕਿ 1947 ਤੋਂ ਹੀ ਲਗਾਤਾਰ ਹੋ ਰਿਹਾ ਹੈ।
ਐਂਡਰਿਊ ਏਰੀ ਵੱਲੋਂ ਭਾਰਤੀ ਅਖਬਾਰ ਨਾਲ ਕੀਤੀ ਗਈ ਗੱਲਬਾਤ ਉੱਤੇ ਸਿੱਖ ਫੈਡਰੇਸ਼ਨ ਯੂ.ਕੇ. ਨੇ ਮੁੱਢਲੀ ਪ੍ਰਤੀਕਿਿਰਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਬਰਤਾਨਵੀ ਸਫੀਰ ਵੱਲੋਂ ਕੀਤੀ ਗੱਲਬਾਤ ਝੂਠ ਦਾ ਪੁਲੰਦਾ ਹੈ ਕਿਉਂਕਿ ਉਸ ਗੱਲਬਾਤ ਵਿੱਚ ਬਿਆਨੇ ਗਏ ਅੱਧੋਂ ਵੱਧ ਮਸਲੇ ਬਰਤਾਨਵੀ ਸਫੀਰ ਦੀ ਬਰਤਾਨਵੀ ਸਿੱਖ ਜਥੇਬੰਦੀਆਂ ਨਾਲ ਹੋਈ ਗੱਲਬਾਤ ਵਿੱਚ ਵਿਚਾਰੇ ਹੀ ਨਹੀਂ ਸਨ ਗਏ ਅਤੇ ਜਿਹੜੇ ਵਿਚਾਰੇ ਗਏ ਸਨ ਉਹ ਅਖਬਾਰ ਵਾਲੀ ਗੱਲਬਾਤ ਵਿੱਚ ਲੁਕਾ ਲਏ ਗਏ ਹਨ। ਫੈਡਰੇਸ਼ਨ ਦਾ ਕਹਿਣਾ ਹੈ ਕਿ ਬਰਤਾਨਵੀ ਸਫੀਰ ਨੇ ਸਿਰਫ ਭਾਰਤ ਸਰਕਾਰ ਨੂੰ ਚੱਗੀਆਂ ਲੱਗਣ ਵਾਲੀਆਂ ਗੱਲਾਂ ਹੀ ਕੀਤੀਆਂ ਹਨ ਤੇ ਬਰਤਾਨੀਵੀ ਸਫੀਰ ਤੇ ਸਿੱਖਾਂ ਵਿੱਚ ਹੋਈ ਗੱਲਬਾਤ ਦਾ ਪੂਰਾ ਸੱਚ, ਜੋ ਕਿ ਹੁਣ ਉਹ ਆਪ ਸਾਹਮਣੇ ਲੈ ਕੇ ਆਵੇਗੀ, ਤੋਂ ਬਰਤਾਨੀਆ ਤੇ ਭਾਰਤ ਦੋਵਾਂ ਨੂੰ ਹੀ ਤਕਲੀਫ ਹੋਵੇਗੀ।