ਬਠਿੰਡਾ: ਬਠਿੰਡਾ ਪੁਲਿਸ ਨੇ ਜੰਮੂ ਕਸ਼ਮੀਰ ਦੇ ਗ੍ਰਿਫਤਾਰ ਕੀਤੇ ਨੌਜਵਾਨ ਕਮਲਜੀਤ ਸਿੰਘ ਉਰਫ਼ ਰਿੰਕੂ ਖ਼ਿਲਾਫ਼ ਦੇਸ਼ ਧ੍ਰੋਹ ਤੇ ਦੰਗੇ ਭੜਕਾਉਣ ਦਾ ਕੇਸ ਦਰਜ ਕੀਤਾ ਹੈ ਪਰ ਬਠਿੰਡਾ ਜ਼ੋਨ ਦੇ ਆਈਜੀ ਨੇ ਉਸ ਨੂੰ ‘ਹਥਿਆਰਾਂ ਦਾ ਤਸਕਰ’ ਦੱਸਿਆ ਹੈ। ਪੁਲਿਸ ਨੇ ਜੰਮੂ ਕਸ਼ਮੀਰ ਦੇ ਪਿੰਡ ਜਸਰੋਟਾ (ਕਠੂਆ) ਦੇ ਕਮਲਜੀਤ ਸਿੰਘ ਉਰਫ ਰਿੰਕੂ ਨੂੰ 23 ਅਕਤੂਬਰ ਨੂੰ ਚੀਨ ਦੇ ਬਣੇ .30 ਬੋਰ ਦੇ ਅੱਠ ਪਿਸਤੌਲਾਂ ਅਤੇ ਸੌ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਨੇ ਦੱਸਿਆ ਹੈ ਕਿ ਰਿੰਕੂ ’ਤੇ ਧਾਰਾ 124 ਏ, 153 ਏ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ, ਜਦ ਕਿ ਧਾਰਾ 124 ਏ ਦਾ ਸਬੰਧ ਦੇਸ਼ ਧ੍ਰੋਹ ਨਾਲ ਅਤੇ ਧਾਰਾ 153 ਏ ਦਾ ਸਬੰਧ ਦੰਗੇ ਤੇ ਹਿੰਸਾ ਭੜਕਾਉਣ ਨਾਲ ਹੈ। ਬਠਿੰਡਾ ਜ਼ੋਨ ਦੇ ਆਈਜੀ ਐਸ.ਕੇ. ਅਸਥਾਨਾ ਨੇ ਕੱਲ੍ਹ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਕਮਲਜੀਤ ਰਿੰਕੂ ਛੇ ਸਾਲਾਂ ਤੋਂ ਜੰਮੂ ਕਸ਼ਮੀਰ ’ਚੋਂ ਪਿਸਤੌਲ ਲਿਆ ਕੇ ਪੰਜਾਬ ਵਿੱਚ ਵੇਚ ਰਿਹਾ ਹੈ ਅਤੇ ਉਹ ਹਥਿਆਰਾਂ ਦਾ ਤਸਕਰ ਹੈ।
ਪੁਲਿਸ ਨੇ ਇਸ ਗ੍ਰਿਫ਼ਤਾਰੀ ਅਤੇ ਬਰਾਮਦਗੀ ਨੂੰ ਖਾਲਿਸਤਾਨੀ ਸੰਘਰਸ਼ ਨਾਲ ਜੁੜੀ ਹੋਣ ਤੋਂ ਇਨਕਾਰ ਕੀਤਾ ਹੈ, ਜਦੋਂ ਕਿ ਪਿਛਲੇ 2 ਦਿਨਾਂ ਤੋਂ ਉਸ ਦਾ ਸਬੰਧ ਖਾਲਿਸਤਾਨੀ ਜਥੇਬੰਦੀਆਂ ਨਾਲ ਦੱਸਿਆ ਜਾ ਰਿਹਾ ਸੀ। ਆਈਜੀ ਨੇ ਦੱਸਿਆ ਕਿ ਸੰਗਤ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਰੌਕੀ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਉਸ ਦਾ ਦੋਸਤ ਵੀਰਬੰਤ ਕੁੱਝ ਵਰ੍ਹੇ ਪਹਿਲਾਂ ਵਿਆਹ ਵਿੱਚ ਕਲਮਜੀਤ ਰਿੰਕੂ ਨੂੰ ਮਿਲੇ ਸਨ, ਜਿਸ ਕੋਲ ਉਨ੍ਹਾਂ ਹਥਿਆਰ ਖਰੀਦਣ ਦੀ ਇੱਛਾ ਰੱਖੀ ਸੀ। ਉਸ ਮਗਰੋਂ ਰਿੰਕੂ ਨੇ ਉਨ੍ਹਾਂ ਦੀ ਸ੍ਰੀਨਗਰ ਦੇ ਫ਼ਲ ਵਪਾਰੀ ਨਾਲ ਮੁਲਾਕਾਤ ਕਰਵਾਈ ਸੀ।
ਰਿੰਕੂ ਡੇਢ ਤੋਂ ਦੋ ਲੱਖ ਰੁਪਏ ਵਿੱਚ ਪਿਸਤੌਲ ਖ਼ਰੀਦ ਕੇ ਅੱਗੋਂ ਢਾਈ ਤੋਂ ਤਿੰਨ ਲੱਖ ਰੁਪਏ ਵਿੱਚ ਵੇਚਦਾ ਸੀ। ਰਿੰਕੂ ਪ੍ਰਾਪਰਟੀ ਡੀਲਰ ਤੇ ਟਰਾਂਸਪੋਰਟ ਏਜੰਟ ਵੀ ਰਿਹਾ ਹੈ। ਆਈਜੀ ਨੇ ਫ਼ਲ ਵਪਾਰੀ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ। ਰੌਕੀ ਦੇ ਦੋਸਤ ਵੀਰਬੰਤ ਸਿੰਘ ‘ਤੇ ਪਹਿਲਾਂ ਅਸਲਾ ਐਕਟ ਤਹਿਤ ਕੋਈ ਕੇਸ ਦਰਜ ਨਹੀਂ ਹੈ ਅਤੇ ਉਸ ਖ਼ਿਲਾਫ ਨਸ਼ੀਲੇ ਪਦਾਰਥਾਂ ਦੇ ਕੇਸ ਦਰਜ ਹਨ।
ਸੰਬੰਧਤ ਖ਼ਬਰ: ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਕਮਲਦੀਪ ਸਿੰਘ ਉਰਫ ਰਿੰਕੂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ …