ਪੰਜਾਬ ਦੀ ਰਾਜਨੀਤੀ

ਹੁਣ ‘ਆਪ’ ਵਿਧਾਇਕ ਯਾਦਵ ਨੂੰ ਪੁੱਛਗਿੱਛ ਲਈ ਸੰਗਰੂਰ ਸੱਦਿਆ; ਕਈ ਨਵੇਂ ਚਿਹਰੇ ਸਾਹਮਣੇ ਆਉਣ ਦੀ ਸੰਭਾਵਨਾ

By ਸਿੱਖ ਸਿਆਸਤ ਬਿਊਰੋ

July 07, 2016

ਸੰਗਰੂਰ: 24 ਜੂਨ ਨੂੰ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਵਿਜੈ ਕੁਮਾਰ ਦਾ ਪੋਲੀਗਰਾਫ਼ੀ ਟੈਸਟ ਜੋ ਅੱਜ (7 ਜੁਲਾਈ) ਨੂੰ ਦਿੱਲੀ ਵਿਖੇ ਸੀ.ਬੀ.ਆਈ. ਦੀ ਲੈਬਾਰਟਰੀ ਵਿਚ ਹੋਣਾ ਸੀ, ਹੁਣ ਅੱਗੇ ਪਾ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਪ੍ਰਿਤਪਾਲ ਸਿੰਘ ਥਿੰਦ ਨੇ ਮੀਡੀਆ ਨੂੰ ਦੱਸਿਆ ਕਿ ਦਿੱਲੀ ਵਿਚ ਈਦ ਦੀ ਛੁੱਟੀ ਹੋਣ ਕਾਰਨ ਅਜਿਹਾ ਕੀਤਾ ਗਿਆ ਹੈ ਅਤੇ ਹੁਣ ਨਵੀਂ ਤਰੀਕ ਲੈਣ ਲਈ 8 ਜੁਲਾਈ ਨੂੰ ਇਸ ਟੈਸਟ ਦੀ ਪ੍ਰਵਾਨਗੀ ਲਈ ਸੀ.ਬੀ.ਆਈ. ਨੂੰ ਮੁੜ ਅਰਜ਼ੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਇਸ ਕੇਸ ‘ਚ ਦਿੱਲੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਨਰੇਸ਼ ਯਾਦਵ ਦੀ ਅਗਲੀ ਪੁੱਛਗਿੱਛ ਦੀ ਨਵੀਂ ਤਰੀਕ ਵੀ ਬਾਅਦ ਵਿਚ ਨਿਸ਼ਚਿਤ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਨਰੇਸ਼ ਯਾਦਵ ਲਈ 100 ਸਵਾਲ ਤਿਆਰ ਕੀਤੇ ਸਨ ਜਿਨ੍ਹਾਂ ਵਿਚੋਂ 35 ਪੁੱਛੇ ਜਾ ਸਕੇ ਹਨ ਅਤੇ ਬਾਕੀ ਰਹਿੰਦੇ ਸਵਾਲਾਂ ਲਈ ਉਸ ਨੂੰ ਸੰਗਰੂਰ ਬੁਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਖੇ ਨਰੇਸ਼ ਯਾਦਵ ਅਤੇ ਵਿਜੈ ਕੁਮਾਰ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛ ਗਿੱਛ ਕੀਤੀ ਗਈ ਜਿਸ ਦੌਰਾਨ ਵਿਜੈ ਕੁਮਾਰ ਨੇ ਨਰੇਸ਼ ਯਾਦਵ ਨੂੰ ਆਪਣੀ ਮੁਲਾਕਾਤ ਦੀ ਹਰ ਗੱਲ ਯਾਦ ਕਰਵਾਉਣ ਦਾ ਯਤਨ ਕੀਤਾ। ਨਰੇਸ਼ ਯਾਦਵ ਨੇ ਮੁਲਾਕਾਤ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਅਤੇ ਇਹ ਵੀ ਮੰਨਿਆ ਕਿ ਉਸ ਦੇ ਵਿਜੈ ਕੁਮਾਰ ਨਾਲ ਸਬੰਧ ਹਨ ਪਰ ਮਲੇਰਕੋਟਲਾ ਕਾਂਡ ਵਿਚ ਹੱਥ ਹੋਣ ਤੋਂ ਨਾਂਹ ਕੀਤੀ।

ਵਿਜੈ ਕੁਮਾਰ ਨੇ ਦੱਸਿਆ ਕਿ ਉਸ ਨੇ ਪੰਜਾਬ ਆਉਣ ਤੋਂ ਪਹਿਲਾਂ ਨਰੇਸ਼ ਯਾਦਵ ਨਾਲ ਮੀਟਿੰਗ ਕੀਤੀ ਸੀ ਜਿਸ ਨੂੰ ਨਰੇਸ਼ ਯਾਦਵ ਨੇ ਸਵੀਕਾਰ ਕੀਤਾ ਪਰ ਨਾਲ ਹੀ ਇਹ ਕਿਹਾ ਕਿ ਇਸ ਮੀਟਿੰਗ ਵਿਚ ਸਾਧਾਰਨ ਗੱਲਾਂ ਹੋਈਆਂ ਸਨ, ਮਲੇਰਕੋਟਲਾ ਕਾਂਡ ਬਾਰੇ ਕੋਈ ਗੱਲ ਨਹੀਂ ਹੋਈ। ਵਿਜੈ ਕੁਮਾਰ ਨੇ ਪੰਜਾਬ ਆਉਣ ਤੋਂ ਕੁੱਝ ਦਿਨ ਪਹਿਲਾਂ ਕਿਸੇ ਹੋਰ ਦੇ ਨਾਂਅ ‘ਤੇ ਨਵੀਂ ਕਾਰ ਖ਼ਰੀਦੀ ਸੀ ਅਤੇ ਉਸ ਕਾਰ ‘ਤੇ ਪੰਜਾਬ ਪਹੁੰਚਿਆ ਸੀ। ਦਿੱਲੀ ਤੋਂ ਲੈ ਕੇ ਰਸਤੇ ਵਿਚ ਵੱਖ-ਵੱਖ ਟੋਲ ਪਲਾਜਿਆਂ ਤੋਂ ਲੰਘਣ ਅਤੇ ਸਮੇਂ ਦੇ ਸਬੂਤ ਲੈ ਲਏ ਗਏ ਹਨ ਪਰ ਉਹ ਚੁਸਤੀ ਨਾਲ ਆਪਣਾ ਮੋਬਾਈਲ ਫ਼ੋਨ ਨਾਲ ਨਹੀਂ ਲੈ ਕੇ ਆਇਆ ਤਾਂ ਜੋ ਉਸ ਦੀ ਲੋਕੇਸ਼ਨ ਪਤਾ ਨਾ ਲੱਗ ਸਕੇ।

ਨਰੇਸ਼ ਯਾਦਵ ਅਤੇ ਵਿਜੈ ਕੁਮਾਰ ਵਿਚਕਾਰ ਟੈਲੀਫ਼ੋਨ ‘ਤੇ ਹੋਈ ਗੱਲਬਾਤ ਬਾਰੇ ਨਰੇਸ਼ ਯਾਦਵ ਨੇ ਮੰਨਿਆ ਕਿ ਗੱਲਬਾਤ ਦੌਰਾਨ ਕੋਈ ਗ਼ਲਤ ਗੱਲ ਨਹੀਂ ਕੀਤੀ ਗਈ ਅਤੇ ਐਸ. ਐਮ.ਐਸ. ਨਸ਼ਟ ਕਰ ਦਿੱਤੇ ਗਏ ਹਨ। ਥਿੰਦ ਨੇ ਦੱਸਿਆ ਕਿ ਇਸ ਕੇਸ ਵਿਚ ਕਈ ਹੋਰ ਚਿਹਰੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਵਿਜੈ ਕੁਮਾਰ ਨੂੰ ਜਦ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਦੀ ਰਿਹਾਇਸ਼ ਤੋਂ ਇੱਕ ਘਰੇਲੂ ਕੰਮ ਕਾਜ ਕਰਨ ਵਾਲੀ ਕਲਪਨਾ ਨਾਂਅ ਦੀ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਪੁੱਛਗਿੱਛ ਉਪਰੰਤ ਉਸ ਦੀ ਇਸ ਕੇਸ ਵਿਚ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਜਿਸ ਕਾਰਨ ਪੁਲਿਸ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ ਪਰ ਫ਼ਿਲਹਾਲ ਉਸ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: