March 3, 2012 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, ਪੰਜਾਬ (1 ਮਾਰਚ, 2012): ਨਵੰਬਰ 1984 ਸਿਖ ਨਸਲਕੁਸ਼ੀ ਵਿਚ ਆਪਣੀ ਭੂਮਿਕਾ ਲਈ ਬੇਕਸੂਰ ਹੋਣ ਦੇ ਬਚਨ ਵਲੋਂ ਕੀਤੇ ਜਾ ਰਹੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਬਚਨ ਨੂੰ ਲਲਕਾਰਿਆ ਹੈ ਕਿ ਆਪਣੇ ਬੇਕਸੂਰ ਹੋਣ ਦੇ ਦਾਅਵੇ ਨੂੰ ਟੀ. ਵੀ. ’ਤੇ ਸਿਖ ਭਾਈਚਾਰੇ ਅੱਗੇ ਪੇਸ਼ ਕਰੇ। ਜਥੇਬੰਦੀ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਫੈਡਰੇਸ਼ਨ ਬੀਬੀ ਜਗਦੀਸ਼ ਕੌਰ ਤੇ ਬਾਬੂ ਸਿੰਘ ਦੁਖੀਆ ਨੂੰ ਪੇਸ਼ ਕਰੇਗੀ ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ‘ਖੂਨ ਕਾ ਬਦਲਾ ਖੂਨ’ ਦੇ ਨਾਅਰੇ ਲਗਾਉਂਦਿਆਂ ਬਚਨ ਨੂੰ ਦੂਰਦਰਸ਼ਨ ’ਤੇ ਵੇਖਿਆ ਸੀ। ਪੀਰ ਮੁਹੰਮਦ ਨੇ ਕਿਹਾ ਕਿ ਚਸ਼ਮਦੀਦ ਗਵਾਹ ਇਸ ਗਲ ਦੀ ਗਵਾਹੀ ਦੇਣਗੇ ਕਿ ਕਿਵੇਂ ਬਚਨ ਨੇ ਨਵੰਬਰ 1984 ਵਿਚ ਸਿਖਾਂ ਦੇ ਕਤਲ ਲਈ ਲੋਕਾਂ ਨੂੰ ਭੜਕਾਇਆ ਸੀ ਤੇ ਉਹ ਬਚਨ ਦੇ ਬੇਕਸੂਰ ਹੋਣ ਦੇ ਦਾਅਵੇ ਨੂੰ ਖਾਰਜ ਕਰਨਗੇ ਤੇ ਪੀੜਤਾਂ ਦੇ ਦਾਅਵੇ ਨੂੰ ਸਹੀ ਠਹਿਰਾਉਣਗੇ ਕਿ ਬਚਨ ਨੇ ‘ਖੂਨ ਕਾ ਬਦਲਾ ਖੂਨ’ ਦੇ ਨਾਅਰੇ ਲਗਾਏ ਸੀ।
ਆਪਣੇ ਆਪ ਨੂੰ ‘ਅੱਧਾ ਸਿਖ’ ਦਸ ਕੇ ਬਚਨ ਨੇ ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਵਿਚ ਆਪਣੀ ਭੂਮਿਕਾ ਤੋਂ ਇਨਕਾਰ ਕਰਨ ਬਾਰੇ ਜੋ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਿਆ ਹੈ ਉਸ ਨੂੰ ਵੀ ਅਮਰੀਕਾ ਰਹਿੰਦੇ ਮਨਜੀਤ ਸਿੰਘ ਸੈਣੀ ਦੇ ਹਲਫੀਆ ਬਿਆਨ ਨੇ ਝੂਠਾ ਸਾਬਿਤ ਕਰ ਦਿੱਤਾ ਹੈ ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਬਾਹਰ ‘ਮਾਰੋ ਸਾਲੋਂ ਕੋ ਦੇਸ਼ ਕੇ ਗਦਾਰੋਂ ਕੋ’ ਅਤੇ ‘ਖੂਨ ਕਾ ਬਦਲਾ ਖੂਨ’ ਦੇ ਨਾਅਰੇ ਲਗਾਉਂਦਿਆਂ ਅਮਿਤਾਬ ਬਚਨ ਨੂੰ ਖੁਦ ਆਪਣੇ ਅਖੀਂ ਵੇਖਿਆ ਸੀ।
ਬਚਨ ਵਲੋਂ ਦਿੱਤੀ ਗਈ ਦਲੀਲ ਕਿ ਉਸ ਦੀ ਮਾਂ ਇਕ ਸਿਖ ਹੈ ਇਸ ਲਈ ਉਹ ਕਿਵੇਂ ਸਿਖਾਂ ਦੇ ਕਤਲੇਆਮ ਲਈ ਲੋਕਾਂ ਨੂੰ ਭੜਕਾ ਸਕਦਾ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਵਿਚ ਵਿਧਵਾ ਹੋਈਆਂ ਹਜ਼ਾਰਾਂ ਸਿਖ ਔਰਤਾਂ , ਜਿਹੜੀਆਂ ਕਿ ਤਿਰਲੋਕਪੁਰੀ ਦਿੱਲੀ ਵਿਚ ਰਹਿ ਰਹੀਆਂ ਹਨ, ਪ੍ਰਤੀ ਬਚਨ ਨੇ ਕਦੀ ਕਿਸੇ ਤਰਾਂ ਦੀ ਕੋਈ ਹਮਦਰਦੀ ਨਹੀਂ ਵਿਖਾਈ। ਸਗੋਂ ਹਾਲੇ ਤਕ ਵੀ ਬਚਨ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਦਾ ਇਕ ਹਿੱਸਾ ਬਣੇ ਹੋਏ ਹਨ ਜੋ ਕਿ ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।
ਏ. ਆਈ. ਐਸ. ਐਸ. ਐਫ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਕ ਲਹਿਰ ਚਲਾ ਕੇ ਲੋਕਾਂ ਨੂੰ ਅਪੀਲ ਕਰੇਗੀ ਕਿ ਬਚਨ ਦੀਆਂ ਫਿਲਮਾਂ ਦਾ ਬਾਈਕਾਟ ਕੀਤਾ ਜਾਵੇ ਕਿਉਂਕਿ ਉਸ ਦੇ ਹੱਥ ਨਵੰਬਰ 1984 ਦੌਰਾਨ ਕਤਲ ਕੀਤੇ ਗਏ ਹਜ਼ਾਰਾਂ ਬੇਕਸੂਰ ਸਿਖਾਂ ਦੇ ਖੂਨ ਨਾਲ ਰੰਗੇ ਹੋਏ ਹਨ।
Related Topics: ਸਿੱਖ ਨਸਲਕੁਸ਼ੀ 1984 (Sikh Genocide 1984)