ਮੋਗਾ: ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਦੇ ਮੱਦੇਨਜਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਪਿੰਡ ਬੁੱਧ ਸਿੰਘ ਵਾਲਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਇੱਕ ਬੋਰਡ ਪਿੰਡ ਦੇ ਬਾਹਰ ਲਾਇਆ ਗਿਆ ਜਿਸ ਤੇ ਲਿਖਿਆ ਹੈ ਕਿ “ਅਕਾਲੀ, ਆਮ ਆਦਮੀ ਪਾਰਟੀ ਅਤੇ ਕਾਂਗਰਸੀ ਲੀਡਰਾਂ ਦਾ ਪਿੰਡ ਵਿੱਚ ਆਉਣਾ ਮਨ੍ਹਾ ਹੈ”।
ਪਿੰਡ ਬੁੱਧ ਸਿੰਘ ਵਾਲਾ ਦੇ ਸਰਪੰਚ ਮੇਜਰ ਸਿੰਘ ਦਾ ਕਹਿਣਾ ਹੈ ਕਿ ਸਿਰਫ ਅਕਾਲੀ ਹੀ ਨਹੀਂ, ਹੋਰ ਕੋਈ ਵੀ ਪਾਰਟੀ ਇਸ ਮਸਲੇ ‘ਤੇ ਗੰਭੀਰ ਨਹੀਂ ਹੈ।ਇਸ ਲਈ ਅਸੀਂ ਤਿੰਨਾਂ ਪਾਰਟੀਆਂ ਦੇ ਆਗੂਆਂ ਦੇ ਪਿੰਡ ਵਿੱਚ ਵੜਨ ਤੇ ਰੋਕ ਲਾਉਣ ਦਾ ਫੈਂਸਲਾ ਕੀਤਾ ਹੈ। ਇਸ ਪੋਸਟਰ ਸੰਬੰਧੀ ਜਦੋਂ ਸਿੱਖ ਸਿਆਸਤ ਵੱਲੋਂ ਪਿੰਡ ਬੁੱਧ ਸਿੰਘ ਵਾਲਾ ਦੇ ਦਸਮੇਸ਼ ਕਲੱਬ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਪਾਰਟੀਆਂ ਆਪਣੇ ਸਿਆਸੀ ਹਿੱਤ ਪੂਰੇ ਕਰਦੀਆਂ ਹਨ ਪਰ ਸਿੱਖ ਮਸਲਿਆਂ ਤੇ ਕੋਈ ਵੀ ਪਾਰਟੀ ਸਿੱਖ ਪੱਖ ਦੀ ਗੱਲ ਨਹੀਂ ਕਰਦੀ। ਇਹ ਪੋਸਟਰ ਦੱਸਦਾ ਹੈ ਕਿ ਸਿੱਖਾਂ ਦਾ ਭਾਰਤੀ ਸਿਆਸੀ ਪਾਰਟੀਆਂ ਤੋਂ ਯਕੀਨ ਉੱਠਦਾ ਜਾ ਰਿਹਾ ਹੈ।