ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਾਰਤ ਦੀ ਜੀਐਸਟੀ ਕਾਉਂਸਲ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਲੰਗਰ ਵਿਚ ਵਰਤੀਆਂ ਜਾਂਦੀਆਂ ਵਸਤਾਂ ਜਿਵੇਂ ਘਿਓ, ਤੇਲ, ਮਸਾਲੇ ਆਦਿ ਉੱਤੇ ਜੀਐਸਟੀ ਤੋਂ ਛੋਟ ਦਿੱਤੀ ਜਾਵੇ।
ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ, ਜੋ ਜੀਐਸਟੀ ਕਾਉਂਸਲ ਦੇ ਚੇਅਰਮੈਨ ਵੀ ਹਨ ਨੂੰ ਲਿਖੀ ਇਕ ਚਿੱਠੀ ਵਿਚ ਨਿਤਿਸ਼ ਨੇ ਕਿਹਾ ਹੈ ਕਿ ਭਾਵੇਂ ਲੰਗਰ ਵਿਚ ਵਰਤਾਏ ਜਾਂਦੇ ਭੋਜਨ ‘ਤੇ ਕੋਈ ਟੈਕਸ ਨਹੀਂ ਹੈ, ਪਰ ਉਸ ਭੋਜਨ ਨੂੰ ਤਿਆਰ ਕਰਨ ਲਈ ਲਗਦੀਆਂ ਵਸਤਾਂ ‘ਤੇ ਜੀਐਸਟੀ ਲਗਦਾ ਹੈ। ਉਨ੍ਹਾਂ ਕਿਹਾ ਕਿ ਇਸ ਟੈਕਸ ਨਾਲ ਗੁਰਦੁਆਰੇ ਉੱਤੇ ਭਾਰੂ ਬੋਝ ਪੈ ਰਿਹਾ ਹੈ ਤੇ ਲੰਗਰ ਦੀ ਮਹਾਨਤਾ ਨੂੰ ਧਿਆਨ ਵਿਚ ਰੱਖਦਿਆਂ ਇਸ ਟੈਕਸ ਨੂੰ ਹਟਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਟੈਕਸ ਸਿਰਫ ਵਪਾਰਿਕ ਕਾਰਜਾਂ ‘ਤੇ ਲਗਣਾ ਚਾਹੀਦਾ ਹੈ ਤੇ ਸਮਾਜਿਕ ਕਾਰਜਾਂ ਨੂੰ ਇਸ ਤੋਂ ਛੋਟ ਹੋਣ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰੇ ਸੇਵਾ ਦੇ ਸਥਾਨ ਹਨ ਜਿੱਥੇ ਲੰਗਰ ਰਾਹੀਂ ਲੋਕਾਂ ਨੂੰ ਭੋਜਨ ਛਕਾਇਆ ਜਾਂਦਾ ਹੈ।