ਆਮ ਖਬਰਾਂ

ਪਠਾਨਕੋਟ ਹਵਾਈ ਅੱਡਾ ਹਮਲਾ: ਕੌਮੀ ਜਾਂਚ ਏਜ਼ੰਸੀ ਨੇ ਐਸ. ਪੀ. ਸਲਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਤੋਂ ਫਿਰ ਕੀਤੀ ਪੁੱਛਗਿੱਛ

By ਸਿੱਖ ਸਿਆਸਤ ਬਿਊਰੋ

March 26, 2016

ਨਵੀਂ ਦਿੱਲੀ (25 ਮਾਰਚ , 2016): ਪਠਾਨਕੋਟ ਫੌਜੀ ਹਵਾਈ ਅੱਡੇ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਪਾਕਿਸਤਾਨ ਦੀ ਜਾਂਚ ਟੀਮ ਦੇ ਭਾਰਤ ਪਹੁੰਚਣ ਤੋਂ ਪਹਿਲਾਂ ਫਿਰ ਇੱਕ ਵਾਰ ਅੱਜ ਪੰਜਾਬ ਪੁਲਿਸ ਦੇ ਐਸ. ਪੀ. ਸਲਵਿੰਦਰ ਸਿੰਘ ਅਤੇ ਉਸਦੇ ਦੋ ਸਾਥੀਆਂ ਨੂੰ ਪਠਾਨਕੋਟ ਅੱਤਵਾਦੀ ਹਮਲੇ ਦੇ ਸਬੰਧ ਵਿਚ ਪੁੱਛਗਿੱਛ ਲਈ  ਤਲਬ ਕੀਤਾ ਹੈ ।

ਕੌਮੀ ਜਾਂਚ ਏਜੰਸੀ ਪਾਕਿਸਤਾਨ ਤੋਂ ਲੈਟਰ ਆਫ ਰੋਗੈਟਰੀ ਦੀ ਅਜੇ ਉਡੀਕ ਕਰ ਰਹੀ ਹੈ ਤਾਂ ਜੋ ਉਨ੍ਹਾਂ ਨਾਲ ਕਾਨੂੰਨੀ ਤੌਰ ‘ਤੇ ਸਬੂਤਾਂ ਨੂੰ ਸਾਂਝਾ ਕੀਤਾ ਜਾ ਸਕੇ । ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਲਵਿੰਦਰ ਸਿੰਘ, ਉਨ੍ਹਾਂ ਦੇ ਦੋਸਤ ਜਿਊਲਰ ਰਾਜੇਸ਼ ਵਰਮਾ ਅਤੇ ਰਸੋਈਏ ਮਦਨ ਗੋਪਾਲ ਨੂੰ ਆਮ ਪੁੱਛਗਿੱਛ ਲਈ ਤਲਬ ਕੀਤਾ ਹੈ ਅਤੇ ਏਜੰਸੀ 27 ਮਾਰਚ ਨੂੰ ਪਾਕਿਸਤਾਨ ਤੋਂ ਆ ਰਹੀ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੇ ਸਵਾਗਤ ਦੀ ਤਿਆਰੀ ਕਰ ਰਹੀ ਹੈ ।

ਅਧਿਕਾਰੀਆਂ ਨੇ ਕਿਹਾ ਕਿ ਇਹ ਆਮ ਜਾਂਚ ਹੈ ਕਿਉਂਕਿ ਚਲਾਨ ਪੇਸ਼ ਕਰਨ ਤੋਂ ਪਹਿਲਾਂ ਕੁਝ ਕਾਰਵਾਈਆਂ ਮੁਕੰਮਲ ਕੀਤੀਆਂ ਜਾਣੀਆਂ ਹਨ । ਐਨ. ਆਈ. ਏ. ਨੇ ਤਿੰਨਾਂ ਦਾ ਝੂਠ ਦਾ ਪਤਾ ਲਾਉਣ ਵਾਲਾ ਟੈਸਟ ਕੀਤਾ ਸੀ ਅਤੇ ਉਨ੍ਹਾਂ ਨੂੰ ਕਲੀਨ ਚਿਟ ਦਿੱਤੀ ਸੀ । ਤਿੰਨਾਂ ਨੂੰ ਹਮਲਾਵਰਾਂ ਨੇ 31 ਦਸੰਬਰ ਅਤੇ ਪਹਿਲੀ ਜਨਵਰੀ ਦੀ ਵਿਚਕਾਰਲੀ ਰਾਤ ਨੂੰ ਕਥਿਤ ਰੂਪ ਵਿਚ ਅਗਵਾ ਕਰ ਲਿਆ ਸੀ । ਇਨ੍ਹਾਂ ਅੱਤਵਾਦੀਆਂ ਨੇ ਇਕ ਜਨਵਰੀ ਸਵੇਰੇ ਨੂੰ ਪਠਾਨਕੋਟ ਵਿਚ ਹਵਾਈ ਫ਼ੌਜ ਦੇ ਅੱਡੇ ‘ਤੇ ਹਮਲਾ ਕੀਤਾ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: