ਮੋਹਾਲੀ: ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ‘ਕੌਮੀ ਜਾਂਚ ਏਜੰਸੀ’ (ਐਨ.ਆਈ.ਏ.) ਨੇ ਰਮਨਦੀਪ ਸਿੰਘ ਚੂਹੜਵਾਲ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਅੱਜ (1 ਦਸੰਬਰ, 2017) ਮੋਹਾਲੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ‘ਚ ਪੇਸ਼ ਕੀਤਾ। ਐਨ.ਆਈ.ਏ. ਵਲੋਂ ਪੁਲਿਸ ਰਿਮਾਂਡ ਦੀ ਮੰਗ ਕਰਨ ‘ਤੇ ਜੱਜ ਅਨਸ਼ੁਲ ਬੇਰੀ ਨੇ 5 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ। ਦੋਵਾਂ ਨੂੰ ਹੁਣ 6 ਦਸੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ। ਉਪਰੋਕਤ ਦੋਵਾਂ ਤੋਂ ਅਲਾਵਾ ਧਰਮਿੰਦਰ ਸਿੰਘ ਗੁਗਨੀ ਨੂੰ ਵੀ ਨਾਭਾ ਜੇਲ੍ਹ ‘ਚੋਂ ਲਿਆ ਕੇ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਉਸਦਾ ਵੀ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ।
ਰਮਨਦੀਪ ਸਿੰਘ ਚੂਹੜਵਾਲ, ਹਰਦੀਪ ਸਿੰਘ ਸ਼ੇਰਾ ਅਤੇ ਧਰਮਿੰਦਰ ਸਿੰਘ ਗੁਗਨੀ ਵਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ। ਇਸ ਦੌਰਾਨ ਰਮਨਦੀਪ ਸਿੰਘ ਦੇ ਮਾਤਾ-ਪਿਤਾ ਅਦਾਲਤ ਦੇ ਬਾਹਰ ਮੌਜੂਦ ਸਨ। ਅਦਾਲਤ ਵਲੋਂ ਇਜਾਜ਼ਤ ਮਿਲਣ ‘ਤੇ ਰਮਨਦੀਪ ਸਿੰਘ ਦੇ ਮਾਤਾ-ਪਿਤਾ ਨਾਲ ਉਨ੍ਹਾਂ ਦੀ ਮੁਲਾਕਾਤ ਕੁਝ ਮਿੰਟਾਂ ਲਈ ਅਦਾਲਤ ਵਿਚ ਹੀ ਕਰਵਾਈ ਗਈ।
ਸਬੰਧਤ ਖ਼ਬਰ: ਜਗਤਾਰ ਸਿੰਘ ਜੱਗੀ ਦੇ ਪੁਲਿਸ ਰਿਮਾਂਡ ‘ਚ 2 ਦਿਨ ਦਾ ਹੋਰ ਵਾਧਾ; ਵਕੀਲ ਨੇ ਦੱਸਿਆ ਕਿ ਪੁਲਿਸ ਨੇ ਜੱਗੀ ਦੇ ਜੱਦੀ ਘਰ ‘ਚ ਛਾਪਾ ਮਾਰਿਆ …
ਜ਼ਿਕਰਯੋਗ ਹੈ ਕਿ ਕੌਮੀ ਜਾਂਚ ਏਜੰਸੀ, ਨਵੀਂ ਦਿੱਲੀ ਨੇ ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਐਨ.ਆਈ.ਏ. ਦੇ ਮੁਕੱਦਮਾ ਨੰ: 18/2017/ਐਨ.ਆਈ.ਏ./ਡੀ.ਐਲ.ਆਈ. ਮਿਤੀ 16.11.2017 ਤਹਿਤ ਗ੍ਰਿਫਤਾਰ ਕੀਤਾ ਸੀ। ਇਹ ਮਾਮਲਾ ਆਰ.ਐਸ.ਐਸ. ਦੇ ਕਾਰਜਕਰਤਾ ਰਵਿੰਦਰ ਗੋਸਾਈਂ ਦੇ ਕਤਲ ਦੇ ਸਬੰਧ ‘ਚ ਪੰਜਾਬ ਪੁਲਿਸ ਵਲੋਂ ਐਫ.ਆਈ.ਆਰ. ਨੰ: 442/2017 ਮਿਤੀ 17.10.2017 ਨੂੰ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀਆਂ ਧਾਰਾਵਾਂ 10, 12 ਅਤੇ 13 , ਆਈ.ਪੀ.ਸੀ. ਦੀ ਧਾਰਾ 302 ਅਤੇ 34, ਅਸਲਾ ਐਕਟ 1925 ਦੀਆਂ ਧਾਰਾ 25 ਤਹਿਤ ਥਾਣਾ ਜੋਧੇਵਾਲ, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਐਨ.ਆਈ.ਏ. ਇਸ ਮੁਕੱਦਮੇ ਨੂੰ ਦੁਬਾਰਾ 18/2017/ਐਨ.ਆਈ.ਏ./ਡੀ.ਐਲ.ਆਈ. ਤਹਿਤ ਦਰਜ ਕੀਤਾ।
ਐਨ.ਆਈ.ਏ. ਵਲੋਂ 17/10/2017 ਨੂੰ ਜਾਰੀ ਪ੍ਰੈਸ ਬਿਆਨ ‘ਚ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਸੀ, “ਮਾਮਲੇ ਦੇ ਪਿਛੋਕੜ ‘ਚ ਇਹ ਹੈ ਕਿ 17.10.2017 ਨੂੰ ਸਵੇਰੇ ਦੋ ਅਣਪਛਾਤੇ ਬੰਦਿਆਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਘੂਨਾਥ ਨਗਰ ਸ਼ਾਖਾ ਦੇ ਆਗੂ ਰਵਿੰਦਰ ਗੋਸਾਈਂ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਗਗਨਦੀਪ ਕਲੋਨੀ, ਲੁਧਿਆਣਾ ‘ਚ ਆਪਣੇ ਘਰ ਦੇ ਬਾਹਰ ਬੈਠਿਆ ਹੋਇਆ ਸੀ।”
ਸਬੰਧਤ ਖ਼ਬਰ: ਪੰਜਾਬ ਸਰਕਾਰ ਵਲੋਂ ‘ਚੋਣਵੇਂ ਕਤਲਾਂ’ ਦੇ ਸਬੰਧ ‘ਚ 7 ਮੁਕੱਦਮੇ ਐਨ.ਆਈ.ਏ. ਨੂੰ ਸੌਂਪਣ ਦਾ ਫ਼ੈਸਲਾ …