ਮੁੰਬਈ (25 ਜੂਨ, 2015): ਸਾਧਵੀ ਪ੍ਰੀਗਿਆ ਠਾਕੁਰ, ਲੈਫਟੀਨੈਂਟ ਕਰਨਲ ਪਰੋਹਿਤ ਅਤੇ ਸਵਾਮੀ ਦਇਆਨੰਦ ਪਾਂਡੇ ਆਦਿ ਹਿੰਦੂ ਅੱਤਵਾਦੀਆਂ ਵੱਲੋਂ ਮਾਲੇਗਾਉਂ ਵਿੱਚ ਸਾਲ 20018 ਵਿੱਚ ਕੀਤੇ ਬੰਬ ਧਮਾਕੇ ਦੇ ਇਸ ਕੇਸ ਵਿੱਚ ਸਰਕਾਰ ਦੀ ਤਰਫੋਂ ਪੈਰਵੀ ਕਰ ਰਹੇ ਵਕੀਲ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਦੀ ਕੇਂਦਰੀ ਸੱਤਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਜਪਾ ਦੇ ਕਾਬਜ਼ ਹੋਣ ਤੋਂ ਬਾਅਦ ਨੈਸ਼ਨਲ ਜਾਂਚ ਏਜੰਸੀ (ਐਨ. ਆਈ. ਏ.) ਨੇ ਉਕਤ ਦੋਸ਼ੀਆਂ ਖ਼ਿਲਾਫ ਨਰਮਾਈ ਭਰਿਆ ਵਤੀਰਾ ਅਪਣਾਉਣ ਨੂੰ ਕਿਹਾ ਹੈ।
ਇਸ ਮਾਮਲੇ ‘ਚ ਸਰਕਾਰੀ ਵਕੀਲ ਰੋਹਿਣੀ ਸਾਲਿਆਨ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਐਨ.ਆਈ.ਏ. ਦੇ ਇਕ ਅਧਿਕਾਰੀ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਮੈਨੂੰ ਮਿਲਣਾ ਚਾਹੁੰਦੇ ਹਨ । ਉਸ ਤੋਂ ਬਾਅਦ ਉਹ ਪਿਛਲੇ ਸਾਲ ਮੈਨੂੰ ਮਿਲੇ ਅਤੇ ਇਸ ਮਾਮਲੇ ਵਿਚ ਦੋਸ਼ੀਆਂ ਪ੍ਰਤੀ ਨਰਮ ਰਹਿਣ ਲਈ ਕਿਹਾ । ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਧਿਕਾਰੀ ਨੂੰ ਇਸ ਸਬੰਧ ‘ਚ ਜ਼ਰੂਰ ਹੀ ਉੱਚ ਅਧਿਕਾਰੀਆਂ ਤੋਂ ਨਿਰਦੇਸ਼ ਮਿਲੇ ਹੋਣਗੇ ।
ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖ਼ਬਰ ਅਨੁਸਾਰ ਵਕੀਲ ਨੇ ਕਿਹਾ ਕਿ ਇਸ ਸਾਲ ਫਿਰ 12 ਜੂਨ ਨੂੰ ਇਕ ਵਾਰ ਫਿਰ ਉਹੀ ਅਧਿਕਾਰੀ ਮੈਨੂੰ ਮਿਲਿਆ ਅਤੇ ਕਿਹਾ ਕਿ ਮੇਰੀ ਜਗ੍ਹਾ ਇਸ ਮਾਮਲੇ ‘ਚ ਕਿਸੇ ਹੋਰ ਵਕੀਲ ਨੂੰ ਨਿਯੁਕਤ ਕੀਤਾ ਜਾਣ ਵਾਲਾ ਹੈ । ਹਾਲਾਂਕਿ ਅੱਜ ਤੱਕ ਮੇਰੇ ਸਥਾਨ ‘ਤੇ ਕਿਸੇ ਹੋਰ ਵਕੀਲ ਨੂੰ ਨਿਯੁਕਤ ਕਰਨ ਸਬੰਧੀ ਕੋਈ ਨੋਟਿਸ ਜਾਰੀ ਨਹੀਂ ਹੋਇਆ ਅਤੇ ਨਾ ਹੀ ਮੇਰੀ ਫ਼ੀਸ ਦਾ ਭੁਗਤਾਨ ਹੋਇਆ ਹੈ । ਉਨ੍ਹਾਂ ਨੇ ਉਸ ਅਧਿਕਾਰੀ ਦਾ ਨਾਂਅ ਦੱਸਣ ਤੋਂ ਇਨਕਾਰ ਕਰ ਦਿੱਤਾ ।
ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਨੇ ਵਿਸ਼ੇਸ਼ ਸਰਕਾਰੀ ਵਕੀਲ ਰੋਹਿਣੀ ਸਾਲਿਆਨ ਦੇ ਦਾਅਵੇ ਨੂੰ ਗਲਤ ਦੱਸਿਆ ਹੈ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ ਕਿ ਏਜੰਸੀ ਦੇ ਕਿਸੇ ਅਧਿਕਾਰੀ ਨੇ ਸਾਲਿਆਨ ਨੂੰ ਕੋਈ ਅਣਉਚਿਤ ਸਲਾਹ ਦਿੱਤੀ ਹੈ । ਐਨ. ਆਈ. ਏ. ਨੇ ਵਕੀਲ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਦੋ ਪੇਜ਼ਾਂ ਦਾ ਸਪਸ਼ਟੀਕਰਨ ਜਾਰੀ ਕੀਤਾ ਹੈ ।