ਨਿਉਯਾਰਕ: ਪਿਛਲੇ ਦਿਨੀਂ ਨਿਉਜਰਸੀ ਵਿੱਖੇ ਆਯੋਜਿਤ ਸਲਾਨਾ ਦੂਜਾ ਨਾਰਥ ਅਮਰੀਕਨ ਗੱਤਕਾ ਟੂਰਨਾਮੈਂਟ ਦੌਰਾਨ ਨਿਉਯਾਰਕ ਗੱਤਕਾ ਐਸੋਸੀਏਸ਼ਨ ਵਲੋਂ ਗੱਤਕਾ ਫੈਡਰੇਸ਼ਨ ਯੂ.ਐਸ.ਏ. ਦੀ ਅਗਵਾਈ ਹੇਠ ਸ਼ਿਰਕਤ ਕੀਤੀ ਗਈ। ਗੁਰੂਦੁਆਰਾ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ ਦੇ ਵਿਸ਼ੇਸ ਉਧਮ ਸਦਕਾ ਚਲਾਈ ਜਾ ਰਹੀ ਗੱਤਕਾ ਖੇਡ ਦੀ ਸਟੇਟ ਬਾਡੀ, ਨਿਉਯਾਰਕ ਗੱਤਕਾ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਮੱਲਾਂ ਮਾਰਦਿਆਂ ‘ਮੈਦਾਨੇ ਜੰਗ 2016’ ਦੀ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ।
ਗੱਤਕਾ ਮੁਕਾਬਲਿਆਂ ਦੇ ਚਲਦਿਆਂ ਉਮਰ ਵਰਗ 17 ਵਿੱਚ ਜਿੱਥੇ ਬੀਬਾ ਕਰਮਜੀਤ ਕੌਰ ਨੇ ਦੂਜਾ ਅਤੇ ਸਿਮਰਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸ. ਬਲਜੀਤ ਸਿੰਘ ਖਾਲਸਾ ਨੇ ਪੁਰਸ਼ਾਂ ਦੇ ਓਪਨ ਗੱਤਕਾ ਮੁਕਾਬਲੇ ਦੇ ਵਰਗ ਵਿੱਚ ਚੋਟੀ ਦੇ ਗੱਤਕਾ ਖਿਡਾਰੀਆਂ ਨੂੰ ਮਾਤ ਦਿੰਦਿਆਂ ਫਾਈਨਲ ਵਿੱਚ ਹਰਜਸ ਸਿੰਘ ਨਿਉਜਰਸੀ ਨੂੰ ਹਰਾਇਆ ਤੇ “ਮੈਦਾਨੇ-ਜੰਗ 2016” ਦੇ ਚੈਂਪੀਨਅਨ ਦਾ ਖਿਤਾਬ ਹਾਸਿਲ ਕੀਤਾ। ਕਾਬਿਲੇ ਜ਼ਿਕਰ ਹੈ ਕਿ ਨਿਉਯਾਰਕ ਦੇ ਹੀ ਤਿੰਨ ਖਿਡਾਰੀ ਫਾਈਨਲ ਵਿੱਚ ਹੋਣ ਕਾਰਨ ਪਹਿਲਾ ਬਲਜੀਤ ਸਿੰਘ, ਤੀਜਾ ਗੁਰਜੀਤ ਸਿੰਘ ਤੇ ਚੌਥਾ ਇਨਾਮ ਕੁਲਦੀਪ ਸਿੰਘ ਨਿਉਯਾਰਕ ਦੇ ਹਿੱਸੇ ਆਇਆ। ਟੂਰਨਾਮੈਂਟ ਦੌਰਾਨ ਮੁੱਖ ਬੁਲਾਰੇ ਦੀ ਸੇਵਾ ਭਾਈ ਰਣਜੀਤ ਸਿੰਘ ਕੈਲੀਫੋਰਨੀਆ ਵੱਲੋਂ ਨਿਭਾਈ ਗਈ। ਇਸ ਮੌਕੇ ਭਾਈ ਜਸਦੇਵ ਸਿੰਘ ਟੋਰਾਂਟੋਂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਟੂਰਨਾਮੈਂਟ ਦੌਰਾਨ ਡਾ. ਅਮਰਜੀਤ ਸਿੰਘ ਦੇ ਸਹਿਯੋਗ ਨਾਲ ਭਾਈ ਅਮਰਵੀਰ ਸਿੰਘ ਵਲੋਂ ਟੀ.ਵੀ. 84 ਰਾਹੀਂ ਲਾਈਵ ਕਰਵੇਜ ਵੀ ਕੀਤੀ ਗਈ। ਗੱਤਕਾ ਰੈਫਰੀ ਦੀ ਸੇਵਾ ਡਾ. ਦੀਪ ਸਿੰਘ ਨਿਉਯਾਰਕ ਤੇ ਭਾਈ ਦਲਬੀਰ ਸਿੰਘ ਇੰਡੀਆਨਾ ਵਲੋਂ ਕੀਤੀ ਗਈ।
ਗੱਤਕਾ ਐਸੋਸੀਏਸ਼ਨ ਦੇ ਜੇਤੂ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਅੱਜ ਗੁਰੁਦੁਆਰਾ ਸਿੱਖ ਕਲਚਰਲ ਸੋਸਾਇਟੀ ਦੀ ਸਮੁੱਚੀ ਪ੍ਰੰਬਧਕ ਕਮੇਟੀ ਵਲੋਂ ਸੰਗਤ ਦੀ ਹਾਜ਼ਰੀ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਭਵਿੱਖ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦੀ ਹਮਾਇਤ ਵੀ ਕੀਤੀ। ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ. ਗੁਰਦੇਵ ਸਿੰਘ ਕੰਗ, ਜਨਰਲ ਸਕੱਤਰ ਕੁਲਦੀਪ ਸਿੰਘ ਢਿੱਲੋਂ, ਚੈਅਰਮੈਨ ਮੋਹਨ ਸਿੰਘ ਖੱਟੜਾ ਅਤੇ ਚੈਅਰਮੈਨ, ਹਰਬੰਸ ਸਿੰਘ ਢਿਲੋਂ ਵਲੋਂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਬੋਲਦਿਆਂ ਸ. ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਗੱਤਕਾ ਸਿਖਾਂ ਦੀ ਵਿਰਾਸਤੀ ਖੇਡ ਹੈ ਜੋ ਕਿ ਸਿੱਖੀ ਵਿੱਚ ਪ੍ਰਵਾਨਿਤ ਸੰਤ-ਸਿਪਾਹੀ ਦੇ ਸਿਥਾਂਤ ਨੂੰ ਉਜਾਗਰ ਕਰਦੀ ਹੈ।
ਗੁਰੂ ਘਰ ਦੇ ਵਜੀਰ ਗਿਆਨੀ ਭੁਪਿੰਦਰ ਸਿੰਘ ਵਲੋਂ ਵੀ ਸਮੂਹ ਗੱਤਕਾ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉੱਜਲ ਭਵਿੱਖ ਲਈ ਅਰਦਾਸ ਬੇਨਤੀ ਕੀਤੀ ਗਈ।
ਅੰਤ ਵਿੱਚ ਨਿਉਯਾਰਕ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦੀਪ ਸਿੰਘ ਵਲੋਂ ਗੁਰੁਦੁਆਰਾ ਸਿੱਖ ਕਲਚਰਲ ਸੋਸਾਇਟੀ ਦੀ ਸਮੁੱਚੀ ਪ੍ਰੰਬਧਕ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਅਤੇ ਸਮੂਹ ਗੱਤਕਾ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਚਰਨਦੀਪ ਸਿੰਘ, ਹਰਪਿੰਦਰ ਸਿੰਘ ਢਿੱਲੋਂ, ਗਿਆਨੀ ਰਣਜੀਤ ਸਿੰਘ, ਜੇ.ਐਸ.ਮੱਲੀ ਤੇ ਬੀਬਾ ਸਰਬਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।