ਚੰਡੀਗੜ੍ਹ – ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ‘ਤੇ ਕੱਲ 27 ਅਕਤੂਬਰ 2023 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਪੀ. ਐਲ. ਆਨੰਦ ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ‘ਪੰਜਾਬ ਦੇ ਪਾਣੀ – ਸੰਕਟ ਦਾ ਸੱਚ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਇਸ ਸੈਮੀਨਾਰ ਵਿਚ ਪੰਜਾਬ ਦੇ ਪਾਣੀਆਂ, ਰਾਇਪੇਰੀਅਨ ਕਾਨੂੰਨਾਂ, ਦਰਿਆਈ ਪਾਣੀਆਂ ਦੀ ਵੰਡ ਅਤੇ ਹੋਰ ਬਹੁਤ ਸਾਰੇ ਪੱਖਾਂ ਉੱਪਰ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਇਸ ਸਮਾਗਮ ਦਾ ਆਯੋਜਨ ਸ. ਪ੍ਰਗਟ ਸਿੰਘ (MLA ਜਲ਼ੰਧਰ ਕੈਂਟ) ਦੁਆਰਾ ਕੀਤਾ ਜਾ ਰਿਹਾ ਹੈ। ਇਸ ਵਿਚਾਰ ਚਰਚਾ ਵਿਚ ਵਿਦਵਾਨ ਵਿਸ਼ਾ ਮਾਹਿਰ, ਵਕੀਲ, ਪੱਤਰਕਾਰ, ਸਮਾਜਕ ਕਾਰਕੁੰਨ, ਸਾਬਕਾ ਉੱਚ ਅਧਿਕਾਰੀ ਜਿਹਨਾਂ ਵਿਚ ਸ. ਗੁਰਤੇਜ ਸਿੰਘ, ਸਾਬਕਾ IAS, ਸੀਨੀਅਰ ਪੱਤਰਕਾਰ ਸ੍ਰ ਸੁਖਦੇਵ ਸਿੰਘ, ਡਾ. ਧਰਮਵੀਰ ਗਾਂਧੀ, ਡਾ. ਪਿਆਰੇ ਲਾਲ ਗਰਗ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਸ. ਗੁਰਪਰੀਤ ਸਿੰਘ ਮੰਡਿਆਣੀ ਆਪਣੇ ਵਿਚਾਰ ਰੱਖਣਗੇ ।
ਸ. ਪ੍ਰਗਟ ਸਿੰਘ ਨੇ ਆਖਿਆ ਕਿ ਸਿਆਸੀ ਉਥਲ-ਪੁਥਲ ਅਤੇ ਦੋਸ਼ਾਂ ਦੀ ਖੇਡ ਦੌਰਾਨ ਪੰਜਾਬ ਦੇ ਪਾਣੀਆਂ ਦੀ ਘਾਟ ਹੋ ਰਹੀ ਹੈ ਅਤੇ ਸਾਡਾ ਭਵਿੱਖ ਖ਼ਤਰੇ ਵਿੱਚ ਹੈ। ਸਾਨੂੰ ਸਮਝਦਾਰੀ ਨਾਲ ਵਿਚਾਰ ਵਟਾਂਦਰੇ ਦੀ ਲੋੜ ਹੈ, ਨਾ ਕਿ ਰੌਲੇ-ਰੱਪੇ ਦੀ। ਇਸ ਮੁੱਦੇ ਨਾਲ ਨਜਿੱਠਣ ਲਈ ਤਿਆਰ ਸਮਝਦਾਰ ਦਿਮਾਗਾਂ ਦੇ ਨਾਲ ਇੱਕ ਸੈਮੀਨਾਰ ਲਈ ਸਾਡੇ ਨਾਲ ਸ਼ਾਮਲ ਹੋਵੋ। ਉਹਨਾਂ ਕਿਹਾ ਕਿ ਸਿਆਸਤ ਤੋਂ ਉਪਰ ਉਠ ਕੇ ਪੰਜਾਬ ਦੇ ਭਲੇ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਅਸੀਂ ਇਕੱਠੇ ਮਿਲ ਕੇ ਹੀ ਇਨ੍ਹਾਂ ਪਾਣੀਆਂ ਦੇ ਸੰਕਟ ਦਾ ਟਿਕਾਊ ਹੱਲ ਲੱਭ ਸਕਦੇ ਹਾਂ।