ਗੁਰਬੀਰ ਸਿੰਘ ਗਰੇਵਾਲ ਅਮਰੀਕਾ 'ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ

ਵਿਦੇਸ਼

ਅਮਰੀਕਾ: ਗੁਰਬੀਰ ਸਿੰਘ ਗਰੇਵਾਲ ਅਮਰੀਕਾ ‘ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ

By ਸਿੱਖ ਸਿਆਸਤ ਬਿਊਰੋ

December 13, 2017

ਵਾਸ਼ਿੰਗਟਨ: ਗੁਰਬੀਰ ਸਿੰਘ ਗਰੇਵਾਲ ਅਮਰੀਕਾ ‘ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਮੰਗਲਵਾਰ (12 ਦਸੰਬਰ, 2017) ਗੁਰਬੀਰ ਸਿੰਘ ਗਰੇਵਾਲ ਦਾ ਨਾਂਅ ਸੂਬੇ ਦੇ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰ ਦਿੱਤਾ। ਗਰੇਵਾਲ ਅਮਰੀਕਾ ਦੇ ਕਿਸੇ ਸੂਬੇ ‘ਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਹੋਣਗੇ। ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ ‘ਤੇ ‘ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ’ ਨੇ ਸਵਾਗਤ ਕੀਤਾ ਹੈ। ਮੌਜੂਦਾ ਸਮੇਂ ਬਰਜਨ ਕਾਂਉਂਟੀ ‘ਚ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੇ ਗਰੇਵਾਲ ਨੇ ਆਪਣੇ ਕਾਨੂੰਨੀ ਪੇਸ਼ੇ ਦਾ ਜ਼ਿਆਦਾ ਸਮਾਂ ਲੋਕ ਸੇਵਾ ‘ਚ ਲਗਾਇਆ।

ਹੁਣ ਉਹ ਨਿਊ ਜਰਸੀ ‘ਚ ਕਰੀਬ 10 ਲੱਖ ਲੋਕਾਂ ਨੂੰ ਆਪਣੇ 265 ਸਟਾਫ਼ ਮੈਂਬਰਾਂ ਨਾਲ ਸੇਵਾਵਾਂ ਦੇਣਗੇ। ਗਰੇਵਾਲ ਨੇ 2004-2007 ਦੌਰਾਨ ਨਿਊਯਾਰਕ ਅਤੇ 2010-2016 ਦੌਰਾਨ ਨਿਊ ਜਰਸੀ ‘ਚ ਸਹਾਇਕ ਅਟਾਰਨੀ ਜਨਰਲ ਵਜੋਂ ਸੇਵਾਵਾਂ ਦਿੱਤੀਆਂ ਹਨ। ਗੁਰਬੀਰ ਸਿੰਘ ਗਰੇਵਾਲ ਨੇ ਵਿਲੀਅਮ ਐਂਡ ਮੈਰੀ ਕਾਲਜ, ਮਾਰਸ਼ਲ-ਵਿਥੇ ਸਕੂਲ ਆਫ਼ ਲਾਅ ‘ਚੋਂ 1999 ਵਿਚ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਸੀ। ‘ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ’ ਨਿਊ ਜਰਸੀ ਦੇ ਪ੍ਰਧਾਨ ਰਿਸ਼ੀ ਬੱਗਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਬੀਰ ਸਿੰਘ ਗਰੇਵਾਲ ਨੂੰ ਅਟਾਰਨੀ ਜਨਰਲ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ‘ਤੇ ਉਹ ਬਹੁਤ ਮਾਣ ਮਹਿਸੂਸ ਕਰਦੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: New Jersey (USA) Nominates its First Sikh Attorney General …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: