ਲੜੀਵਾਰ ਕਿਤਾਬਾਂ

ਕਿਤਾਬ ‘ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ 29 ਅਗਸਤ ਨੂੰ ਹੋਵੇਗੀ ਜਾਰੀ

By ਸਿੱਖ ਸਿਆਸਤ ਬਿਊਰੋ

August 24, 2023

ਚੰਡੀਗੜ੍ਹ –  ਨੀਸਾਣਿ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਕਿਤਾਬ ‘ਸ਼ਹੀਦਨਾਮਾ (ਆਲੋਅਰਖ ਦੇ ਸ਼ਹੀਦ)’ 29 ਅਗਸਤ ਨੂੰ ਸੰਗਰੂਰ ਜਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਆਲੋਅਰਖ ਵਿਖੇ ਜਾਰੀ ਕੀਤੀ ਜਾਵੇਗੀ।

ਨੀਸਾਣਿ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਇਸ ਕਿਤਾਬ ਵਿੱਚ ਖਾੜਕੂ ਲਹਿਰ ਵਕਤ ਸ਼ਹੀਦ ਹੋਏ ਜੁਝਾਰੂ ਯੋਧਿਆਂ ਦੀ ਗਾਥਾ ਹੈ।

ਜਿਕਰਯੋਗ ਹੈ ਕਿ ਜੂਨ 1984 ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਅਕਾਲ ਤਖ਼ਤ ਸਾਹਿਬ ਅਤੇ ਹੋਰ ਅਨੇਕਾਂ ਗੁਰਦੁਆਰਾ ਸਾਹਿਬਾਨ ‘ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਅਨੇਕਾਂ ਸਿੰਘ ਸਿੰਘਣੀਆਂ ਭੁਜੰਗੀਆਂ ਨੂੰ ਸ਼ਹੀਦ ਕੀਤਾ ਗਿਆ, ਗੁਰਦੁਆਰਾ ਸਾਹਿਬਾਨ ਅੰਦਰ ਮੌਜੂਦ ਸੰਗਤ ‘ਤੇ ਤਸ਼ੱਦਦ ਕੀਤਾ ਗਿਆ ਅਤੇ ਗੁਰੂ ਸਾਹਿਬ ਦੇ ਅਦਬ ਨੂੰ ਢਾਹ ਲਾਈ ਗਈ। ਇਸ ਤੋਂ ਬਾਅਦ ਨਵੰਬਰ 1984 ਵਿੱਚ ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਗਿਣੀ ਮਿੱਥੀ ਸਾਜਸ਼ ਅਧੀਨ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਸ ਉਪਰੰਤ ਸਿੱਖ ਨੌਜਵਾਨਾਂ ਨੇ ਗੁਰੂ ਪਾਤਿਸਾਹ ਨੂੰ ਅਰਦਾਸ ਕਰਕੇ ਸਭ ਕੁਝ ਛੱਡ ਛਡਾ ਕੇ ਆਪਣੇ ਮੂੰਹ ਜੰਗ ਵੱਲ ਕਰ ਦਿੱਤੇ। ਇਹਨਾਂ ਸਿੱਖ ਜੁਝਾਰੂਆਂ ਵਿਚੋਂ ਹੀ ਸੰਗਰੂਰ ਜਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਆਲੋਅਰਖ ਦੇ ਭਾਈ ਪਿਆਰਾ ਸਿੰਘ ਤੇ ਇਹਨਾਂ ਦੀ ਸਿੰਘਣੀ ਬੀਬੀ ਭਰਪੂਰ ਕੌਰ, ਭਾਈ ਅਮਰ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਹੋਏ ਹਨ ਜਿਨ੍ਹਾਂ ਦਾ ਨਾਮ ਭਾਵੇਂ ਅੱਜ ਬਹੁਤੇ ਨਹੀਂ ਜਾਣਦੇ ਪਰ ਇਹ ਗੁਰੂ ਆਸ਼ੇ ਅਨੁਸਾਰ ਇਸ ਰਾਹ ‘ਤੇ ਚੱਲੇ ਅਤੇ ਅਡੋਲ ਰਹਿ ਕੇ ਸ਼ਹਾਦਤਾਂ ਦਿੱਤੀਆਂ। ਇਹਨਾਂ ਸ਼ਹੀਦਾਂ ਦੀ ਗਾਥਾ ਇਸ ਕਿਤਾਬ ਵਿੱਚ ਦਰਜ ਕੀਤੀ ਗਈ ਹੈ।

29 ਅਗਸਤ ਦਿਨ ਮੰਗਲਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਦੌਰਾਨ ਇਹ ਕਿਤਾਬ ਜਾਰੀ ਕੀਤੀ ਜਾਵੇਗੀ।

ਇਸ ਤੋਂ ਪਹਿਲਾ ਲੇਖਕ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਬੀਤੇ ਸਮੇਂ ‘ਚ ਜੂਨ 1984 ਦੌਰਾਨ ਇੰਡੀਆ ਦੀ ਫੌਜ ਵੱਲੋਂ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਗੁਰਦੁਆਰਾ ਸਾਹਿਬ ਉੱਤੇ ਕੀਤੇ ਹਮਲੇ ਦੇ ਇਤਿਹਾਸ ਨੂੰ ਕਲਮਬਧ ਕਰਦੀ ਕਿਤਾਬ “ਘੱਲੂਘਾਰਾ 84: ਵੱਖ-ਵੱਖ ਗੁਰਦੁਆਰਿਆਂ ’ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)” ਜਾਰੀ ਕੀਤੀ ਗਈ।

 

ਕਿਤਾਬ ਸ਼ਹੀਦਨਾਮਾ ਦੇਸ਼-ਵਿਦੇਸ਼ ਵਿਚ ਸਿੱਖ ਸਿਆਸਤ ਰਾਹੀ ਮੰਗਵਾਉਣ ਲਈ ਸੁਨੇਹਾ ਭੇਜੋ 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: