ਸਟੋਰ ਜਿਸ ਵਿੱਚ ਸਿੱਖ ਬੁਜਰਗ ਦਾ ਕਤਲ ਕੀਤਾ ਗਿਆ

ਵਿਦੇਸ਼

ਸਿੱਖ ਬੁਜ਼ਰਗ ਦੇ ਕਾਤਲ ਦੀ ਸੂਚਨਾ ਦੇਣ ਵਾਲੇ ਨੂੰ ਦਸ ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ

By ਸਿੱਖ ਸਿਆਸਤ ਬਿਊਰੋ

January 08, 2016

ਫਰਿਜ਼ਨੋ (7 ਜਨਵਰੀ, 2015): ਅਮਰੀਕਾ ਦੇ ਸ਼ਹਿਰ ਫਰਜ਼ਿਨੋ ਵਿੱਚ ਨਵੇਂ ਸਾਲ ਵਾਲੇ ਦਿਨ ਸੀਲਡ ਐਕਸਪ੍ਰੈਸ ਮਾਰਟ ਸਟੋਰ ਤੇ ਕੰਮ ਕਰਦੇ ਗੁਰਚਰਨ ਸਿੰਘ ਗਿੱਲ ਨਾਮੀ 68 ਸਾਲਾ ਸਿੱਖ ਬੁਜ਼ਰਗ ਦਾ ਅਣਪਛਾਤੇ ਕਾਤਲ ਵੱਲੋਂ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।  ਪੁਲਿਸ ਵੱਲੋਂ ਕਾਤਲ ਦੀ ਸੂਚਨਾ ਦੇਣ ਵਾਲੇ ਨੂੰ 10,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।

ਫਰਿਜ਼ਨੋ ਦੇ ਪੁਲਿਸ ਮੁਖੀ ਜੇਰੀ ਡੀਅਰ ਨੇ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕਰਦੇ ਹੋਏ ਵੀਡੀਆ ਵੀ ਦਿਖਾਇਆ ਜਿਸ ‘ਚ ਹਮਲਾਵਰ ਨੂੰ ਗੁਰਚਰਨ ਸਿੰਘ ਗਿੱਲ ਨੂੰ ਮਾਰਦੇ ਹੋਏ ਦਿਖਾਇਆ ਗਿਆ ਹੈ ।

ਇਹ ਸਟੋਰ ਵਿਸਟ ਅਤੇ ਸੀਲਡ ਸਟਰੀਟ ਦੇ ਖੂੰਜੇ ਵਿੱਚ ਸਥਿਤ ਹੈ। ਜਦੋਂ ਗਾਹਕ ਕੁਝ ਲੈਣ ਲਈ ਸਟੋਰ ਅੰਦਰ ਗਿਆ ਤਾਂ ਉਸਨੇਂ ਇਸ ਸਿੱਖ ਬੁਜ਼ਰਗ ਦੀ ਲਾਸ਼ ਸਟੋਰ ਅੰਦਰ ਖੂਨ ਨਾਲ ਲੱਥ-ਪੱਥ ਵੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਕੇਸ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਅਰੰਭੀ ਹੋਈ ਹੈ, ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਮ੍ਰਿਤਕ ਗੁਰਚਰਨ ਸਿੰਘ ਗਿੱਲ ਦਾ ਪਿਛਲਾ ਪਿੰਡ ਧਮੋਟ ਜਿਲਾ ਲੁਧਿਆਣਾ ਵਿੱਚ ਹੈ, ਉਹ ਪਿਛਲੇ ਪੰਦਰਾ ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਇਹ ਕਤਲ ਫਰਿਜ਼ਨੋ ਦਾ ਇਸ ਸਾਲ ਦਾ ਪਹਿਲਾਂ ਕਤਲ ਹੋਇਆ ਹੈ। ਇਸ ਮਨਹੂਸ ਖਬਰ ਨਾਲ ਫਰਿਜ਼ਨੋਂ ਦਾ ਸਿੱਖ ਭਾਈਚਾਰਾ ਡੂੰਘੇ ਸਦਮੇਂ ਵਿੱਚ ਹੈ।ਯਾਦ ਰਹੇ ਕਿ ਇਸ ਮੰਦਭਾਗੀ ਘਟਨਾਂ ਤੋਂ ਪਹਿਲਾਂ ਇੱਕ ਹੋਰ ਪੰਜਾਬੀ ਬਜ਼ੁਰਗ ਦੀ ਕੁਝ ਨਸਲੀ ਵਿਅੱਕਤੀਆਂ ਵੱਲੋਂ ਕੁਟਮਾਰ ਕੀਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: