ਸ੍ਰੀ ਆਨੰਦਪੁਰ ਸਾਹਿਬ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਰੋਕਣਾ ਪੰਜਾਬ ਸਰਕਾਰ ਦਾ ਕੰਮ ਹੈ ਤੇ ਇਹ ਕੰਮ ਸਖ਼ਤੀ ਨਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿੱਖ ਵਿਰੋਧੀ ‘ਏਜੰਸੀਆਂ’ ਦਾ ਕੰਮ ਹੈ, ਜੋ ਹਾਲਾਤ ਖ਼ਰਾਬ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਨ੍ਹਾਂ ਨੇ ਕਦੇ ਵੀ ਮੁਆਫ਼ ਨਹੀਂ ਕੀਤਾ।
ਉਨ੍ਹਾਂ ਨੇ ਕੇਵਲ ਉਸ ਵੱਲੋਂ ਭੇਜੀ ਗਈ ਚਿੱਠੀ ਪ੍ਰਵਾਨ ਕੀਤੀ ਸੀ, ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਨੂੰ ਗ਼ਲਤ ਰੰਗਤ ਦੇ ਦਿੱਤੀ, ਜਿਸ ਕਰ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵੱਲੋਂ ਜਥੇਦਾਰਾਂ ਵੱਲੋਂ ਤਖ਼ਤਾਂ ਦੀ ਮਹਾਨਤਾ ਘਟਾਏ ਜਾਣ ਸਬੰਧੀ ਦਿੱਤੇ ਬਿਆਨ ’ਤੇ ਤਲਖੀ ਵਿੱਚ ਆਉਂਦਿਆਂ ਗੁਰਬਚਨ ਸਿੰਘ ਨੇ ਕਿਹਾ ਕਿ ਤਖ਼ਤਾਂ ਦੀ ਮਹਾਨਤਾ ਉਨ੍ਹਾਂ ਨੇ ਨਹੀਂ ਘਟਾਈ, ਸਗੋਂ ਅਜਿਹੇ ਦੋਸ਼ ਲਾਉਣ ਵਾਲਿਆਂ ਨੇ ਘਟਾਈ ਹੈ। ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਜਦੋ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਬਾਰੇ ਪੁੱਛਿਆ ਗਿਆ ਤਾਂ ਉਹ ਭੜਕ ਪਏ ਤੇ ਪ੍ਰੈੱਸ ਕਾਨਫ਼ਰੰਸ ਛੱਡ ਕੇ ਚਲੇ ਗਏ।
ਇਸ ਤੋ ਪਹਿਲਾਂ ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਖ਼ਤ ਪਟਨਾ ਸਾਹਿਬ ਵਿੱਚ ਸੋਨੇ ਦੀ ਸੇਵਾ ਚੱਲ ਰਹੀ ਹੈ ਤੇ ਪਾਰਕਿੰਗ ਵੀ ਤਿਆਰ ਹੋ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਬਰਗਾੜੀ ਸਮੇਤ ਹੋਰ ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ ਤਾਂ ਉਹ ਇਕਦਮ ਭੜਕ ਗਏ ਤੇ ਉਠ ਕੇ ਚਲੇ ਗਏ।
ਧੰਨਵਾਦ ਸਾਹਿਬ: ਪੰਜਾਬੀ ਟ੍ਰਿਬਿਊਨ