ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਅੰਜ਼ਾਮ ਦਿੱਤੇ ਗਏ ਗ੍ਰਿਨੇਡ ਹਮਲੇ ਨੇ ਜਾਗਰੂਕ ਸਿੱਖਾਂ ਦੀਆਂ ਉਨ੍ਹਾਂ ਸ਼ੰਕਾਵਾਂ ਨੂੰ ਯਕੀਨ ਵਿੱਚ ਬਦਲ ਦਿੱਤਾ ਹੈ ਕਿ ਜਦ ਕਿਧਰੇ ਵੀ ਘੱਟਗਿਣਤੀਆਂ ਹੱਕਾਂ ਦੀ ਅਵਾਜ ਬੁਲੰਦ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਅਜੇਹੀਆਂ ਘਟਨਾਵਾਂ ਦੇ ਸੰਤਾਪ ਵਿੱਚ ਉਲਝਾ ਦਿੱਤਾ ਜਾਂਦਾ ਹੈ। ਅਦਲੀਵਾਲ ਵਿਖੇ ਵਾਪਰੀ ਘਟਨਾ ਜਿਥੇ ਇਸ ਤਲਖ ਹਕੀਕਤ ਦਾ ਪ੍ਰਤੱਖ ਸਬੂਤ ਸੀ ਕਿ ਪੰਜਾਬ ਦੇ ਖਰਾਬ ਹੋ ਰਹੇ ਜਿਸ ਮਾਹੌਲ ਦਾ ਰੌਲਾ ਕੁਝ ਸਿਆਸੀ ਲੋਕ ਤੇ ਅਫਸਰਸ਼ਾਹੀ ਪਿਛਲੇ ਕੁਝ ਮਹੀਨਿਆਂ ਤੋਂ ਵੱਖ ਵੱਖ ਤੌਰ ਤਰੀਕਿਆਂ ਨਾਲ ਪਾ ਰਹੀ ਸੀ ਤੇ ਜਿਨ੍ਹਾਂ ਸਖਤ ਸੁਰਖਿਆ ਦੇ ਦਾਅਵਿਆਂ ਦੇ ਬਾਵਜੂਦ ਅੱਜ ਦੀ ਘਟਨਾ ਵਾਪਰੀ ਹੈ ਸਵਾਲ ਕਰਦੀ ਹੈ ਕਿ ਕੀ ਪੰਜਾਬ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਅਜੇਹੇ ਹਾਲਾਤਾਂ ਵਲ ਧਕਣ ਦੀ ਸਕ੍ਰਿਪਟ ਬਹੁਤ ਦੇਰ ਪਹਿਲਾਂ ਲਿਖੀ ਜਾ ਚੱੁਕੀ ਸੀ?
ਇਕੱਲੇ ਪੰਜਾਬ ਦੀ ਹੋਣੀ ਨਾਲ ਜੋੜ ਕੇ ਬੀਤੇ ਦੀਆਂ ਘਟਨਾਵਾਂ ਵੇਖੀਆਂ ਜਾਣ ਤਾਂ ਸਾਲ 2015 ਉਹ ਮਨਹੂਸ ਸਾਲ ਸੀ ਜਦੋਂ ‘ਅਜਾਦ ਦੇਸ਼’ ਅੰਦਰ ਸਿੱਖਾਂ ਦੇ ਇਸ਼ਟ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋ ਜਾਣ ਦੀ ਘਟਨਾ ਤੋਂ ਲੈਕੇ ਘੋਰ ਬੇਅਦਬੀ ਤੀਕ ਦਾ ਕਾਰਾ ਅੰਜ਼ਾਮ ਦੇ ਦਿੱਤਾ ਗਿਆ। ਤਰਾਸਦੀ ਰਹੀ ਕਿ ਪੰਜਾਬ ਦੇ ਸੱਤਾ ਤੇ ਉਹ ਲੋਕ ਕਾਬਜ ਸਨ ਜਿਨ੍ਹਾਂ ਨੇ ਪਿਛਲੇ ਚਾਰ ਦਹਾਕਿਆਂ ਤੋਂ ਖੁਦ ਨੂੰ ਪੰਥ ਦੇ ਵਾਰਿਸ ਹੋਣ ਦਾ ਭਰਮ ਪਾਲਿਆ। ਪਰ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੇ ਸਿੱਖਾਂ ਨੂੰ ਪੰਜਾਬ ਦੀ ਜਿਸ ‘ਅਨੁਸ਼ਾਸ਼ਤ’ ਪੁਲਿਸ ਨੇ ਡਾਂਗਾਂ ਤੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਉਹ ਵੀ ਸੱਤਾਧਾਰੀਆਂ ਵੱਲੋਂ ਸਿਆਸੀ ਹਿੱਤਾਂ ਤੇ ਇਨਸਾਫ ਤੋਂ ਇਨਕਾਰੀ ਹੋਣ ਦੀ ਨੀਅਤ ਨਾਲ ਅਣਪਛਾਤੀ ਐਲਾਨ ਦਿੱਤੀ ਗਈ। ਨਤੀਜਾ ਇਹ ਹੋਇਆ ਕਿ ਲੋਕਾਂ ਅਜੇਹੇ ਧਰਮੀਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਸਾਲ 2015 ਵਿੱਚ ਵਾਪਰੀ ਬੇਅਦਬੀ ਤੇ ਕਤਲ ਕਾਂਡ ਦੀ ਜਾਂਚ ਕਰ ਰਹੇ ਜਾਂਚ ਕਮਿਸ਼ਨ ਦੀ ਰਿਪੋਰਟ ਵੀ 28 ਅਗਸਤ 2018 ਨੂੰ ਸਾਹਮਣੇ ਆਈ ਤਾਂ ਅਖੌਤੀ ਪੰਥਕਾਂ ਦਾ ਗੁਰੂ ਦੋਖੀ ਤੇ ਸਿੱਖ ਦੁਸ਼ਮਣ ਚਿਹਰਾ ਬੇ ਨਕਾਬ ਹੋ ਗਿਆ, ਇਹ ਵਿਸ਼ਵ ਭਰ ਦੇ ਇਨਸਾਫ ਪਸੰਦ ਲੋਕਾਂ ਨੇ ਵੇਖਿਆ ਵੀ ਤੇ ਸਰਾਹਿਆ ਵੀ।
ਇਸ ਜਾਂਚ ਰਿਪੋਰਟ ਦੇ ਸਾਹਮਣੇ ਆਣ ਤੇ ਪੰਥ ਦੇ ਨਕਾਬ ਵਿੱਚ ਛੁਪੇ ਗੁਰੂ ਦੋਖੀ ਬਾਦਲ ਕਿਆਂ (ਜਿਨ੍ਹਾਂ ਸਵਾ ਸਾਲ ਗੁਰੂ ਦੀ ਬੇਅਦਬੀ ਤੇ ਸਿੱਖਾਂ ਦੇ ਕਤਲ ਦਾ ਇਨਸਾਫ ਨਹੀ ਦਿੱਤਾ) ਨੂੰ ਮਹਿਸੂਸ ਹੋਇਆ ਕਿ ਹੁਣ ਦੀ ਸੱਤਾਧਾਰੀ ਧਿਰ ਜਬਰ ਕਰ ਰਹੀ ਹੈ। ਬੇਅਦਬੀ ਦੇ ਇਨਸਾਫ ਦੇ ਰਾਹ ਵਿੱਚ ਰੋੜਾ ਬਨਣ ਲਈ ਹੀ ਬਾਦਲ ਦਲ ਨੇ ਜੋ ਪਹਿਲੀ ਚਾਲ ਚੱਲੀ ਉਹ ਸੀ ਫਰੀਦਕੋਟ ਹਲਕੇ ਵਿੱਚ ਜਬਰਵਿਰੋਧੀ ਰੈਲੀ ਰੱਖਣਾ। ਹਾਲਾਂਕਿ ਅਜੇ ਤੀਕ ਬਾਦਲਾਂ ਨਾਲ ਕੋਈ ਜਬਰ ਨਹੀਂ ਸੀ ਹੋਇਆ। ਇਸਦੇ ਬਾਵਜੂਦ 16 ਸਤੰਬਰ 2018 ਦੀ ਫਰੀਦਕੋਟ ਰੈਲੀ ਵਿੱਚ ਮੰਚ ਤੋਂ ਇਹ ਕਿਹਾ ਗਿਆ ਕਿ ‘ਕੋਈ ਪਿਸਤੋਲ ਧਾਰੀ ਬਾਦਲ ਪਿਉ ਪੱੁਤਰ ਨੂੰ ਮਾਰਨ ਲਈ ਪੰਡਾਲ ਵਿੱਚ ਪੁਜ ਗਿਆ ਸੀ’। ਪਰ ਬਾਅਦ ਵਿੱਚ ਇਹ ਵੀ ਸ਼ੋਸ਼ਾ ਹੀ ਨਿਕਲਿਆ। ਲੇਕਿਨ ਇਕ ਵਾਰ ਬਰਗਾੜੀ ਤੋਂ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੰ ਸਜਾਵਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਜੂਨ 2018 ਤੋਂ ਚਲ ਰਹੇ ਇਨਸਾਫ ਮੋਰਚੇ ਨੂੰ ਅਮਨ ਸ਼ਾਂਤੀ ਲਈ ਖਤਰਾ, ਵਿਦੇਸ਼ੀ ਹਮਾਇਤ ਅਤੇ ਹੋਰ ਅਣਗਿਣਤ ਖਦਸ਼ਿਆਂ ਨਾਲ ਨਿਸ਼ਾਨਾ ਬਣਾਉਣ ਦਾ ਦੌਰ ਸ਼ੁਰੂ ਹੋਇਆ। ਜਲੰਧਰ ਦੇ ਇੱਕ ਥਾਣੇ ਬਾਹਰ ਧਮਾਕਾ ਹੋਇਆ ਤਾਂ ਸਾਰੇ ਪੰਜਾਬ ‘ਚੋਂ ਵੱਧ ਰਹੇ ਅੱਤਵਾਦ ਦੀ ਬੋਅ ਆਉਣੀ ਸ਼ੁਰੂ ਹੋ ਗਈ। ਖੁਦ ਭਾਰਤੀ ਫੌਜ ਦੇ ਮੁਖੀ ਨੇ ਬਿਆਨ ਦਾਗ ਦਿੱਤਾ ਕਿ ਸਾਨੂੰ ਪੰਜਾਬ ਦੇ ਹਾਲਾਤਾਂ ਨੂੰ ਅਣਦੇਖਿਆ ਨਹੀ ਕਰਨਾ ਚਾਹੀਦਾ। ਨਤੀਜਾ ਪੂਰਾ ਪੰਜਾਬ ਤੇ ਵਿਸ਼ੇਸ਼ ਕਰਕੇ ਸਰਹੱਦੀ ਖੇਤਰਾਂ ਵਿੱਚ ਚੌਕਸੀ ਲੇਕਿਨ ਬੇਅਦਬੀ ਕਾਂਡ ਦੀ ਜਾਂਚ ਵਿੱਚ ਲੋੜੀਂਦੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਤੇ ਉਪ ਮੁਖ ਮੰਤਰੀ ਨੂੰ ਜਾਂਚ ਲਈ ਅੰਮ੍ਰਿਤਸਰ ਆਉਣ ਤੋਂ ਡਰ ਲੱਗਣ ਲੱਗ ਪਿਆ। ਵੋਟਾਂ ਦੇ ਦਿਨ੍ਹਾਂ ਵਿਚ ਸੁਰਖਿਆ ਘੇਰਾ ਤੋੜ ਤੋੜ ਵੋਟਰਾਂ ਦੇ ਗਲ ਲੱਗਣ ਵਾਲੇ ਇਨ੍ਹਾਂ ਆਗੂਆਂ ਨੂੰ ਜਾਂਚ ਟੀਮ ਵੀ ਸਰਕਾਰੀ ਸਾਜਿਸ਼ ਦਾ ਹਿੱਸਾ ਨਜਰ ਆਣ ਲੱਗ ਪਈ ।
ਪਰ ਇਸੇ ਦੌਰਾਨ ਪਠਾਨਕੋਟ ਵਿਖੇ ਵਾਪਰੀ ਇਕ ਗੱਡੀ ਖੋਹੇ ਜਾਣ ਦੀ ਘਟਨਾ ਤੇ ਗੱਡੀ ਖੋਹਣ ਵਾਲੇ ਕਥਿਤ ‘ਵਿਦੇਸ਼ੀ ਅੱਤਵਾਦੀ’ ਹੋਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਜਾਂ ਫੈਲਾ ਦਿੱਤੀ ਗਈ। ਪੁਲਿਸ ਨੇ ਸ਼ੱਕੀਆਂ ਦੀਆਂ ਤਸਵੀਰਾਂ ਵੀ ਨਸ਼ਰ ਕਰ ਦਿੱਤੀਆਂ ਤੇ ਇਸਦੇ ਨਾਲ ਹੀ ਇਹ ਵੀ ਐਲਾਨ ਦਿੱਤਾ ਕਿ ਪੰਜਾਬ ਤੇ ਵਿਸ਼ੇਸ਼ ਕਰਕੇ ਸਰਹੱਦੀ ਜਿਲ੍ਹੇ ਸਖਤ ਸੁਰਖਿਆ ਦੇ ਘੇਰੇ ਵਿੱਚ ਹਨ, ਚੱਪੇ ਚੱਪੇ ਤੇ ਅਰਧ ਸੈਨਿਕ ਦਲ ਤਾਇਨਾਤ ਹਨ, ਸ਼ਹਿਰ ਦੇ ਦਾਖਲੇ ਤੇ ਨਿਕਾਸੀ ਮਾਰਗ ਸੀਲ ਕਰ ਦਿੱਤੇ ਗਏ ਹਨ। ਪਰ ਜੋ ਸੰਦੇਸ਼ ਅੱਜ ਦੀ ਸਵੇਰ ਨੇ ਅੰਮ੍ਰਿਤਸਰ ਵਾਸੀਆਂ ਤੇ ਸੂਬੇ ਦੀ ਸਰਕਾਰ ਨੂੰ ਦਿੱਤਾ ਉਹ ਸੀ ਅਦਲੀਵਾਲ ਸਥਿਤ ਨਿਰੰਕਾਰੀ ਸਤਿਸੰਗ ਵਿਖੇ ਦੋ ਅਣਪਛਾਤੇ ਲੋਕਾਂ ਵਲੋਂ ਗ੍ਰਿਨੇਡ ਨਾਲ ਹਮਲਾ।ਜਿਕਰ ਕਰਨਾ ਜਰੂਰੀ ਹੈ ਕਿ ਅਦਲੀਵਾਲ, ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮਹਿਜ ਡੇਢ ਕਿਲੋਮੀਟਰ ਦੀ ਦੂਰੀ ਤੇ ਹੈ ਜੋ ਕਿ ਹਾਈ ਸਕਿਉਰਿਟੀ ਜੋਨ ਵਿੱਚ ਆਉਂਦਾ ਹੈ। ਇਥੇ ਹੀ ਬਸ ਨਹੀ 1990 ਤੋਂ ਬਾਅਦ ਗੁਰੂ ਨਗਰੀ ਦੇ ਨਾਲ ਨਾਲ ਵੱਖ ਵੱਖ ਪੇਂਡੂ ਖੇਤਰਾਂ ਤੇ ਕਸਬਿਆਂ ਵਿੱਚ ਨਿਰੰਕਾਰੀ ਭਵਨ ਉੱਸਰੇ ਹਨ। ਪਰ ਇਨ੍ਹਾਂ ਨੂੰ ਕਿਸ ਤੋਂ ਖਤਰਾ ਹੈ ਇਸ ਬਾਰੇ ਕਿਸੇ ਨੁੰ ਕਦੇ ਖਿਆਲ ਨਹੀ ਆਇਆ।
ਘਟਨਾ ਦੇ ਜੋ ਦੋ ਪਹਿਲੂ ਪੰਜਾਬ ਦੇ ਮਾਹੌਲ ਨੂੰ ਵਿਸ਼ੇਸ਼ ਕਰਕੇ ਇਨਸਾਫ ਮੰਗ ਰਹੀ ਸਿੱਖ ਕੌਮ ਨਾਲ ਜੋੜ ਕੇ ਵੇਖੇ ਜਾ ਰਹੇ ਹਨ ਉਹ ਇਹੀ ਹਨ ਕਿ ਹਮਲਾਵਰਾਂ ਵਲੋਂ ਨਿਰੰਕਾਰੀ ਸਤਿਸੰਗ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਚੁਣਿਆ ਜਾਣਾ। ਇਤਿਹਾਸ ਦੇ ਜਾਣਕਾਰ ਤੇ ਵੀਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਦੀਆਂ ਘਟਨਾਵਾਂ ਦਾ ਮੁਲਾਂਕਣ ਕਰਨ ਵਾਲੇ ਲੋਕ ਭਲੀਭਾਂਤ ਜਾਣਦੇ ਹਨ ਕਿ 13 ਅਪਰੈਲ 1978 ਦੀ ਘਟਨਾ ਤੋਂ ਪੈਦਾ ਹੋਏ ਹਾਲਾਤਾਂ ਦਾ ਨਤੀਜਾ ਸਿੱਖ ਨਸਲਕੁਸ਼ੀ ਰਿਹਾ ਹੈ। ਤੇ ਇਸ ਸਿੱਖ ਨਸਲਕੁਸ਼ੀ ਦਾ ਜੇਕਰ ਸੱਤਾ ਦੇ ਰੂਪ ਵਿੱਚ ਕਿਸੇ ਸਿੱਖ ਕਹਾਉਣ ਵਾਲੇ ਸਿਆਸੀ ਦਲ ਨੇ ਲਿਆ ਹੈ ਤਾਂ ਉਹ ਹੈ ਅਖੌਤੀ ‘ਅਕਾਲੀ ਦਲ’। ਮਹਿਜ ਡੇਢ ਸਾਲ ਪਹਿਲਾਂ ਹੀ ਇਹ ਅਖੌਤੀ ਪੰਥਕ ਲੋਕ ਸੱਤਾ ਤੋਂ ਬਾਹਰ ਹੋਏ ਹਨ ਤੇ ਇਸਦਾ ਮੁੱਖ ਕਾਰਣ ਵੀ ਸਿੱਖਾਂ ਨੂੰ ਇਨਸਾਫ ਤੋਂ ਇਨਕਾਰੀ ਹੋਣਾ ਹੈ। ਅਚਨਚੇਤ ਹੀ ਸਿੱਖ ਕੌਮ ਨੂੰ ਉਸੇ ਕਗਾਰ ਤੇ ਲਿਆ ਕੇ ਖੜੇ ਕਰਨਾ ਤੇ ਅਖੌਤੀ ‘ਅੱਤਵਾਦ ਤੇ ਦਹਿਸ਼ਤਵਾਦ’ ਦੀ ਆੜ ਹੇਠ ਬਦਨਾਮੀ ਦੇ ਰਾਹ ਤੋਰਨ ਦੀ ਵਿਉਂਤਬੰਦੀ ਕੋਈ ਰਾਤੋ ਰਾਤ ਨਹੀਂ ਬਲਕਿ ਇਸ ਵਰਤਾਰੇ/ਕਾਰੇ ਦੀ ਸਕ੍ਰਿਪਟ ਬਹੁਤ ਸਮਾਂ ਪਹਿਲਾਂ ਲਿਖੀ ਜਾ ਚੱੁਕੀ ਸੀ, ਇਹੀ ਵੱਡੀ ਚਿੰਤਾ ਦਾ ਕਾਰਣ ਹੈ।