ਨਨਕਾਣਾ ਸਾਹਿਬ, ਪਾਕਿਸਤਾਨ: ਪਾਕਿਸਤਾਨ ਵਿਚਲੇ ਪਵਿੱਤਰ ਅਤੇ ਇਤਿਹਾਸਕ ਸ਼ਹਿਰ ਨਨਕਾਣਾ ਸਾਹਿਬ ਨੂੰ ਜਾਂਦੀ ਇਕ ਜਰਨੈਲੀ ਸੜਕ ਉੱਤੇ ਪਾਕਿਸਤਾਨ ਦੇ ਸੜਕੀ ਮਹਿਕਮੇਂ ਵੱਲੋਂ ਨਵੀਂ ਲਾਈ ਗਈ ਤਖਤੀ ’ਤੇ ਗੁਰਮੁਖੀ ਦੀ ਥਾਵੇਂ ਹਿੰਦੀ (ਦੇਵਨਾਗਰੀ) ਲਿਖਣ ਦੇ ਮਸਲੇ ਬਾਰੇੇ ਲਹਿੰਦੇ ਪੰਜਾਬ ਦੇ ਸੂਬਾਈ ਪਾਰਲੀਮਾਨੀ ਸਕੱਤਰ ਸ. ਮਹਿੰਦਰਪਾਲ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਇਹ ਤਖਤੀ ਗਲਤੀ ਦਾ ਨਤੀਜਾ ਸੀ ਤੇ ਇਸ ਨੂੰ ਛੇਤੀ ਹੀ ਠੀਕ ਕੀਤਾ ਜਾਵੇਗਾ।
ਇਕ ਬੋਲਦੇ ਸੁਨੇਹੇ (ਵੀਡੀਓ), ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ, ਵਿਚ ਸ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਤਖਤੀ ਨਵੀਂ ਲਾਈ ਗਈ ਸੀ ਅਤੇ ਸੜਕੀ ਮਹਿਕਮੇਂ ਦੇ ਕਰਿੰਦਿਆਂ ਨੇ ਕਿਸੇ ਸਿਰਦਾਰ ਜਾਂ ਗੁਰਮੁਖੀ ਦੇ ਜਾਣਕਾਰੀ ਦੀ ਸਲਾਹ ਲੈਣ ਦੀ ਬਜਾਏ ਤਖਤੀ ਉੱਤੇ ਲਿਖੀ ਜਾਣ ਵਾਲੀ ਜਾਣਕਾਰੀ ਦਾ ਆਪੇ ਹੀ ਗੂਗਲ ਰਾਹੀਂ ਉਲੱਥਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਇਹ ਗਲਤੀ ਹੋ ਗਈ।
ਸ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੜਕੀ ਮਹਿਕਮੇਂ ਦੇ ਨਿਰਦੇਸ਼ਕ ਨਾਲ ਗੱਲ ਹੋਈ ਤੇ ਨਿਰਦੇਸ਼ਕ ਨੇ ਇਸ ਗੱਲ ਨੂੰ ਰੱਦ ਕੀਤਾ ਹੈ ਕਿ ਇਹ ਤਖਤੀ ਨਨਕਾਣਾ ਸਾਹਿਬ ਨੂੰ ਜਾਣ ਵਾਲੀਆਂ ਪਹਿਲੀਆਂ ਤਖਤੀਆਂ ਜਿਨ੍ਹਾਂ ਉੱਤੇ ਗੁਰਮੁਖੀ ਲਿਖੀ ਹੋਈ ਸੀ, ਉਸ ਨੂੰ ਲਾਹ ਕੇ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਗੁਰਮੁਖੀ ਵਾਲੀਆਂ ਪਹਿਲੀਆਂ ਤਖਤੀਆਂ ਉਸੇ ਤਰ੍ਹਾਂ ਹੀ ਲੱਗੀਆਂ ਹੋਈਆਂ ਹਨ ਅਤੇ ਇਹ ਨਵੀਂ ਤਖਤ ਵੀ ਛੇਤੀ ਹੀ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਖਤ ਉੱਤੇ ਵੀ ਪਹਿਲੀਆਂ ਤਖਤੀਆਂ ਵਾਙ ਉਰਦੂ, ਅੰਗਰੇਜ਼ੀ ਅਤੇ ਪੰਜਾਬੀ (ਗੁਰਮੁਖੀ) ਲਿਖੀ ਜਾਵੇਗੀ।