ਅੰਮ੍ਰਿਤਸਰ( 17 ਫਰਵਰੀ, 2015): ਅਮਰੀਕਾ ਦੇ ਦੌਰੇ ‘ਤੇ ਗਏ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਫੈਡਰਲ ਮੰਤਰੀ ਪੀਰ ਮੁਹੰਮਦ ਅਮੀਨੁਲ ਹਸਨ ਸ਼ਾਹ ਨੇ ਨਿਊ ਜਰਸੀ ਸ਼ਹਿਰ ਦੇ ਗਲੈਨ ਰਾਕ ਗੁਰਦੁਆਰੇ ਵਿੱਚ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਰੱਖਿਆ ਜਾਵੇਗਾ।
ਇਸ ਦਾ ਗੱਲ ਦਾ ਪ੍ਰਗਟਾਵਾ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕੀਤਾ ਹੈ। ੳੁਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਅਮਰੀਕਾ ਦੌਰੇ ’ਤੇ ਆਏ ਹੋਏ ਹਨ ਅਤੇ ਇਸ ਦੌਰਾਨ ਉਨ੍ਹਾਂ ਨਿਊ ਜਰਸੀ ਸ਼ਹਿਰ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ।
ਉਨ੍ਹਾਂ ਭਰੋਸਾ ਦਿੱਤਾ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਰਹੇਗਾ ਅਤੇ ਗੁਰਪੁਰਬ ਤੇ ਦਿਨ ਦਿਹਾੜੇ ਇਸੇ ਕੈਲੰਡਰ ਅਨੁਸਾਰ ਹੀ ਮਨਾਏ ਜਾਣਗੇ। ਉਨ੍ਹਾਂ ਆਖਿਆ ਕਿ ਸਿੱਖ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਮੂਲ ਰੂਪ ਵਿੱਚ ਸਵੀਕਾਰ ਕਰ ਚੁੱਕੇ ਹਨ। ਕੁਝ ਕਾਰਨਾਂ ਕਰਕੇ ਕੁਝ ਸਿੱਖ ਸੰਸਥਾਵਾਂ ਇਸ ਕੈਲੰਡਰ ਵਿੱਚ ਤਬਦੀਲੀਆਂ ਕਰਕੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰ ਰਹੇ ਹਨ ਪਰ ਪਾਕਿਸਤਾਨ ਦੇ ਸਿੱਖਾਂ ਨੂੰ ਸਿਰਫ ਮੂਲ ਨਾਨਕਸ਼ਾਹੀ ਕੈਲੰਡਰ ਹੀ ਸਵੀਕਾਰ ਹੈ।
ਅਮਰੀਕਾ ਦੀ ਸਿੱਖ ਸੰਗਤ ਨੇ ਪਾਕਿਸਤਾਨੀ ਮੰਤਰੀ ਦਾ ਗੁਰਦੁਆਰਾ ਸਾਹਿਬ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਸਿੱਖ ਸੰਗਤ ਨੇ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ, ਵੀਜ਼ੇ ਦੇਣ ਅਤੇ ਸਿੱਖਾਂ ਦੀ ਸੁਰੱਖਿਆ ਵਰਗੇ ਮੁੱਦੇ ਵੀ ਉਠਾਏ, ਜਿਨ੍ਹਾਂ ਦੇ ਸਵਾਲ ਵਿੱਚ ਫੈਡਰਲ ਮੰਤਰੀ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ।
ਜ਼ਿਕਰਯੋਗ ਕਿ ਪਾਕਿਸਤਾਨ ਵਿੱਚ ਪਹਿਲਾਂ ਮੂਲ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਹੈ ਅਤੇ ਸ਼੍ਰੋਮਣੀ ਕਮੇਟੀ ਵਿੱਚ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਹੈ,ਜਿਸ ਕਾਰਨ ਦੋਵਾਂ ਦੇਸ਼ਾਂ ਵਿੱਚ ਗੁਰਪੁਰਬ ਦੀਆਂ ਤਰੀਕਾਂ ਅੱਗੇ ਪਿੱਛੇ ਆਉਂਦੀਆਂ ਹਨ ਅਤੇ ਸਿੱਖ ਸੰਗਤ ਨੂੰ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਸਤੇ ਵੀਜ਼ੇ ਮਿਲਣ ਵਿੱਚ ਦਿੱਕਤ ਪੇਸ਼ ਆਉਂਦੀ ਹੈ।
ਇਸ ਸਬੰਧੀ ਬੀਤੇ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ ਅਤੇ ਪਾਕਿਸਤਾਨੀ ਸਿੱਖਾਂ ਨੂੰ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਸੀ। ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਕੀਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਸਮਾਜ ਦੇ ਦਬਾਅ ਅਧੀਨ ਮੂਲ ਨਾਨਕਸ਼ਾਹੀ ਕੈਲੰਡਰ ਦੀ ਜਗਾ ਬਿਕਰਮੀ ਕੈਲੰਡਰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ।ਇਨ੍ਹਾਂ ਯਤਨਾਂ ਅਧੀਨ ਹੀ ਨਾਨਕਸ਼ਾਹੀ ਕੈਲੰਡਰ ਦੇ ਹੱਕ ‘ਚ ਸਟੈਂਡ ਲੈਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਗੈਰ ਪੰਥਕ ਤਰੀਕੇ ਨਾਲ ਸੇਵਾ ਮੁਕਤ ਕਰ ਦਿੱਤਾ ਸੀ।