ਤਲਵੰਡੀ ਸਾਬੋ ( 25 ਦਸੰਬਰ, 2014): ਸਿੱਖ ਕੌਮ ਵਿੱਚ ਇਸ ਸਮੇਂ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰੰਮੀ ਕੈਲੰਡਰ ਨੂੰ ਲੈਕੇ ਖਿੱਚੋਤਾਣ ਬਣੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ‘ਤੇ ਵਿਚਾਰ ਕਰਨ ਲਈ 2 ਜਨਵਰੀ ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦੀ ਹੋਈ ਹੈ।
ਬਿਕ੍ਰਮੀ ਕੈਲੰਡਰ ਦੀ ਹਮਾਇਤੀ ਧਿਰ ਸੰਤ ਸਮਾਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲਕੇ ਦਬਾਅ ਬਣਾਇਆ ਹੋਇਆ ਹੈ।
ਦੁਸਰੇ ਪਾਸੇ ਨਾਨਕਸ਼ਾਹੀ ਕੈਲੰਡਰ ਦੀਆਂ ਹਮਾਇਤੀ ਜੱਥੇਬੰਦੀਆਂ ਦੇ ਆਗੂਆਂ ਨੇ 24 ਦਸੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਵੱਲੋਂ ਨਾਨਕਸ਼ਾਹੀ ਲਏ ਪੈਤੜੇ ਦੀ ਹਮਾਇਤ ਕਰਦਿਆਂ 1 ਜਨਵਰੀ ਨੂੰ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਦਾ ਐਲਾਨ ਕੀਤਾ ਹੈ।
ਤਖਤ ਸ੍ਰੀ ਦਮਦਮਾ ਸਾਹਿਬ ‘ਤੇ ਜੱਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਉੱਘੇ ਸਿੱਖ ਪ੍ਰਚਾਰਕ ਅਤੇ ਗੁਰਮਤਿ ਸੇਵਾ ਲਹਿਰ ਦੇ ਆਗੂ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ “ ਸੰਨ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਸੰਤ ਸਮਾਜ ਅਤੇ ਸ਼੍ਰੌਮਣੀ ਕਮੇਟੀ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਬਾਰੇ ਤੱਥਾਂ ਤੋਂ ਜਾਣੂ ਹੀ ਨਹੀਂ ਹਨ।
ਸੰਤ ਸਮਾਜ ਸਿੱਖ ਸੰਗਤ ਨੂੰ ਇਹ ਕਹਿ ਕੇ ਗੁਮਰਾਹ ਕਰ ਰਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਇੱਕੋ ਹੀ ਹੈ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੂਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਰੀਕਾਂ ਵਿੱਚ ਭੁੰਬਲਭੂਸਾ ਨਵੇਂ ਨਾਨਕਸ਼ਾਹੀ ਕੈਲੰਡਰ ਕਰਕੇ ਨਹੀਂ ਸਗੋਂ ਬਿਕ੍ਰਮੀ ਕੈਲੰਡਰ ਕਰਕੇ ਪੈਦਾ ਹੋਇਆ ਹੈ।
ਤਰੀਕਾਂ ਦਾ ਟਰਕਾਅ ਬੀਤੇ ਸਮੇਂ ਵਿੱਚ ਵੀ ਪੈਦਾ ਹੋਇਆ ਸੀ ਅਤੇ ਜੇਕਰ ਬਿਕ੍ਰਮੀ ਕੈਲੰਡਰ ਲਾਗੂ ਹੋਇਆ ਤਾਂ ਭਵਿੱਖ ਵਿੱਚ ਵੀ ਤਾਰੀਕਾਂ ਦਾ ਟਕਰਾਅ ਹੋਵੇਗਾ।
ਨਾਨਕਸ਼ਾਹੀ ਕੋਆਰਡੀਨੇਸ਼ਨ ਕਮੇਟੀ ਦੇ ਕਿਰਪਾਲ ਸਿੰਘ ਨੇ ਕਿਹਾ ਕਿ ਸ. ਪਾਲ ਸਿੰਘ ਪੁਰੇਵਾਲ ਨੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ। ਉਸ ਸਮੇਂ ਤੋਂ 2010 ਤੱਕ ਕੋਈ ਸਮੱਸਿਆ ਨਹੀਂ ਆਈ, ਪਰ ਜਦੋਂ ਤੋਂ ਸੋਧਿਆ ਕੈਲੰਡਰ ਲਾਗੂ ਹੋਇਆ ਹੈ, ਉਸ ਸਮੇਂ ਤੋਂ ਤਾਰੀਕਾਂ ਦਾ ਝਮੇਲਾ ਪੈਣਾ ਸ਼ੁਰੂ ਹੋਇਆ ਹੈ।