ਸਿੱਖ ਖਬਰਾਂ

ਮੌਜੂਦਾ ਕੈਲੰਡਰ ਵਿੱਚ ਸੋਧ ਹੋ ਸਕਦੀ ਹੈ: ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ

By ਸਿੱਖ ਸਿਆਸਤ ਬਿਊਰੋ

November 21, 2014

ਅੰਮ੍ਰਿਤਸਰ (20 ਨਵੰਬਰ,2014): ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੂਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀਦੇ ਪ੍ਰਕਾਸ਼ ਪੁਰਬ ਦੇ ਇੱਕੋ ਦਿਨ 28 ਤਰੀਕ ਨੂੰ ਆਉਣ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੂਰਬ 7 ਜਨਵਰੀ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਹੈ।ਜਦਕਿ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਦਸਮ ਪਿਤਾ ਦੇ ਗੁਰਪੂਰਬ ਦੀ ਤਰੀਕ 5 ਜਨਵਰੀ ਨਿਸ਼ਚਿਤ ਕੀਤੀ ਗਈ ਸੀ।ਵਾਰ ਵਾਰ ਗੁਰਪੂਰਬ ਦੀਆਂ ਤਾਰੀਕਾਂਬਦਲਣ ਨੲਲ ਕੌਮ ਵਿੱਚ ਉਲਝਣ ਪੈਦਾ ਹੋ ਰਹੀ ਹੈ।

ਇਸ ਸਬੰਧੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਗੱਲ ਕਰਦਿਆਂ ਕਿਹਾ ਕਿ ਗੁਰਪੁਰਬਾਂ ਦੀਆਂ ਤਰੀਕਾਂ ਵਿੱਚ ਬਦਲਾਅ ਬਾਰੇ ਉਹ ਖੁਦ ਇਸ ਹੱਕ ਵਿੱਚ ਨਹੀਂ ਹਨ ਕਿ ਵਾਰ -ਵਾਰ ਤਰੀਕਾਂ ਬਦਲੀਆਂ ਜਾਣ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਮੁੜ ਸੋਧ ਹੋ ਸਕਦੀ ਹੈ। ਪਰ ਉਨ੍ਹਾਂ ਕੋਲ ਫਿਲਹਾਲ ਇਸ ਸਬੰਧੀ ਸਿੱਖ ਸੰਗਤ ਵੱਲੋਂ ਕੋਈ ਸੁਝਾਅ ਨਹੀਂ ਆਏ। ਉਨ੍ਹਾਂ ਆਖਿਆ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਲਈ ਦੋ ਮੈਂਬਰੀ ਕਮੇਟੀ ਬਣਾਈ ਗਈ ਸੀ। ਜੇਕਰ ਇਹ ਕਮੇਟੀ ਮੁੜ ਸੋਧ ਦੀ ਲੋੜ ਸਮਝਦੀ ਹੈ ਤਾਂ ਸੋਧ ਲਈ ਰਾਹ ਖੁੱਲ੍ਹਾ ਹੈ।

ਜ਼ਿਕਰਯੋਗ ਹੈ ਕਿ ਇਸ ਦੋ ਮੈਂਬਰੀ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸ਼ਾਮਲ ਹਨ, ਜਿਨ੍ਹਾਂ ਨੇ ਜਨਵਰੀ 2010 ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕੀਤੀ ਸੀ।

ਦੂਜੇ ਪਾਸੇ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਰਬਉਚ ਹੈ ਅਤੇ ਉਸ ਵੱਲੋਂ ਕੈਲੰਡਰ ਸਬੰਧੀ ਜੋ ਵੀ ਆਦੇਸ਼ ਕੀਤੇ ਜਾਣਗੇ, ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਪ੍ਰਵਾਨ ਕਰੇਗੀ।

ਚੇਤੇ ਰਹੇ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇੱਕੋ ਦਿਨ 28 ਦਸੰਬਰ ਨੂੰ ਆਉਣ ਕਾਰਨ ਸ਼੍ਰੋਮਣੀ ਕਮੇਟੀ ਦੀ ਅਪੀਲ ’ਤੇ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰਕਾਸ਼ ਪੁਰਬ ਦੀ ਤਰੀਕ ਬਦਲ ਦਿੱਤੀ ਗਈ ਹੈ। ਪ੍ਰਕਾਸ਼ ਪੁਰਬ ਹੁਣ ਸੱਤ ਜਨਵਰੀ ਨੂੰ ਮਨਾਉਣ ਲਈ ਆਖਿਆ ਗਿਆ ਹੈ।

ਹੁਣ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਤਿੰਨ ਵਾਰ ਵੱਖ-ਵੱਖ ਤਰੀਕਾਂ 28 ਦਸੰਬਰ, 5 ਜਨਵਰੀ ਅਤੇ 7 ਜਨਵਰੀ ਨੂੰ ਮਨਾਏ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਸਿੱਖ ਕੌਮ ਦੁਚਿੱਤੀ ਵਿੱਚ ਹੈ। ਇਸ ਬਾਰੇ ਸਿੱਖ ਵਿਦਵਾਨਾਂ ਦੀ ਰਾਏ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਸੋਧਾਂ ਸਬੰਧੀ ਮੁੜ ਵਿਚਾਰ ਕੀਤੀ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ 2003 ਵਿੱਚ ਜਾਰੀ ਕੀਤਾ ਗਿਆ ਸੀ। ਇਹ ਕੈਲੰਡਰ ਸੂਰਜ ਚਾਲ ’ਤੇ ਬਣਾਇਆ ਗਿਆ ਸੀ ਅਤੇ ਅੰਗਰੇਜ਼ੀ ਕੈਲੰਡਰ ਵਾਂਗ ਸਿੱਖ ਗੁਰੂਆਂ ਦੇ ਪ੍ਰਕਾਸ਼ ਪੁਰਬ, ਜੋਤੀ ਜੋਤ ਸਮਾਉਣ ਦਿਵਸ, ਗੁਰਤਾ ਗੱਦੀ ਦਿਵਸ ਅਤੇ ਸ਼ਹੀਦੀ ਦਿਵਸ ਦੀਆਂ ਤਰੀਕਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਸਨ। ਪਰ ਉਸ ਵੇਲੇ ਪੰਜਾਬ ਤੋਂ ਬਾਹਰਲੇ ਦੋ ਤਖ਼ਤ ਸਾਹਿਬਾਨ ਅਤੇ ਸੰਤ ਸਮਾਜ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਮਗਰੋਂ 2010 ਵਿੱਚ ਸੰਤ ਸਮਾਜ ਦੇ ਪ੍ਰਭਾਵ ਹੇਠ ਹੀ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਦਿਆਂ ਇਸ ਨੂੰ ਮੁੜ ਬਿਕਰਮੀ ਕੈਲੰਡਰ ਬਣਾ ਦਿੱਤਾ ਗਿਆ ਸੀ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: