ਅੰਮਿ੍ਤਸਰ (7 ਅਪ੍ਰੈਲ, 2015): ਹਰਿੰਦਰ ਸਿੱਕਾ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਬਣਾਈ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਦੇ ਮਸ਼ਹੂਰੀ ਲਈ ਵਿਖਾਏ ਜਾ ਰਹੇ ਦ੍ਰਿਸ਼ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾ ਦੀ ਹੋ ਵਰਤੋਂ ਸਬੰਧੀ ਗੱਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ “ਉਨ੍ਹਾਂ ਦੇ ਨਾਮ ਦੀ ਗਲਤ ਵਰਤੋਂ ਹੋ ਰਹੀ ਹੈ ਅਤੇ ਉਹ ਇਸਨੂੰ ਤੁਰੰਤ ਰੋਕਣ ਦੇ ਹੁਕਮ ਦਿੰਦੇ ਹਨ।
ਫ਼ਿਲਮ ਦੀ ਮਸ਼ਹੂਰੀ ਲਈ ਵਿਖਾਏ ਜਾ ਰਹੇ ਦ੍ਰਿਸ਼ ਵਿੱਚ ਨਿਰਮਾਤਾ ਵੱਲੋਂ ਸਿੰਘ ਸਾਹਿਬ ਦਾ ਨਾਂਅ ਸਭ ਤੋਂ ਪਹਿਲਾਂ ਪ੍ਰਸਾਰਿਤ ਕਰਦਿਆਂ ਫ਼ਿਲਮ ਨੂੰ ਉਨ੍ਹਾਂ ਦੀ ਹਮਾਇਤ ਮਿਲਣ ਲਈ ਧੰਨਵਾਦ ਦੀ ਸੂਚਨਾ ਨਸ਼ਰ ਕੀਤੀ ਜਾ ਰਹੀ ਹੈ । ਪ੍ਰਸਾਰਿਤ ਕੀਤੀ ਜਾ ਰਹੀ ਇਸ ਸੂਚਨਾ ਅਨੁਸਾਰ ਫ਼ਿਲਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਲਈ ਉਹ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ।
ਸਿੰਘ ਸਾਹਿਬ ਨਾਲ ਇਸ ਬਾਰੇ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਮੁੱਢਲੀ ਪ੍ਰਕਿਰਿਆ ਵੇਲੇ ਨਿਰਮਾਤਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਸੀ, ਪਰ ਇਸ ਤਰ੍ਹਾਂ ਫ਼ਿਲਮ ਦੀ ਮਸ਼ਹੂਰੀ ਲਈ ਉਨ੍ਹਾਂ ਦੇ ਨਾਂਅ ਦੀ ਵਰਤੋਂ ਕਰਨਾ ਗਲਤ ਹੈ ਅਤੇ ਉਹ ਇਸ ਪ੍ਰਕਿਰਿਆ ‘ਤੇ ਤੁਰੰਤ ਰੋਕ ਲਈ ਨਿਰਦੇਸ਼ ਦੇਂਦੇ ਹਨ ।
ਜ਼ਿਕਰਯੋਗ ਹੈ ਕਿ ਫਿਲਮ “ਨਾਨਕਸ਼ਾਹ ਫਕੀਰ” ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਦ੍ਰਿਸ਼ਮਾਨ ਕਰਨ ਕਰਕੇ ਸਿੱਖ ਕੋਮ ਵਿੱਚ ਵਿਆਪਕ ਪੱਥਰ ‘ਤੇ ਰੋਸ ਫੈਲਦਾ ਜਾ ਰਿਹਾ ਹੈ। ਸਿੱਖ ਪ੍ਰੰਪਰਾਵਾਂ ਦੀ ਪਵਿੱਤਰਤਾ ਨੂੰ ਦਰਕਿਨਾਰ ਕਰਦਿਆਂ ਫਿਲਮ ਦੇ ਨਿਰਮਾਤਾ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਫਿਲਮ ਵਿੱਚ ਵਿਖਾ ਦਿੱਤਾ ਹੈ, ਜਿਸ ਕਰਕੇ ਕੌਮ ਵਿੱਚ ਨਰਾਜ਼ਗੀ ਅਤੇ ਰੋਹ ਵੱਧਦਾ ਜਾ ਰਿਹਾ ਹੈ।
ਇਸ ਫਿਲਮ ਦੇ ਵਿਰੋਧ ਵਿੱਚ ਕਈ ਜਗਾ ਰੋਸ ਮੁਜ਼ਾਹਰੇ ਹੋ ਚੁੱਕੇ ਹਨ ਅਤੇ ਕੌਮ ਸ਼੍ਰੀ ਅਕਾਲਤ ਤਖਤ ਸਾਹਿਬ ਅਤੇ ਭਾਰਤ ਸਰਕਾਰ ਤੋਂ ਇਸ ਫਿਲਮ ‘ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ।