ਸਟੂਡੈਂਟਸ ਫਾਰ ਸੁਸਾਇਟੀ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 10 ਦਸੰਬਰ, 2019 ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਕਸ਼ਮੀਰੀ ਕਾਰਕੁਨ ਪ੍ਰੋਫੈਸਰ ਐਸ.ਆਰ. ਗਿਲਾਨੀ ਦੀ ਯਾਦ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਾਂਧੀ ਭਵਨ ਵਿਖੇ ਹੋਇਆ ਸੀ।
ਇਸ ਮੌਕੇ ਆਤਿਫ਼ (ਪ੍ਰੋ. ਗਿਲਾਨੀ ਦਾ ਪੁੱਤਰ) ਨੇ ਕਿਹਾ ਕਿ ‘ਅੱਬੂ ਪੰਜਾਬ ਬਹੁਤ ਵਾਰ ਆਉਂਦੇ ਸਨ ਅਤੇ ਕਹਿੰਦੇ ਹੁੰਦੇ ਸਨ ਕਿ ਪੰਜਾਬੀ ਭਰਾ ਕਸ਼ਮੀਰ ਦੇ ਸੰਘਰਸ਼ ਦੇ ਹਾਮੀ ਹਨ। ਅੱਜ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਹੈ ਕਿ ਉਹ ਪੰਜਾਬ ਕਿਉਂ ਆਉਂਦੇ ਹੁੰਦੇ ਸਨ’।
ਆਤਿਫ ਨੇ ਕਿਹਾ ਕਿ ਜਿਹੜੀ ਚੀਜ ਕਿਸੇ ਕੋਲੋਂ ਜਿਆਦਾ ਖੋਹੀ ਜਾਵੇ ਉਸ ਚੀਜ ਬਾਰੇ ਉਹਦੀ ਖਿੱਚ ਓਨੀ ਹੀ ਵਧਦੀ ਜਾਂਦੀ ਹੈ ਅਤੇ ਮਨੁੱਖੀ ਹੱਕਾਂ ਦਾ ਮਸਲਾ ਬਿਲਕੁਲ ਅਜਿਹਾ ਹੀ ਹੈ। ਆਤਿਫ ਨੇ ਕਿਹਾ ਕਿ ‘ਮੈਂ ਤੇ ਮੇਰੀ ਭੈਣ ਨੇ ਮਨੁੱਖੀ ਹੱਕਾਂ ਬਾਰੇ ਇਹ ਸਬਕ ਆਪਣੇ ਅੱਬੂ ਤੋਂ ਸਿੱਖਿਆ ਹੈ। ਉਨ੍ਹਾਂ ਸਾਨੂੰ ਦੋਵਾਂ ਨੂੰ ਕਾਨੂੰਨ ਪੜਾਇਆ ਤਾਂ ਕਿ ਅਸੀਂ ਲੋਕਾਂ ਦੀ ਮਦਦ ਕਰ ਸਕੀਏ। ਅਸੀਂ ਆਪਣੇ ਹਿੱਸਾ ਪਾਉਂਣ ਲਈ ਪੂਰੀ ਵਾਹ ਲਾਵਾਂਗੇ’।
ਉਹਨੇ ਅੱਗੇ ਕਿਹਾ ਕਿ ਉਹਦੇ ਪਿਤਾ ਨੇ ਉਨ੍ਹਾਂ ਨਾਲ ਕਦੇ ਵੀ ਇਹ ਜਿਕਰ ਨਹੀਂ ਸੀ ਕੀਤਾ ਕਿ ਸਟੇਟ ਨੇ ਉਨ੍ਹਾਂ ਨਾਲ ਕਿਵੇਂ ਤਸੱਦਦ ਕੀਤਾ ਹੈ। ਉਸ ਨੇ ਕਿਹਾ ਕਿ ਸਾਡੇ ਪਿਤਾ ਨਾਲ ਇੰਨਾ ਕੁਝ ਵਾਪਰਿਆ ਸੀ ਪਰ ਉਨ੍ਹਾਂ ਨੇ ਸਾਨੂੰ ਕਦੇ ਵੀ ਨਫਰਤ ਨਹੀਂ ਸਿਖਾਈ।
ਆਤਿਫ ਨੇ ਕਿਹਾ ਕਿ ਉਸਦੇ ਪਿਤਾ ਨੂੰ ਕਸ਼ਮੀਰ ਦੇ ਸਵੈ-ਨਿਰਣੇ ਦੇ ਹੱਕ ਉੱਤੇ ਪੂਰਾ ਵਿਸਵਾਸ਼ ਸੀ ਉਹ ਕਹਿੰਦੇ ਹੁੰਦੇ ਸਨ ਕੀ ਕੋਈ ਵੀ ਜੰਗ ਜਿੱਤਣ ਲਈ ਹਿੰਮਤ ਸਭ ਤੋਂ ਜਰੂਰੀ ਹੁੰਦੀ ਹੈ।