ਖਾਸ ਖਬਰਾਂ

ਇਰਾਕ ਵਿਚ ਮਾਰੇ ਗਏ ਵਿਅਕਤੀਆਂ ਦੀਆਂ ਅਸਥੀਆਂ ਵਾਰਸਾਂ ਨੂੰ ਸੌਂਪੀਆਂ

By ਸਿੱਖ ਸਿਆਸਤ ਬਿਊਰੋ

April 03, 2018

ਚੰਡੀਗੜ੍ਹ: ਇਰਾਕ ਵਿਚ ਮਾਰੇ ਗਏ 39 ਵਿਅਕਤੀਆਂ ਵਿਚੋਂ 38 ਦੀਆਂ ਅਸਥੀਆਂ ਵਾਲੇ ਤਾਬੂਤ ਲੈ ਕੇ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਅੱਜ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਇਥੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੁਜੇ, ਜਿਥੇ ਅਸਥੀਆਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਇਨ੍ਹਾਂ ਵਿਚ 27 ਅਸਥੀਆਂ ਪੰਜਾਬੀਆਂ ਦੀਆਂ, ਚਾਰ ਹਿਮਾਚਲ ਪ੍ਰਦੇਸ਼ ਅਤੇ ਸੱਤ ਪੱਛਮੀ ਬੰਗਾਲ ਤੇ ਬਿਹਾਰ ਨਾਲ ਸਬੰਧਤ ਵਿਅਕਤੀਆਂ ਦੀਆਂ ਸਨ।

ਹਵਾਈ ਅੱਡੇ ’ਤੇ ਅਸਥੀਆਂ ਲੈਣ ਲਈ ਪੰਜਾਬ ’ਚੋਂ ਵੱਖ-ਵੱਖ ਥਾਵਾਂ ਤੋਂ ਵਾਰਸ ਪੁੱਜੇ ਹੋਏ ਸਨ ਅਤੇ ਬਡ਼ਾ ਗ਼ਮਗੀਨ ਮਾਹੌਲ ਬਣਿਆ ਹੋਇਆ ਸੀ। ਇਸ ਮੌਕੇ 27 ਪੰਜਾਬੀਆਂ ਦੀਆਂ ਦੇਹਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਾਪਤ ਕੀਤੀਆਂ। ਹਿਮਾਚਲ ਦੇ ਚਾਰ ਮ੍ਰਿਤਕਾਂ ਦੀਆਂ ਅਸਥੀਆਂ ਉਥੋਂ ਦੇ ਖੁਰਾਕ ਸਪਲਾਈ ਤੇ ਖਪਤਕਾਰ ਮੰਤਰੀ ਕਿਸ਼ਨ ਕਪੂਰ ਨੇ ਲਈਆਂ। ਪੱਛਮੀ ਬੰਗਾਲ ਤੇ ਬਿਹਾਰ ਨਾਲ ਸਬੰਧਤ ਸੱਤ ਜਣਿਆਂ ਦੀਆਂ ਅਸਥੀਆਂ ਇਥੋਂ ਇਕ ਹੋਰ ਹਵਾਈ ਜਹਾਜ਼ ਲੈ ਕੇ ਕੇਂਦਰੀ ਮੰਤਰੀ ਕੋਲਕਾਤਾ ਲਈ ਰਵਾਨਾ ਹੋ ਗਏ। ਪੰਜਾਬੀਆਂ ਦੀਆਂ ਅਸਥੀਆਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧਾਂ ਰਾਹੀਂ ਐਂਬੂਲੈਂਸਾਂ ਵਿੱਚ ਤੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਬੰਧਤ ਜ਼ਿਲ੍ਹਿਆਂ ਨੂੰ ਭੇਜੀਆਂ ਗਈਆਂ।

ਸਿੱਧੂ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪਏ ਨਕਦ ਅਤੇ ਪਰਿਵਾਰ ਦੇ ਇਕ-ਇਕ ਜੀਅ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਇਨ੍ਹਾਂ ਪਰਿਵਾਰਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਗਪਗ 20 ਹਜ਼ਾਰ ਰੁਪਏ ਮਾਸਕ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟਾਂ ਦੇ ਝਾਂਸੇ ’ਚ ਆ ਕੇ ਗਲਤ ਢੰਗ ਨਾਲ ਵਿਦੇਸ਼ ਜਾਣਾ ਚਿੰਤਨ ਦਾ ਮਾਮਲਾ ਹੈ ਅਤੇ ਇਸ ਨੂੰ ਵਿਧਾਨ ਸਭਾ ਵਿਚ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਸਬੰਧੀ ਇਕ ਵਿਸ਼ੇਸ਼ ਨੀਤੀ ਤਿਆਰ ਕਰ ਕੇ ਟਰੈਵਲ ਏਜੰਟਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ।

ਇਸ ਮੌਕੇ ਜਨਰਲ ਵੀ.ਕੇ. ਸਿੰਘ ਨੇ ਵੀ ਪੀੜਤ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ, ਪਰ ਕੇਂਦਰ ਵਲੋਂ ਪੀੜਤਾਂ ਦੀ ਮਦਦ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੇ ਜੀਆਂ ਦੇ ਵੇਰਵੇ ਮੰਗੇ ਗਏ ਹਨ ਅਤੇ ਉਨ੍ਹਾਂ ਨੂੰ ਯੋਗਤਾ ਦੇ ਆਧਾਰ ’ਤੇ ਮਦਦ ਕੀਤੀ ਜਾਵੇਗੀ। ਪਰਿਵਾਰਾਂ ਵਲੋਂ ਆਪਣੇ ਵਿਛੜੇ ਜੀਆਂ ਦੀਆਂ ਅਸਥੀਆਂ ਨੂੰ ਆਖਰੀ ਵਾਰ ਦੇਖਣ ਦੀ ਕੀਤੀ ਜਾ ਰਹੀ ਮੰਗ ਬਾਰੇ ਕੇਂਦਰੀ ਮੰਤਰੀ ਨੇ ਆਖਿਆ ਕਿ ਡੀਐਨਏ ਟੈਸਟ ਕਰਨ ਵਾਲੀ ਇਰਾਕ ਦੀ ਮੋਰਟਲ ਫਾਊਂਡੇਸ਼ਨ ਨੇ ਸਲਾਹ ਦਿੱਤੀ ਹੈ ਕਿ ਤਾਬੂਤ ਨਾ ਖੋਲ੍ਹੇ ਜਾਣ ਕਿਉਂਕਿ ਟੈਸਟ ਕਰਨ ਸਮੇਂ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਗਈ ਹੈ, ਜੋ ਹਾਨੀਕਾਰਕ ਹੋ ਸਕਦੇ ਹਨ। ਪਹਿਲਾਂ ਪੀੜਤਾਂ ਦੇ ਪਰਿਵਾਰਕ ਜੀਆਂ ਨੇ ਇਸ ਮੰਗ ਨੂੰ ਲੈ ਕੇ ਹਵਾਈ ਅੱਡੇ ਵਿਖੇ ਧਰਨਾ ਵੀ ਦਿਤਾ।

ਪਿੰਡ ਭੋਏਵਾਲ ਦੀ ਗੁਰਪਿੰਦਰ ਕੌਰ, ਜਿਸ ਦਾ ਭਰਾ ਇਰਾਕ ਵਿਚ ਮਾਰਿਆ ਗਿਆ ਹੈ, ਨੇ ਆਖਿਆ ਕਿ ਪਰਿਵਾਰ ਆਪਣੇ ਜੀਆਂ ਦੇ ਅੰਤਿਮ ਦਰਸ਼ਨ ਕਰਨਾ ਚਾਹੁੰਦੇ ਹਨ। ਸੰਗਰੂਰ ਦੇ ਮਹਿੰਦਰਪਾਲ, ਜਿਸ ਦਾ ਛੋਟਾ ਭਰਾ ਪ੍ਰਿਤਪਾਲ ਇਰਾਕ ਵਿੱਚ ਮਾਰਿਆ ਗਿਆ, ਨੇ ਕਿਹਾ ਕਿ ਉਨ੍ਹਾਂ ਨੂੰ ਦੇਹਾਂ ਦੇਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਪ੍ਰਿਤਪਾਲ ਦੇ ਦੋ ਬੱਚੇ ਹਨ ਅਤੇ ਉਸ ਦਾ ਬੇਟਾ ਨੀਰਜ ਵੀ ਪੁੱਜਾ ਹੋਇਆ ਸੀ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਜਦੋਂ ਤਾਬੂਤ ਉਨ੍ਹਾਂ ਨੂੰ ਸੌਂਪ ਦਿੱਤੇ ਜਾਣਗੇ ਤਾਂ ਉਹ ਇਨ੍ਹਾਂ ਨੂੰ ਖੋਲ੍ਹ ਸਕਣਗੇ। ਕੁਝ ਪਰਿਵਾਰਾਂ ਨੇ ਦੋਸ਼ ਲਾਇਆ ਕਿ ਹੁਣ ਤਕ ਸਰਕਾਰਾਂ ਵਲੋਂ ਕੋਈ ਮਦਦ ਨਹੀਂ ਮਿਲੀ। ਆਪਣੇ ਕਮਾਊ ਜੀਆਂ ਦੀ ਮੌਤ ਤੋਂ ਉਨ੍ਹਾਂ ਨੂੰ ਮੰਦਹਾਲੀ ਵਿਚੋਂ ਲੰਘਣਾ ਪੈ ਰਿਹਾ ਹੈ। ਇਸ ਮੌਕੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ਕਈ ਵਿਧਾਇਕ ਤੇ ਹੋਰ ਪਤਵੰਤੇ ਪੁੱਜੇ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: