ਜਥੇਦਾਰ ਬਲਵੰਤ ਸਿੰਘ ਨੰਦਗੜ੍ਹ

ਸਿੱਖ ਖਬਰਾਂ

ਮੋਹਨ ਭਾਗਵਤ ਵੱਲੋਂ ਸਿੱਖਾਂ ਦੁਆਰਾ ਕੀਤੀਆਂ ਕੁਰਬਾਨੀਆਂ ਦਾ ਬਦਲਾ ਨਮਕ ਹਰਾਮੀ ਦੇ ਰੂਪ ਵਿਚ ਦੇਣਾ ਬਹੁਤ ਹੀ ਸ਼ਰਮਨਾਕ :ਜੱਥੇਦਾਰ ਨੰਦਗੜ੍ਹ

By ਸਿੱਖ ਸਿਆਸਤ ਬਿਊਰੋ

August 24, 2014

ਬਰਨਾਲਾ (23 ਅਗਸਤ 2014): ਸਿੱਖ ਪੰਥ ਨੂੰ ਆਪਣੇ ਵੱਖਰੇ ਤੇ ਨਿਰਾਲੇ ਹੋਣ ਲਈ ਕਿਸੇ ਬੁਤਪੂਜਕ ਦੇ ਸਰਟੀਫੀਕੇਟ ਦੀ ਲੋੜ ਨਹੀਂ, ਕਿਉਂਕਿ ਦਸਮ ਪਿਤਾ ਨੇ 1699ਈਂ ਵਿਚ ਖਾਲਸੇ ਦੀ ਸਾਜਣਾ ਕਰਕੇ ਖਾਲਸੇ ਨੂੰ ‘ਬਿਪਰਨ ਕੀ ਰੀਤ’ ਤੋਂ ਦੂਰ ਰਹਿਣ ਦੇ ਸਖਤ ਆਦੇਸ਼ ਰਾਹੀਂ ਖਾਲਸੇ ਦੇ ਨਿਆਰੇਪਣ ਦਾ ਖੁਲਾ ਐਲਾਨਨਾਮਾ ਹੋਇਆ ਹੈ ਜਿਸ ਨੂੰ ਦੁਨੀਆਂ ਦੀ ਕੋਈ ਹਸਤੀ ਮੇਟਣ ਦੀ ਸਮਰਥਾ ਨਹੀਂ ਰੱਖਦੀ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਆਰ. ਐਸ. ਐਸ. ਦੇ ਮੁੱਖੀ ਮੋਹਨ ਭਾਗਵਤ ਵਲੋਂ ਭਾਰਤ ਅੰਦਰ ਰਹਿਣ ਵਾਲੇ ਵੱਖ-ਵੱਖ ਧਰਮਾਂ ਦੇ ਅਨੁਯਾਈਆਂ ਨੂੰ ਹਿੰਦੂ ਕਰਾਰ ਦੇਣ ਦੇ ਬਿਆਨ ਉਤੇ ਟਿਪਣੀਆਂ ਕਰਦਿਆਂ ਕੀਤਾ।

ਉਨ੍ਹਾਂ ਨੇ ਕਿਹਾ ਕਿ ਗਿਆਨੀ ਨੰਦਗੜ ਨੇ ਮੋਹਨ ਭਾਗਵਤ ਨੂੰ ਭਾਰਤ ਉਤੇ 8 ਹਮਲੇ ਕਰਨ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਸਾਥੀ ਕਾਜੀ ਨੂਰ ਮੁਹੰਮਦ ਦਾ ਲਿਖਿਆ ‘ਜੰਗਨਾਮਾ’ ਪੜ੍ਹਣ ਦੀ ਸਲਾਹ ਦਿਤੀ ਹੇ। ਉਹਨਾਂ ਅਫਸੋਸ ਜਾਹਿਰ ਕਰਦਿਆਂ ਆਖਿਆ ਕਿ 18ਵੀਂ ਸਦੀ ਵਿਚ ਵਿਦੇਸ਼ੀ ਹਮਲਾਵਰ ਤਾਂ ਇਸ ਗਲ ਤੋਂ ਜਾਣੂ ਸਨ ਕਿ ਸਿੱਖ ਹਿੰਦੂਆਂਤੋਂ ਵੱਖਰੇ ਹਨ ਪਰੰਤੂ 21ਵੀਂ ਸਦੀ ਵਿਚ ਰਹਿਣ ਵਾਲਾ ਮੋਹਨ ਭਾਗਵਤ ਇਸ ਗਲ ਤੋਂ ਇਨਕਾਰੀ ਕਿਉਂ ਹੋ ਰਿਹਾ ਹੈ?

ਜਥੇਦਾਰ ਨੰਦਗੜ੍ਹ ਨੇ ਕਿਹਾ ਹੈ ਕਿ ਅਜਿਹਾ ਬਿਆਨ ਦੇ ਕੇ ਮੋਹਣ ਭਾਗਵਤ ਨੇ ਮੁਹੰਮਦ ਜਿਨਹਾ ਦੇ ਉਸ ਕਥਨ ਨੂੰ ਸੱਚ ਕਰ ਵਿਆਖਿਆ ਹੈ, ਜਿਸ ਵਿਚ ਜਿਨਹਾ ਨੇ ਅਜ਼ਾਦੀ ਮੌਕੇ ਅਗਾਊਂ ਅਨੁਮਾਨ ਲਾਉਂਦਿਆਂ ਸਿੱਖ ਆਗੂਆਂ ਨੂੰ ਚਿਤਾਵਨੀ ਦਿਤੀ ਸੀ ਕਿ ਤੁਸੀਂ ਹਿੰਦੂਆਂ ਨੂੰ ਗੁਲਾਮ ਵੇਖਿਆ ਹੈ, ਆਜ਼ਾਦ ਹੋ ਕੇ ਹਕੂਮਤ ਕਰਦੇ ਨਹੀਂ ਦੇਖਿਆ।

ਗਿਆਨੀ ਨੰਦਗੜ੍ਹ ਨੇ ਅੱਗੇ ਕਿਹਾ ਹੈ ਕਿ ਅਜ਼ਾਦੀ ਮੌਕੇ ਸਿੱਖ ਆਗੂਆਂ ਨੂੰ ਆਪਣੀ ਮਰਜੀ ਅਨੁਸਾਰ ਪਾਕਿਸਤਾਨ ਜਾਂ ਹਿੰਦੋਸਤਾਨ ਵਿਚ ਸ਼ਾਮਿਲ ਹੋਣ ਦੀ ਚੋਣ ਕਰਨ ਲਈ ਖੁੱਲ ਮਿਲੀ ਸੀ ਅਤੇ ਸਿੱਖਾਂ ਨੇ ਭਾਰਤ ਵਿਚ ਸ਼ਾਮਿਲ ਹੋਣ ਨੂੰ ਤਰਜੀਹ ਦਿਤੀ ਸੀ, ਕਿਉਂਕਿ ਭਾਰਤ ਤੇ ਭਾਰਤੀਆਂ ਦੀ ਰੱਖਿਆ ਲਈ ਗੁਰੂ ਸਾਹਿਬਾਨ ਤੇ ਸਿੱਖ ਪੰਥ ਨੇ ਭਾਰੀ ਕੁਰਬਾਨੀਆਂ ਕੀਤੀਆਂ ਸਨ।

ਸਦੀਆਂ ਦੀ ਗੁਲਾਮੀ ਦੌਰਾਨ ਸਾਹ ਸਤਹੀਣ ਹੋ ਚੁਕੇ ਹਿੰਦੂਆਂ ਦੀਆਂ ਬਹੂ-ਬੇਟੀਆਂ ਦੀ ਵਿਦੇਸ਼ੀ ਧਾੜਵੀਆਂ ਤੋਂ ਸਿੱਖ ਜਰਨੈਲਾਂ ਰੱਖਿਆ ਕੀਤੀ ਸੀ। ਜਥੇਦਾਰ ਨੰਦਗੜ ਨੇ ਕਿਹਾ ਹੈ ਕਿ ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਪੰਥ ਨੇ ਵੀ ਵਿਦੇਸ਼ੀ ਹਾਕਮਾਂ ਦੇ ਖਿਲਾਫ ਲੰਮਾ ਸੰਘਰਸ਼ ਲੜਕੇ ਪੰਜਾਬ ਵਿਚ ਖਾਲਸੇ ਦਾ ਰਾਜ ਭਾਗ ਸਥਾਪਿਤ ਕੀਤਾ ਸੀ, ਲੇਕਿਨ ਹਿੰਦੂ ਡੋਗਰਿਆਂ ਦੀ ਗਦਾਰੀ ਕਾਰਨ ਅੰਗਰੇਜ ਸਿੱਖ ਰਾਜ ਉਤੇ ਕਬਜਾ ਕਰਨ ਵਿਚ ਸਫਲ ਹੋਏ ਸਨ।

ਉਹਨਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਅਤੇ 1947 ਤੋਂ ਬਾਅਦ ਭਾਰਤ ਦੀਆਂ ਗੁਆਂਢੀ ਮੁਲਕਾਂ ਨਾਲ ਹੋਈਆਂ ਜੰਗਾਂ ਵਿਚ ਸਿੱਖਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਹਨ। ਪਾਕਿਸਤਾਨ ਦੇ ਫੌਜੀ ਜਰਨੈਲਾਂ ਨੇ ਵੀ ਇਹ ਗਲ ਸਵੀਕਾਰ ਕੀਤੀ ਹੈ ਕਿ ਸਿੱਖਾਂ ਦੇ ਕਾਰਨ ਹੀ ਉਹ ਭਾਰਤ ਤੋਂ ਲੜਾਈਆਂ ਵਿਚ ਹਾਰੇ ਹਨ, ਨਹੀਂ ਤਾਂ ਦਿੱਲੀ ‘ਤੇ ਕਬਜਾ ਕਰਨ ਤੋਂ ਉਨ੍ਹਾਂ ਨੂੰ ਕੋਈ ਨਹੀਂ ਸੀ ਰੋਕ ਸਕਦਾ ਸੀ।

ਜਥੇਦਾਰ ਨੰਦਗੜ ਨੇ ਕਿਹਾ ਹੈ ਕਿ ਸਿੱਖ ਕੌਮ ਜਾਂ ਦੂਜੇ ਧਰਮਾਂ ਦੇ ਅਨੁਯਾਈਆਂ ਨੂੰ ਹਿੰਦੂਆਂ ਦਾ ਭਾਗ ਆਖਣ ਦੀ ਬਿਜਾਏ ਮੋਹਣ ਭਾਗਵਤ ਨੂੰ ਹਿੰਦੂ ਕੌਮ ਦੇ ਬੇਘਰ ਹੋ ਚੁਕੇ ਪ੍ਰਮੁੱਖ ਹਿੱਸੇ ਕਸ਼ਮੀਰੀ ਪੰਡਤਾਂ ਨੂੰ ਵਾਪਿਸ ਆਪਣੇ ਘਰਾਂ ਵਿਚ ਵਸਾਉਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੇ।

ਗਿਆਨੀ ਨੰਦਗੜ ਨੇ ਕਿਹਾ ਹੈ ਕਿ ਸਿੱਖਾਂ ਦੁਆਰਾ ਹਿੰਦੂਆਂ ਤੇ ਭਾਰਤ ਲਈ ਕੀਤੀਆਂ ਕੁਰਬਾਨੀਆਂ ਦਾ ਬਦਲਾ ਨਮਕ ਹਰਾਮੀ ਦੇ ਰੂਪ ਵਿਚ ਦੇਣਾ ਬਹੁਤ ਹੀ ਸ਼ਰਮਨਾਕ ਤੇ ਘਟੀਆ ਕਾਰਵਾਈ ਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: