ਚੰਡੀਗੜ: ਦਿਲ ਦੀ ਧੜਕਣ ਵਿੱਚ ਪਏ ਵਿਗਾੜ ਦੀ ਸ਼ਨਾਖ਼ਤ ਕਰਨ ਲਈ ਹੁਣ ਮੋਬਾਇਲ ਐਪ ਮਦਦ ਕਰੇਗਾ।ਇਕ ਅਧਿਐਨ ਮੁਤਾਬਕ ਇਸ ਐਪ ਨਾਲ ਧੜਕਣ ਦੇ ਇਕਦਮ ਵਧਣ ਜਾਂ ਇਕਸਾਰ ਨਾ ਰਹਿਣ ਨੂੰ ਫੜਿਆ ਜਾ ਸਕੇਗਾ।
ਧੜਕਣ ’ਚ ਇਕਸਾਰਤਾ ਨਾ ਰਹਿਣਾ ‘ਆਰਟ੍ਰੀਅਲ ਫਾਈਬਰੀਲੇਸ਼ਨ’ ਵੱਜੋਂ ਜਾਣਿਆ ਜਾਂਦਾ ਹੈ ਤੇ ਦਿਲ ਦਾ ਦੌਰਾ ਪੈਣ ਦੀਆਂ 20 ਤੋਂ 30 ਫੀਸਦ ਘਟਨਾਵਾਂ ਲਈ ਇਹ ਅਲਾਮਤ ਜ਼ਿੰਮੇਵਾਰ ਹੈ। ਬਹੁਤੇ ਕੇਸਾਂ ਵਿੱਚ ਇਸ ਦੀ ਸ਼ਨਾਖ਼ਤ ਹੀ ਨਹੀਂ ਹੁੰਦੀ ਤੇ ਮਰੀਜ਼ ਲੋੜੀਂਦੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ।
ਬੈਲਜੀਅਮ ’ਚ ਸਥਿਤ ਹੈਜ਼ਲਟ ਯੂਨੀਵਰਸਿਟੀ ਨਾਲ ਸਬੰਧਤ ਪੀਟਰ ਵੇਂਡਰਵੂਰਟ ਨੇ ਦੱਸਿਆ ਕਿ ਅੱਜਕਲ੍ਹ ਕੈਮਰੇ ਨਾਲ ਲੈਸ ਸਮਾਰਟਫੋਨ ਹਰ ਕਿਸੇ ਕੋਲ ਹੈ ਤੇ ‘ਆਰਟ੍ਰੀਅਲ ਫਾਈਬਰੀਲੇਸ਼ਨ’ ਦੀ ਸ਼ਨਾਖ਼ਤ ਕਰਨ ਲਈ ਇਹ ਕਾਫ਼ੀ ਹੈ।
ਇਸ ਐਪ ਸਬੰਧੀ ਕੀਤੇ ਅਧਿਐਨ ਵਿੱਚ 12,328 ਲੋਕਾਂ ਨੇ ਹਿੱਸਾ ਲਿਆ। ਹਿੱਸਾ ਲੈਣ ਵਾਲਿਆਂ ਨੂੰ ਸਮਾਰਟਫੋਨ ਵਰਤ ਕੇ ਇਕ ਹਫ਼ਤੇ ਲਈ ਦਿਨ ਵਿੱਚ ਦੋ ਵਾਰ ਦਿਲ ਦੀ ਧੜਕਣ ਨਾਪਣ ਲਈ ਕਿਹਾ ਗਿਆ। ਇਸ ਦੌਰਾਨ ਵੱਖ-ਵੱਖ ਲੱਛਣਾਂ ਜਿਵੇਂ ਧੜਕਣ ਦੇ ਘਟਣ-ਵਧਣ, ਸਾਹ ਲੈਣ ’ਚ ਔਖ ਤੇ ਥਕਾਵਟ ਆਦਿ ਸਬੰਧੀ ਅੰਕੜੇ ਐਪ ਵਿੱਚ ਦਰਜ ਕਰਨ ਲਈ ਕਿਹਾ ਗਿਆ।
ਇਸ ਐਪ ਨੂੰ ਵਰਤਣ ਲਈ ਫੋਨ ਕੈਮਰੇ ਦੇ ਸਾਹਮਣੇ ਖੱਬੇ ਹੱਥ ਦੀ ਅੰਗੂਠੇ ਨਾਲ ਦੀ ਉਂਗਲੀ ਇਕ ਮਿੰਟ ਲਈ ਰੱਖਣ ਲਈ ਕਿਹਾ ਗਿਆ। ਇਸ ਦੌਰਾਨ ਐਪ ਵੱਲੋਂ ਮਾਪੀ ਗਈ ਧੜਕਣ ਨੂੰ ਸਾਧਾਰਨ ਜਾਂ ਇਕਸਾਰ ਨਾ ਹੋਣ ਵੱਜੋਂ ਮਾਪਿਆ ਗਿਆ। ਵੱਖ-ਵੱਖ ਵਰਗਾਂ ’ਚ ਰੱਖੇ ਗਏ ਧੜਕਣ ਦੇ ਅੰਕੜਿਆਂ ਨੂੰ ਮਗਰੋਂ ਵਿਸ਼ੇਸ਼ ਤਕਨੀਸ਼ੀਅਨਾਂ ਨੇ ‘ਆਰਟ੍ਰੀਅਲ ਫਾਈਬਰੀਲੇਸ਼ਨ’ ਵੱਜੋਂ ਨਿਖੇੜਿਆ।