ਪਟਿਆਲਾ (24 ਮਈ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜੂਨ 1984 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਦੀ ਹਿਮਾਇਤ ਕਰਦਿਆਂ ਇਸ ਸੰਬੰਧੀ 27 ਮਈ ਨੂੰ ਹੋਣ ਵਾਲੀ ਇਕੱਤਰਤਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਬੀਤੇ ਦਿਨੀਂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਦਰਬਾਰ ਸਾਹਿਬ ਦੇ ਵਿਹੜੇ ਵਿਚ “ਸ਼ਹੀਦੀ ਯਾਦਗਾਰ” ਬਣਾਉਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਥਿਤ “ਸ਼ਹੀਦ ਗੈਲਰੀ” ਸਿੱਖ ਸੰਗਤਾਂ ਲਈ ਖੋਲ੍ਹਣ ਵਾਸਤੇ ਯਾਦ ਪੱਤਰ ਦਿੱਤਾ ਸੀ। ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 27 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰ ਅਜੇ ਤੱਕ ਸ਼੍ਰੋਮਣੀ ਕਮੇਟੀ ਅਜੇ ਤੱਕ ਕੋਈ ਵੀ ਠੋਸ ਕਦਮ ਉਠਾਉਣ ਵਿਚ ਨਾਕਾਮ ਰਹੀ ਹੈ ਜਿਸ ਕਾਰਨ ਸਿੱਖ ਜਥੇਬੰਦੀਆਂ ਦੀ ਇਕੱਤਰਤਾ 27 ਮਈ ਨੂੰ ਸੱਦੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਇਕੱਤਰਤਾ ਲਈ ਫੈਡਰੇਸ਼ਨ ਨੂੰ ਸੱਦਾ ਪੱਤਰ ਮਿਲਿਆ ਹੈ, ਜਿਸ ਨੂੰ ਵਿਚਾਰ ਕੇ ਫੈਡਰੇਸ਼ਨ ਦੀ ਕੇਂਦਰੀ ਕਮੇਟੀ ਨੇ ਇਕੱਤਰਤਾ ਵਿਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ।
ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਬੀਤੇ 27 ਵਰ੍ਹਿਆਂ ਵਿਚ ਸ਼ਹੀਦੀ ਯਾਦਗਾਰ ਨਾ ਬਣਾਇਆ ਜਾਣਾ ਦੁੱਖਦਾਈ ਗੱਲ ਹੈ ਤੇ ਇਸ ਸੰਬੰਧੀ ਹੁਣ ਸ਼੍ਰੋਮਣੀ ਕਮੇਟੀ ਨੂੰ ਬਿਨਾ ਦੇਰੀ ਦੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕੌਮੀ ਮਨੋਰਥ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਆਪਣੇ ਧੜੇਬੰਦਕ ਹਿੱਤਾਂ ਤੋਂ ਉੱਪਰ ਉੱਠ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਸੰਬੰਧੀ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਹਰ ਸੰਭੰਵ ਯੋਗਦਾਨ ਪਾਵੇਗੀ।