ਸੰਤ ਸਮਾਜ ਦੇ ਆਗੂ ਅਤੇ ਦਿੱਲੀ ਕਮੇਟੀ ਦੇ ਅਹੁਦੇਦਾਰ

ਸਿੱਖ ਖਬਰਾਂ

ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੇ ਸਬੰਧ ‘ਚ ਹੋਈ ਸੰਤ ਸਮਾਜ ਦੀ ਮੀਟਿੰਗ

By ਸਿੱਖ ਸਿਆਸਤ ਬਿਊਰੋ

May 22, 2017

ਨਵੀਂ ਦਿੱਲੀ: ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੇ ਸਬੰਧ ‘ਚ ਸੰਤ ਸਮਾਜ ਵੱਲੋਂ ਅੱਜ ਦਿੱਲੀ ਵਿਖੇ ਬੈਠਕ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਇਸ ਬੈਠਕ ’ਚ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ, ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਭਾਈ ਜਸਬੀਰ ਸਿੰਘ ਰੋਡੇ, ਗਿਆਨੀ ਸਾਹਿਬ ਸਿੰਘ ਮਾਰਕੰਡਾ ਸਣੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਨੇ ਆਪਣੇ ਵਿਚਾਰ ਰੱਖੇ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਹਰਿਦੁਆਰ ਤੋਂ ਆਪਣੈ ਸਾਥੀਆਂ ਨਾਲ ਆਏ ਹਰਜੀਤ ਸਿੰਘ ਦੁਆ ਨੂੰ ਸਨਮਾਨਿਤ ਕੀਤਾ ਗਿਆ। ਦਿੱਲੀ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਇਸ ਮੀਟਿੰਗ ’ਚ ਨਿਰਮਲੇ, ਉਦਾਸੀ, ਕਾਰ ਸੇਵਾ ਵਾਲੇ, ਸੇਵਾ ਪੰਥੀ ਸੰਪਰਦਾਵਾਂ ਦੇ ਆਗੂਆਂ ਨੇ ਵੀ ਹਾਜ਼ਰੀ ਲਵਾਈ। ਇਸ ਮੌਕੇ ਸੰਤ ਸਮਾਜ ਵਲੋਂ ਮਤਾ ਪਾਸ ਕੀਤਾ ਗਿਆ ਕਿ 24 ਮਈ ਨੂੰ ਗਿਆਨੀ ਗੁਰਬਚਨ ਸਿੰਘ ਜੋ ਵੀ ਪ੍ਰੋਗਰਾਮ ਦੇਣਗੇ, ਸੰਤ ਸਮਾਜ ਉਸ ਨਾਲ ਖੜ੍ਹੇਗਾ।

ਸਿਰਸਾ ਨੇ ਸੰਤ ਸਮਾਜ ਦਾ ਬੈਠਕ ’ਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਮੀਟਿੰਗ ਵਿਚ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਚਮਨ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਹੇਮ ਸਿੰਘ, ਉੱਤਰਾਖੰਡ ਦੀ ਸੰਗਤ ਵੱਲੋਂ ਗੁਰਪ੍ਰੀਤ ਸਿੰਘ ਬੱਗਾ ਅਤੇ ਕਈ ਸੰਤਾਂ ਨੇ ਆਪਣੇ ਵਿਚਾਰ ਰਖੇ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਾਮਲੇ ਉੱਤੇ ਕੁਝ ਸਿੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਸਰਗਰਮੀ ਕਰਦੀਆਂ ਆ ਰਹੀਆਂ ਹਨ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ‘ਤੇ ਦੂਰੀ ਹੀ ਬਣਾ ਕੇ ਰੱਖੀ ਜਾ ਰਹੀ ਸੀ। ਦੋਵਾਂ ਕਮੇਟੀਆਂ ਨੇ ਹਾਲ ਵਿੱਚ ਹੀ ਇਸ ਮਾਮਲੇ ‘ਤੇ ਸਰਗਰਮੀ ਸ਼ੁਰੂ ਕੀਤੀ ਹੈ। ਭਾਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਮਾਮਲੇ ਦੀ ਨੁਕਤਾ-ਨਿਗਾਹ ਤੋਂ ਇਸ ਸਰਗਰਮੀ ਨੂੰ ਠੀਕ ਉਪਰਾਲੇ ਵੱਜੋਂ ਵੇਖਿਆ ਜਾ ਰਿਹਾ ਹੈ ਪਰ ਨਾਲ ਹੀ ਇਸ ਗੱਲ ਦੀ ਵੀ ਚਰਚਾ ਹੈ ਕਿ ਜਿੱਥੇ ਦੋਵੇਂ ਕਮੇਟੀਆਂ ਇਸ ਸਰਗਰਮੀ ਨਾਲ ਇਕ ਤਾਂ ਆਪਣੀ ਸਾਖ ਸਿੱਖਾਂ ਵਿੱਚ ਮੁੜ ਬਹਾਲ ਕਰਨ ਦਾ ਯਤਨ ਕਰ ਰਹੀਆਂ ਹਨ ਓਥੇ ਇਸ ਮੁਹਿੰਮ ਦੀ ਸਰਪ੍ਰਸਤੀ ਗਿਆਨੀ ਗੁਰਬਚਨ ਸਿੰਘ ਨੂੰ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਮੁੜ ਖੜ੍ਹਾ ਕਰਨ ਦੇ ਯਤਨ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਸਿੱਖ ਪੰਥ ਨੇ ਅਕਤੂਬਰ 2015 ਵਿੱਚ ਸਿਰਸਾ ਸਾਧ ਨੂੰ ਬਿਨ ਮੰਗਿਆਂ ਮਾਫੀ ਦੇਣ ਕਰਕੇ ਨਕਾਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: