ਖੇਤੀ ਵਿਕਾਸ ਬੈਂਕ ਦੀ ਡਿਫਾਲਟਰਾਂ ਦੀ ਸੂਚੀ ਵਿਚ ਸ਼ਾਮਲ ਅਮਰੀਕ ਸਿੰਘ ਆਲੀਵਾਲ, ਰਮਨ ਬੱਗਾ, ਜਗਤਾਰ ਸਿੰਘ ਰਾਜਲਾ (ਫਾਈਲ ਫੋਟੋਆਂ)

ਖੇਤੀਬਾੜੀ

ਮੀਡੀਆ ਰਿਪੋਰਟਾਂ: ਸਾਰੀਆਂ ਸਿਆਸੀ ਧਿਰਾਂ ਦੇ ਆਗੂ ਖੇਤੀ ਵਿਕਾਸ ਬੈਂਕ ਦੀ ਡਿਫਾਲਟਰਾਂ ਦੀ ਸੂਚੀ ਵਿਚ

By ਸਿੱਖ ਸਿਆਸਤ ਬਿਊਰੋ

December 14, 2017

ਬਠਿੰਡਾ: ਮੀਡੀਆ ਰਿਪੋਰਟਾਂ ਮੁਤਾਬਕ ਖੇਤੀ ਵਿਕਾਸ ਬੈਂਕਾਂ ਦੀ ‘ਗੁਪਤ ਰਿਪੋਰਟ’ ਨੇ ਵੱਡੇ ਆਗੂ ਬੇਪਰਦ ਕਰ ਦਿੱਤੇ ਹਨ ਜਿਨ੍ਹਾਂ ਬੈਂਕਾਂ ਦੇ ਕਰੋੜਾਂ ਰੁਪਏ ਨੱਪੇ ਹੋਏ ਹਨ। ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਦੇ ਨਾਮ ਇਸ ‘ਗੁਪਤ ਰਿਪੋਰਟ’ ’ਚ ਸ਼ਾਮਿਲ ਹਨ। ਸਾਬਕਾ ਵਿਧਾਇਕਾਂ, ਵਜ਼ੀਰਾਂ ਤੇ ਸਾਬਕਾ ਸੰਸਦ ਮੈਂਬਰਾਂ ਖ਼ਿਲਾਫ਼ ਪਹਿਲੀ ਦਫ਼ਾ ਬੈਂਕ ਪ੍ਰਬੰਧਕਾਂ ਨੇ ਸਖਤੀ ਦਿਖਾਈ ਹੈ। ਮਿਲੇ ਵੇਰਵਿਆਂ ਅਨੁਸਾਰ ਬਾਦਲ ਦਲ ਦੀ ਸਰਕਾਰ ’ਚ ਟਰਾਂਸਪੋਰਟ ਮੰਤਰੀ ਰਹੇ ਰਘਬੀਰ ਸਿੰਘ ਕਪੂਰਥਲਾ ਦਾ ਨਾਮ ਇਸ ਰਿਪੋਰਟ ’ਚ ਉਭਰਿਆ ਹੈ ਜਿਨ੍ਹਾਂ ਸਿਰ ਖੇਤੀ ਵਿਕਾਸ ਬੈਂਕ ਕਪੂਰਥਲਾ ਦੇ 61 ਲੱਖ ਰੁਪਏ ਦਾ ਕਰਜ਼ਾ ਖੜ੍ਹਾ ਹੈ। ਸਾਬਕਾ ਮੰਤਰੀ ਤੇ ਕਾਂਗਰਸ ਆਗੂ ਰਮਨ ਭੱਲਾ ਨੇ ਖੇਤੀ ਵਿਕਾਸ ਬੈਂਕ ਪਠਾਨਕੋਟ ਦਾ 19 ਲੱਖ ਦਾ ਕਰਜ਼ਾ ਨਹੀਂ ਮੋੜਿਆ ਹੈ। ਸਾਬਕਾ ਐਮਪੀ ਅਮਰੀਕ ਸਿੰਘ ਆਲੀਵਾਲ ਅਤੇ ਉਨ੍ਹਾਂ ਦੇ ਲੜਕੇ ਯਾਦਵਿੰਦਰ ਸਿੰਘ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਹਨ ਜਿਨ੍ਹਾਂ 11 ਲੱਖ ਰੁਪਏ ਦਾ ਕਰਜ਼ਾ ਨਹੀਂ ਮੋੜਿਆ ਹੈ। ਸਾਬਕਾ ਅਕਾਲੀ ਵਿਧਾਇਕ ਅਤੇ ਮੌਜੂਦਾ ‘ਆਪ’ ਆਗੂ ਜਗਤਾਰ ਸਿੰਘ ਰਾਜਲਾ 30 ਲੱਖ ਰੁਪਏ ਦਾ ਡਿਫਾਲਟਰ ਹੈ ਜਿਸ ਖ਼ਿਲਾਫ਼ ਹੁਣ ਸਮਾਣਾ ਬੈਂਕ ਕਦਮ ਚੁੱਕੇਗਾ। ਸੂਬੇ ਦਾ ਇੱਕ ਏਡੀਸੀ ਵੀ ਡਿਫਾਲਟਰਾਂ ਦੀ ਸੂਚੀ ਵਿੱਚ ਹੈ ਅਤੇ ਸੁਖਬੀਰ ਬਾਦਲ ਦੇ ਪੁਰਾਣੇ ਓਐਸਡੀ ਦਾ ਪਰਿਵਾਰ ਵੀ 33 ਲੱਖ ਰੁਪਏ ਦਾ ਡਿਫਾਲਟਰ ਹੈ। ਸੰਸਦ ਮੈਂਬਰ ਚੰਦੂਮਾਜਰਾ ਦੇ ਨੇੜਲੇ ਸਾਥੀ ਕੁਲਦੀਪ ਸਿੰਘ ਵਾਸੀ ਦੌਣ ਕਲਾਂ ਨੇ ਕੰਬਾਈਨ ’ਤੇ ਲਿਆ ਕਰਜ਼ਾ ਨਹੀਂ ਮੋੜਿਆ ਹੈ ਜੋ ਹੁਣ 17 ਲੱਖ ਰੁਪਏ ਬਣ ਗਿਆ ਹੈ।

ਮੁਹਾਲੀ ਦਾ ‘ਆਪ’ ਆਗੂ ਅਤੇ ਵਿਧਾਨ ਸਭਾ ਚੋਣ ਹਾਰਿਆ ਨਰਿੰਦਰ ਸਿੰਘ ਸ਼ੇਰਗਿੱਲ ਦੋ ਬੈਂਕਾਂ ਦਾ ਡਿਫਾਲਟਰ ਹੈ। ਸ਼ੇਰਗਿੱਲ ਵੱਲ ਰੋਪੜ ਬੈਂਕ ਦਾ 8 ਲੱਖ ਅਤੇ ਉਨ੍ਹਾਂ ਦੀ ਪਤਨੀ ਵੱਲ 9 ਲੱਖ ਰੁਪਏ ਦਾ ਕਰਜ਼ਾ ਖੜ੍ਹਾ ਹੈ। ਇਸੇ ਤਰ੍ਹਾਂ ਸ਼ੇਰਗਿੱਲ ਖੇਤੀ ਵਿਕਾਸ ਬੈਂਕ ਖਰੜ ਦਾ 9 ਲੱਖ ਰੁਪਏ ਦਾ ਡਿਫਾਲਟਰ ਹੈ। ਬਾਦਲ ਦਲ ਦੇ ਸਰਕਲ ਦਸੂਹਾ ਦਾ ਪ੍ਰਧਾਨ ਭੁਪਿੰਦਰ ਸਿੰਘ ਦਸੂਹਾ ਬੈਂਕ ਦਾ 57 ਲੱਖ ਰੁਪਏ ਦਾ ਡਿਫਾਲਟਰ ਹੈ ਜਦੋਂ ਕਿ ਬਾਦਲ ਦਲ ਦੇ ਇੱਕ ਹੋਰ ਆਗੂ ਨੇ ਰਾਮਪੁਰਾ ਬੈਂਕ ਦੇ 12 ਲੱਖ ਰੁਪਏ ਨਹੀਂ ਮੋੜੇ ਹਨ। ਮਾਲਵੇ ਦੇ ਸਾਬਕਾ ਕਾਂਗਰਸੀ ਮੰਤਰੀ ਦੇ ਭਰਾ ਨੇ ਕੱਲ੍ਹ (13 ਦਸੰਬਰ) ਪਹਿਲਾਂ ਹੀ ਬੈਂਕ ਦੇ ਧਰਨੇ ਦੇ ਡਰੋਂ ਦੋ ਲੱਖ ਰੁਪਏ ਦਾ ਚੈੱਕ ਫੜਾ ਦਿੱਤਾ। ਬਠਿੰਡਾ ਦੇ ਪਿੰਡ ਕਣਕਵਾਲ ਦਾ ਕਾਂਗਰਸੀ ਆਗੂ ਅਜੀਤ ਸਿੰਘ ਖੇਤੀ ਵਿਕਾਸ ਬੈਂਕ ਰਾਮਾਂ ਦਾ 17 ਲੱਖ ਦਾ ਡਿਫਾਲਟਰ ਹੈ। ਇਸੇ ਤਰ੍ਹਾਂ ਟਰੱਕ ਯੂਨੀਅਨ ਗਿੱਦੜਬਹਾ ਦਾ ਪ੍ਰਧਾਨ ਰਾਜਵਿੰਦਰ ਸਿੰਘ 18 ਲੱਖ ਅਤੇ ਇੰਦਰ ਸੈਨ ਦਾ ਪਰਿਵਾਰ ਅਬੋਹਰ ਬੈਂਕ ਦਾ 65 ਲੱਖ ਦਾ ਡਿਫਾਲਟਰ ਹੈ ਜਿਨ੍ਹਾਂ ਦਾ ਰਿਸ਼ਤੇਦਾਰ ਬਾਦਲ ਪਰਿਵਾਰ ਦਾ ਨਜ਼ਦੀਕੀ ਹੈ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਕਾਂਗਰਸੀ ਜਗਸੀਰ ਸਿੰਘ 9.50 ਲੱਖ ਰੁਪਏ ਜਦੋਂ ਕਿ ਬਰਨਾਲਾ ਬੈਂਕ ਦਾ ਸਾਬਕਾ ਡਾਇਰੈਕਟਰ ਪ੍ਰਦੀਪ ਸਿੰਘ 19 ਲੱਖ ਰੁਪਏ ਦਾ ਡਿਫਾਲਟਰ ਹੈ। ਪਿੰਡ ਕੋਟਭਾਈ ਦਾ ਪੰਚਾਇਤ ਮੈਂਬਰ ਹਰਜਿੰਦਰ ਸਿੰਘ 14 ਲੱਖ ਦਾ ਡਿਫਾਲਟਰ ਹੈ।

ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਵੱਡੇ ਡਿਫਾਲਟਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੇ ਘਰਾਂ ਵਿੱਚ ਸਮੁੱਚਾ ਬੈਂਕ ਸਟਾਫ ਜਾ ਕੇ ਧਰਨੇ ਮਾਰ ਰਿਹਾ ਹੈ। ਰੋਜ਼ਾਨਾ ਤਿੰਨ-ਚਾਰ ਪ੍ਰਭਾਵਸ਼ਾਲੀ ਲੋਕਾਂ ਦੇ ਘਰਾਂ ’ਚ ਸਟਾਫ ਜਾਵੇਗਾ। ਦਿਆਲ ਸਿੰਘ ਕੋਲਿਆਂਵਾਲੀ ਨੇ ਪੰਜ ਲੱਖ ਅਤੇ ਜਸਪਾਲ ਸਿੰਘ ਧੰਨ ਸਿੰਘ ਖਾਨਾ ਨੇ ਧਰਨੇ ਤੋਂ ਪਹਿਲਾਂ ਹੀ ਦੋ ਲੱਖ ਰੁਪਏ ਦੇ ਚੈੱਕ ਦੇ ਦਿੱਤੇ ਹਨ ਅਤੇ ਬਾਕੀ ਰਕਮ 31 ਦਸੰਬਰ ਤਕ ਭਰਨ ਦਾ ਭਰੋਸਾ ਦਿੱਤਾ ਹੈ।

ਮਾਨਸਾ ਜ਼ਿਲ੍ਹੇ ’ਚ ਮਨਪ੍ਰੀਤ ਬਾਦਲ ਦਾ ਨਜ਼ਦੀਕੀ ਅਤੇ ਪੀਪਲਜ਼ ਪਾਰਟੀ ਦਾ ਪ੍ਰਧਾਨ ਰਿਹਾ ਸੁਰਜੀਤ ਸਿੰਘ (ਉਡਤ ਸੈਦੇਵਾਲਾ) 30.49 ਲੱਖ ਰੁਪਏ ਦਾ ਡਿਫਾਲਟਰ ਹੈ। ਖੇਤੀ ਵਿਕਾਸ ਬੈਂਕ ਬੁਢਲਾਡਾ ਵੱਲੋਂ ਉਸ ਦੇ ਘਰ ਅੱਗੇ 15 ਦਸੰਬਰ ਨੂੰ ਧਰਨਾ ਮਾਰਿਆ ਜਾਵੇਗਾ। ਮਾਨਸਾ ’ਚ ਸ਼੍ਰੋਮਣੀ ਕਮੇਟੀ ਦਾ ਸਾਬਕਾ ਮੈਂਬਰ ਕੌਰ ਸਿੰਘ ਖਾਰਾ, ਕਾਂਗਰਸੀ ਆਗੂ ਅਮਰੀਕ ਸਿੰਘ ਝੁਨੀਰ, ਮਾਨਸਾ ਖੁਰਦ ਦੇ ਸਰਪੰਚ ਜਗਵਿੰਦਰ ਸਿੰਘ, ਪਿੰਡ ਖਿਆਲਾ ਦੇ ਸਰਪੰਚ ਨਰਪਿੰਦਰ ਸਿੰਘ ਦੇ ਨਾਮ ਬੈਂਕਾਂ ਦੀ ਸੂਚੀ ਵਿੱਚ ਸ਼ਾਮਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: