ਚੰਡੀਗੜ੍ਹ: ਪੰਜਾਬ ਦੀ ਬਾਦਲ ਸਰਕਾਰ ਸਮੇਂ ਮੰਤਰੀ ਰਹੇ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲਗਾਹ ਵਿਰੁੱਧ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ (ਅਫ਼ੀਮ ਰੱਖਣ) ਦੇ ਦੋਸ਼ਾਂ ਤਹਿਤ ਫ਼ੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਪੁਲਿਸ ਅਫ਼ਸਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਲੰਗਾਹ ਵਿਰੁੱਧ 18, 61, 59 ਅਤੇ 68 ਐਨ.ਡੀ.ਪੀ.ਐਸ. ਐਕਟ ਦੇ ਦੋਸ਼ਾਂ ਦੀ ਪੜਤਾਲ ਚੱਲ ਰਹੀ ਹੈ। ਇਸ ਮਾਮਲੇ ਸਬੰਧੀ ਪੀੜਤ ਧਿਰ ਕਲਾਨੌਰ ਵਾਸੀ ਸੰਦੀਪ ਕੁਮਾਰ, ਜਿਸ ਖ਼ਿਲਾਫ਼ ਲੰਗਾਹ ਨੇ ਬਾਦਲ-ਭਾਜਪਾ ਹਕੂਮਤ ਵੇਲੇ ਅੱਧਾ ਕਿੱਲੋ ਅਫ਼ੀਮ ਰੱਖਣ ਦਾ ਕੇਸ ਦਰਜ ਕਰਾਇਆ ਸੀ, ਨੇ ਪੁਲਿਸ ਤੱਕ ਪਹੁੰਚ ਕੀਤੀ ਹੈ।
ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ’ਤੇ ਆਧਾਰਤ ਕਮਿਸ਼ਨ ਨੇ ਸੰਦੀਪ ਕੁਮਾਰ ਖ਼ਿਲਾਫ਼ ਦਰਜ ਕੇਸ ਝੂਠਾ ਤੇ ਸਿਆਸਤ ਤੋਂ ਪ੍ਰੇਰਿਤ ਹੋਣ ਦੇ ਤੱਥ ਸਾਹਮਣੇ ਲਿਆਂਦੇ ਹਨ। ਇਹ ਕੇਸ 29 ਅਕਤੂਬਰ 2015 ਨੂੰ ਦਰਜ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੇਸ ਝੂਠਾ ਸਾਬਤ ਹੁੰਦਾ ਹੈ ਤਾਂ ਤਫ਼ਤੀਸ਼ ਅਫ਼ਸਰ ਅਤੇ ਸਾਜ਼ਿਸ ਘੜਨ ਵਾਲੇ ਖ਼ਿਲਾਫ਼ ਇਨ੍ਹਾਂ ਧਾਰਾਵਾਂ ਤਹਿਤ ਹੀ ਕੇਸ ਦਰਜ ਕੀਤੇ ਜਾਣ ਦਾ ਕਾਨੂੰਨੀ ਪ੍ਰਬੰਧ ਹੈ ਤੇ ਬਰਾਮਦ ਨਸ਼ੀਲਾ ਪਦਾਰਥ ਵੀ ਸਾਜ਼ਿਸ਼ ਘੜਨ ਵਾਲੇ ’ਤੇ ਹੀ ਪਾਇਆ ਜਾ ਸਕਦਾ ਹੈ। ਇਸ ਮਾਮਲੇ ਦਾ ਇੱਕ ਪੱਖ ਇਹ ਵੀ ਹੈ ਕਿ ਸੰਦੀਪ ਕੁਮਾਰ ਖ਼ਿਲਾਫ਼ ਦਰਜ ਕੇਸ ਦਾ ਤਫ਼ਤੀਸ਼ੀ ਅਧਿਕਾਰੀ ਸੱਤਪਾਲ ਵਿਧਾਨ ਸਭਾ ਚੋਣਾਂ ‘ਚ ਬਾਦਲ ਦਲ ਦੀ ਹਾਰ ਤੋਂ ਬਾਅਦ ਅਗਾਊਂ ਸੇਵਾਮੁਕਤੀ ਲੈ ਗਿਆ ਸੀ। ਇਲਾਕੇ ‘ਚ ਪੁਲਿਸ ਇੰਸਪੈਕਟਰ ਸੱਤਪਾਲ ਨੂੰ ਸੁੱਚਾ ਸਿੰਘ ਲੰਗਾਹ ਦਾ ਕਰੀਬੀ ਮੰਨਿਆ ਜਾਂਦਾ ਰਿਹਾ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਧਾ ਕਿੱਲੋ ਅਫ਼ੀਮ ਦਾ ਮਾਮਲਾ ਲੰਗਾਹ ਅਤੇ ਸਤਪਾਲ ਖ਼ਿਲਾਫ਼ ਦਰਜ ਕੀਤੇ ਜਾਣ ਸਬੰਧੀ ਹਾਲ ਦੀ ਘੜੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜਬਰ-ਜਨਾਹ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਬੰਦ ਇਸ ਬਾਦਲ ਦਲ ਦੇ ਆਗੂ ਵਿਰੁੱਧ ਪੁਲਿਸ ਵੱਲੋਂ ਹੋਰ ਕੇਸ ਦਰਜ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਇੱਕ ਔਰਤ ਮੁਲਾਜ਼ਮ ਵੱਲੋਂ ਸੁੱਚਾ ਸਿੰਘ ਲੰਗਾਹ ’ਤੇ ਬਲਾਤਕਾਰ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕੀਤਾ ਸੀ।