ਖਾਸ ਖਬਰਾਂ

ਨਵੰਬਰ 1984 ਦੇ ਕਤਲੇਆਮ ਤੋਂ 26 ਸਾਲਾਂ ਬਾਅਦ ਨਜ਼ਰ ਪਿਆ ਸਿੱਖਾਂ ਦੇ ਇਕ ਪਿੰਡ ਦਾ ਖੰਡਰ

February 19, 2011 | By

-ਐੱਚ.ਐੱਸ.ਬਾਵਾ*

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਪਿੰਡ ਹੋਂਦ ਚਿੱਲੜ ਦੇ ਸਾੜੇ ਗਏ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦਸ਼ਾ
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਪਿੰਡ ਹੋਂਦ ਚਿੱਲੜ ਦੇ ਸਾੜੇ ਗਏ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦਸ਼ਾ

ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀਆਂ ਦਿਲ-ਕੰਬਾਊ ਕਹਾਣੀਆਂ ਨਾ ਵਿਸਾਰੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਵਿਸਰਣ ਜੋਗੀਆਂ ਹਨ ਪਰ ਹੁਣ ਇਸ ਨਸਲਕੁਸ਼ੀ ਦੇ 26 ਵਰ੍ਹਿਆਂ ਬਾਅਦ ਨਸਲਕੁਸ਼ੀ ਦੀ ਇਕ ਅਣਕਹੀ ਕਹਾਣੀ ਦੇ ਰੂਪ ਵਿਚ ਹਰਿਆਣਾ ਦੇ ਇਕ ਪਿੰਡ ਵਿਚ 60-70 ਦੇ ਦਰਮਿਆਨ ਸਿੱਖਾਂ ਨੂੰ ਮਾਰ ਦੇਣ ਦੀ ਘਟਨਾ ਦੇ ਸਾਹਮਣੇ ਆਉਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕਿਵੇਂ ਉੱਪਰੋਂ ਆਏ ਇਸ਼ਾਰਿਆਂ ’ਤੇ ਸਿੱਖਾਂ ਨੂੰ ਚੁਣ-ਚੁਣ ਕੇ, ਇਕੋ ਢੰਗ ਨਾਲ ਉਜਾੜਿਆ ਤੇ ਕਤਲ ਕੀਤਾ ਗਿਆ। ਗੁੜਗਾਉਂ-ਜੈਪੁਰ ਮੁੱਖ ਮਾਰਗ ’ਤੇ 27 ਕਿਲੋਮੀਟਰ ਦੂਰ ਬਿਲਾਸਪੁਰ ਤੋਂ ਲਗਪਗ 236 ਕਿਲੋਮੀਟਰ ਅੰਦਰ ਹੈ ਜ਼ਿਲ੍ਹਾ ਰਿਵਾੜੀ ਦਾ ਇਹ ਅਭਾਗਾ ਪਿੰਡ ਹੋਂਦ ਚਿੱਲੜ। ਇਸ ਪਿੰਡ ਦੇ ਅੰਦਰ ਵੜਦੇ ਹੀ ਦਿੱਸਦੀਆਂ ਹਨ ਧੁਆਂਖੀਆਂ ਤੇ ਢੱਠੀਆਂ ਹੋਈਆਂ ਹਵੇਲੀਆਂ। ਇਹ ਆਪਣੇ ਆਪ ’ਚ ਕਹਿੰਦੀ ਕਹਾਉਂਦੀ ਹਵੇਲੀ ਸੀ ਪਰ ਹੁਣ ਜਲੀਆਂ ਕੰਧਾਂ ਆਪਣੀ ਕਹਾਣੀ ਆਪ ਬਿਆਨ ਕਰਦੀਆਂ ਨੇ। ਤਬਾਹੀ ਦਾ ਇਹ ਮੰਜ਼ਰ ਆਪਣੇ ਆਪ ਵਿਚ ਇਕ ਐਸੀ ਪੀੜ ਸਮੋਈ ਬੈਠਾ ਹੈ ਜੋ ਸ਼ਾਇਦ ਕਦੇ ਖ਼ਤਮ ਨਾ ਹੋਵੇ। ਥੋੜ੍ਹਾ ਅੱਗੇ ਚੱਲ ਕੇ ਗੁਰਦੁਆਰਾ ਹੈ ਜਿਸ ਦੇ ਅੰਦਰ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਸ਼ੋਭਿਤ ਸਨ ਪਰ ਹੁਣ ਬਿਨਾਂ ਬੂਹੇ ਬਾਰੀਆਂ ਗੁਰਦੁਆਰੇ ਦੀ ਸੜੀ ਹੋਈ ਇਮਾਰਤ ਇਕ ਨਜ਼ਰ ਮਾਰਿਆਂ ਹੀ ਸਭ ਕੁਝ ਬਿਆਨ ਕਰ ਜਾਂਦੀ ਹੈ। ਗੁਰਦੁਆਰੇ ਦੇ ਲਾਗੇ ਖੂਹ ਅਜੇ ਵੀ ਉੇਵੇਂ ਹੀ ਮੌਜੂਦ ਹੈ। ਬਹੁਤ ਸਾਰੀਆਂ ਅਜਿਹੀਆਂ ਹਵੇਲੀਆਂ ਹਨ ਜੋ ਬੁਲਡੋਜ਼ਰ ਨਾਲ ਪੱਧਰੀਆਂ ਹੋ ਜਾਣ ਮਗਰੋਂ ਹੁਣ ਖੇਤਾਂ ਵਿਚ ਤਬਦੀਲ ਹੋ ਗਈਆਂ ਹਨ। ਇਸ ਪਿੰਡ ਵਿਚ 1984 ਦੇ ਫੱਟ ਅਜੇ ਵੀ ਰਿਸਦੇ ਨੇ। ਹੁਣ ਪੂਰੇ ਪਿੰਡ ਵਿਚ ਕੋਈ ਨਹੀਂ ਵੱਸਦਾ। ਇਹ ਅਹਿਸਾਸ ਹਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰ ਦੇ ਜਿਨ੍ਹਾਂ ਨੇ ਇਸ ਪਿੰਡ ਨੂੰ ਘੋਖਿਆ ਤੇ ਸਾਰਾ ਮਾਮਲਾ ਸਿੱਖਸ ਫਾਰ ਜਸਟਿਸ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਧਿਆਨ ਵਿਚ ਲਿਆਂਦਾ। 2 ਨਵੰਬਰ 1984 ਤੋਂ ਪਹਿਲਾਂ ਪਿੰਡ ਚਿੱਲੜ ਤੋਂ ਲਗਪਗ 4 ਕਿਲੋਮੀਟਰ ਦੂਰ ਇਕ ਛੋਟੀ ਢਾਣੀ ਹੋਂਦ, 30-35 ਘਰਾਂ ਦਾ ਇਕ ਹੱਸਦਾ ਵੱਸਦਾ ਪਿੰਡ ਸੀ। ਸਾਰੇ ਘਰ ਸਿੱਖਾਂ ਦੇ ਸਨ ਜੋ ਪਾਕਿਸਤਾਨ ਦੇ ਸ਼ਹਿਰ ਮੀਆਂਵਾਲੀ ਤੋਂ 1947 ਵਿਚ ਉੱਜੜ ਕੇ ਇਧਰ ਆਏ ਸਨ। ਇੱਥੋਂ ਦੇ ਸਾਬਕਾ ਹੈੱਡਮਾਸਟਰ ਅਨੁਸਾਰ 1978 ਵਿਚ ਚਿੱਲੜ ਵਿਚ ਧਰਮਸ਼ਾਲਾ ਬਣਾਉਣ ਲਈ ਹੋਂਦ ਵਾਸੀਆਂ ਨੇ ਖੁੱਲ੍ਹ ਕੇ ਦਾਨ ਦਿੱਤਾ ਸੀ। ਪਿੰਡ ਹੋਂਦ ਤੇ ਚਿੱਲੜ ਦੀ ਪੰਚਾਇਤ ਸਾਂਝੀ ਸੀ। ਚਿੱਲੜ ਬਹੁਤ ਵੱਡਾ ਪਿੰਡ ਹੈ ਜਿੱਥੇ ਜਾਟ, ਗੁੱਜਰ ਅਤੇ ਹੋਰ ਜਾਤਾਂ ਰਲ ਮਿਲ ਵੱਸਦੀਆਂ ਸਨ। ਐਨੇ ਵੱਡੇ ਪਿੰਡ ਚਿੱਲੜ ਨੂੰ ਛੱਡ ਕੇ ਛੋਟੀ ਢਾਣੀ ਹੋਂਦ ਦੇ ਨਿਵਾਸੀ ਸ: ਸਰੂਪ ਸਿੰਘ ਸਪੁੱਤਰ ਸ: ਤਿਰਲੋਕ ਸਿੰਘ ਦਾ 1961 ਤੋਂ ਪੰਦਰਾਂ ਸਾਲਾਂ ਤਕ ਸਰਪੰਚ ਬਣੇ ਰਹਿਣਾ ਇਨ੍ਹਾਂ ਸਿੱਖ ਪਰਿਵਾਰਾਂ ਦੀ ਧਾਂਕ ਤੇ ਕਿਸੇ ਨਾਲ ਦੁਸ਼ਮਣੀ ਨਾ ਹੋਣ ਵਾਲੀ ਗੱਲ ਦੀ ਗਵਾਹੀ ਭਰਦਾ ਸੀ।

2 ਨਵੰਬਰ ਦਿਨ ਦੇ ਕਰੀਬ ਗਿਆਰਾਂ ਵਜੇ ਭੀੜ ਨੇ ਪੂਰੇ ਪਿੰਡ ਹੋਂਦ ਨੂੰ ਚਾਰੇ ਪਾਸਿਓਂ ਘੇਰੇ ਵਿਚ ਲੈ ਲਿਆ। ਭੀੜ ਕੋਲ ਮਿੱਟੀ ਦੇ ਤੇਲ ਦੇ ਕੈਨ, ਬਲਦੀਆਂ ਮਸ਼ਾਲਾਂ, ਕਿਰਪਾਨਾਂ, ਡਾਂਗਾਂ, ਬਰਛੇ ਤੇ ਟਕੂਏ ਸਨ। ਉਨ੍ਹਾਂ ਆਉਂਦਿਆਂ ਹੀ ਤੂੜੀ ਦੇ ਕੁੱਪਾਂ ਨੂੰ ਅੱਗ ਲਾਈ। ਭੀੜ ਦਾ ਰੋਹ ਵੇਖ ਕੇ ਬੱਚੇ, ਬੁੱਢੇ ਜਵਾਨ ਸਭ ਘਰਾਂ ਅੰਦਰ ਹੋ ਗਏ। ਉਸ ਵੇਲੇ ਦੇ ਪਿੰਡ ਚਿੱਲੜ ਦੇ ਸਰਪੰਚ ਅਨੁਸਾਰ ਉਸ ਨੇ ਇਕ ਟਰੱਕ ਵਿਚ ਆਏ ਇਨ੍ਹਾਂ ਲੋਕਾਂ ਨੂੰ ਕੁਝ ਹੋਰ ਲੋਕਾਂ ਦੀ ਮਦਦ ਨਾਲ ਸਮਝਾ ਬੁਝਾ ਕੇ ਵਾਪਸ ਭੇਜ ਦਿੱਤਾ ਪਰ ਸ਼ਾਮ ਨੂੰ 6 ਵਜੇ ਤਿੰਨਾਂ ਟਰੱਕਾਂ ਵਿਚ ਆਏ ਸੈਂਕੜੇ ਲੋਕਾਂ ਨੇ ਘਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਤੇ ਜਿਹੜਾ ਬਾਹਰ ਆਉਂਦਾ ਉਸ ਨੂੰ ਵੱਢਣਾ ਟੁੱਕਣਾ ਸ਼ੁਰੂ ਕਰ ਦਿੱਤਾ। ਹੁਣ ਇਕੱਤਰ ਕੀਤੀ ਜਾਣਕਾਰੀ ਅਨੁਸਾਰ 60 ਤੋਂ ਵੱਧ ਸਿੱਖ ਮਾਰੇ ਗਏ ਪਰ ਉਸ ਵੇਲੇ ਸਰਕਾਰ ਨੇ 20 ਵਿਅਕਤੀਆਂ ਦੇ ਮਾਰੇ ਜਾਣ ਅਤੇ ਜ਼ਿੰਦਾ ਜਲਾਏ ਜਾਣ ਬਾਰੇ ਐਫ. ਆਈ. ਆਰ. ਦਰਜ ਕੀਤੀ ਅਤੇ ਇਹ ਘੋਖਣ ਜਾਂ ਰਿਕਾਰਡ ’ਤੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਿੰਡ ਦੇ ਮਾਰੇ ਗਏ 20 ਵਿਅਕਤੀ ਕੌਣ ਸਨ। ਸ: ਗਿਆਸਪੁਰ ਵੱਲੋਂ ਇਹ ਮਾਮਲਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਧਿਆਨ ਵਿਚ ਲਿਆਂਦਾ ਪਰ ਇਸ ਮਾਮਲੇ ਵਿਚ ਕੁਝ ਨਾ ਹੋਣ ’ਤੇ ਉਨ੍ਹਾਂ ਇਹ ਮਾਮਲਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਦੇ ਧਿਆਨ ਵਿਚ ਲਿਆਂਦਾ। ਜੋ 20 ਮੌਤਾਂ ਵਾਲੀ ਐਫ. ਆਈ. ਆਰ. ਦਰਜ ਹੋਈ ਸੀ, ਉਸ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸ: ਗਿਆਸਪੁਰ ਦੇ ਨਾਲ ਦੋ ਦਿਨ ਉਕਤ ਪਿੰਡ ਵਿਚ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ, ਲੋਕਾਂ ਨਾਲ ਗੱਲਬਾਤ ਕਰਕੇ ਤੱਥ ਇਕੱਠੇ ਕਰਨ ਉਪਰੰਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ 6 ਮਾਰਚ ਨੂੰ ਉਕਤ ਪਿੰਡ ਵਿਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ 26 ਸਾਲ ਪਹਿਲਾਂ ਵਾਪਰੇ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸੇ ਦੌਰਾਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਨੇ ਕਿਹਾ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ। ਸ: ਪੀਰ ਮੁਹੰਮਦ ਨੇ ਐਲਾਨ ਕੀਤਾ ਕਿ ਸਿੱਖਸ ਫਾਰ ਜਸਟਿਸ ਦੇ ਸਹਿਯੋਗ ਨਾਲ ਇਸ ਪਿੰਡ ਨੂੰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦਗਾਰ ਵਜੋਂ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪਿੰਡ ਦੀ ਫ਼ੇਰੀ ਸਮੇਂ ਗੁੜਗਾਉਂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਸੰਤੋਖ ਸਿੰਘ ਸਾਹਨੀ, ਜਥੇਦਾਰ ਹਰਦਰਸ਼ਨ ਸਿੰਘ ਸੀ: ਪ੍ਰਧਾਨ ਗੁਰਦੁਆਰਾ ਸਾਊਥ ਸਿਟੀ ਗੁੜਗਾਉਂ, ਜਗਤਪਾਲ ਸਿੰਘ, ਰਛਪਾਲ ਸਿੰਘ, ਇੰਜ: ਮਨਵਿੰਦਰ ਸਿੰਘ ਗਿਆਸਪੁਰ, ਹੈੱਡਗ੍ਰੰਥੀ ਪ੍ਰਗਟ ਸਿੰਘ ਕੈਰੋਂ, ਮੈਨੇਜਰ ਸ: ਹਰਜਿੰਦਰ ਸਿੰਘ, ਸ: ਸਾਹਿਬ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਤੇ ਸ: ਗੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰ ਘ ਸਭਾ ਪਟੌਦੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

—000—

*ਲੇਖਕ ਰੋਜ਼ਾਨਾ ‘ਅਜੀਤ’ ਦੇ ਬਿਊਰੋ ਚੀਫ ਹਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,