ਲੇਖ

ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਨਵੇ ਸਿੱਖ ਭਵਿੱਖ ਦੇ ਦਿਸਹੱਦੇ

By ਸਿੱਖ ਸਿਆਸਤ ਬਿਊਰੋ

December 25, 2014

ਇਹ ਲੇਖ ਸਿੱਖ ਸ਼ਹਾਦਤ ਦੇ ਜਨਵਰੀ 2005 ਅੰਕ ਵਿੱਚ ਸਾਹਿਜ਼ਾਦਿਆਂ ਦੇ 300 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸਮੇ ਪ੍ਰਕਾਸ਼ਿਤ ਹੋਇਆ ਸੀ।ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਮੌਕੇ ਸਿੱਖ ਸਿਆਸਤ ਦੇ ਪਾਠਕਾਂ ਦੀ ਸੇਵਾ ਵਿੱਚ ਫਿਰ ਹਾਜ਼ਰ ਕਰ ਰਹੇ ਹਾਂ।

– ਹਰਸਿਮਰਨ ਸਿੰਘ (ਅਨੰਦਪੁਰ ਸਾਹਿਬ)

ਵਿਸ਼ਵ ਦੇ ਸਾਰੇ ਧਰਮਾਂ ਅਤੇ ਕੌਮਾਂ ਦੀ ਹੋਂਦ ਉਨ੍ਹਾਂ ਦੇ ਵਿਚਾਰਧਾਰਕ ਸੱਚ ਉੱਤੇ ਅਧਾਰਿਤ ਹੈ।ਉਨ੍ਹਾਂ ਦਾ ਉਨ੍ਹਾਂ ਦੇ ਵਿਰੋਧੀਆਂ ਲਈ ਝੂਠ ਵੀ ਹੋ ਸਕਦਾ ਹੈ।ਸੱਚ ਅਤੇ ਝੂਠ ਦੀ ਇਸ ਲੜਾਈ ਅਤੇ ਆਪਸੀ ਵਿਰੋਧ ਦਾ ਸਾਹਮਣਾ ਕਰਨ ਲਈ ਹਰ ਕੌਮ ਸਮੇਂ ਸਮੇਂ ਆਪਣੇ ਵਿਰੋਧੀਆਂ ਦਾ ਟਕਰਾ ਕਰਦੀ ਰਹਿੰਦੀ ਹੈ।

ਵਿਰੋਧੀ ਮੁੱਖ ਤੌਰ ‘ਤੇ ਦੋ ਪ੍ਰਕਾਰ ਦੇ ਹੁੰਦੇ ਹਨ। ਅੰਦਰੂਨੀ ਵਿਰੋਧੀ ਉਹਨਾਂ ਦੇ ਆਪਣੇ ਸਹਿ-ਧਰਮੀ ਜਾਂ ਦੇਸ਼ ਵਾਸੀ ਵੀ ਹੋ ਸਕਦੇ ਹਨ, ਜਦੋਂਕਿ ਬਾਹਰੀ ਵਿਰੋਧੀ ਉਹਨਾਂ ਦੇ ਧਰਮ ਨੂੰ ਮੰਨਣ ਵਾਲੇ ਜਾਂ ਨਾ ਮੰਨਣ ਵਾਲੇ ਪਰ ਉਨ੍ਹਾਂ ਦੀ ਹੋਂਦ ਦੇ ਵਿਰੁੱਧ ਹੁੰਦੇ ਹਨ।ਇਹ ਬਾਹਰੀ ਵਿਰੋਧੀ ਉਹਨਾਂ ਇੱਕ ਦੇਸ਼, ਕੌਮ ਜਾਂ ਉਸਦੀ ਵਿਚਾਰਧਾਰਾ ਨੂੰ ਨੁਕਸਾਨ ਪਹੁੰਚਾਉਦੇ, ਉਹਨਾਂ ਨਾਲ ਅਕਸਰ ਟਕਰਾਉ ਵਿੱਚ ਰਹਿੰਦੇ ਹਨ।

ਦੋਹਾਂ ਤਰਾਂ ਦੀਆਂ ਸਥਿਤੀਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਹਰ ਕੌਮ ਅਤੇ ਇਸਦੇ ਆਗੂਆਂ ਨੂੰ ਆਪਣੀ ਕੌਮ ਦੇ ਸੱਚ ਨੂੰ ਬਚਾ ਕੇ ਰੱਖਣ ਲਈ ਲਗਾਤਾਰ ਯਤਨ ਕਰਨੇ ਪੈਂਦੇ ਹਨ। ਇਹ ਯਤਨ ਵੱਡੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਤੱਕ ਜਾ ਸਕਦੇ ਹਨ। ਇਸ ਲਈ ਇੱਕ ਕੌਮ ਦੇ ਸੱਚ ਲਈ ਲੜਨ ਵਾਲਾ ਉਸਦੇ ਵਿਰੋਧੀਆਂ ਲਈ ਬਾਗੀ ਹੁੰਦਾ ਹੈ।ਕਈ ਵਾਰ ਸੱਚ ਸੱਚ ਨਾਲ ਟਕਰਾਉਦਾ ਹੈ। ਪਰ ਇਹ ਇਤਿਹਾਸ ਅਤੇ ਸਮਾਂ ਹੀ ਹੁੰਦੇ ਹਨ ਜੋ ਇੱਕ ਸੱਚ ਨੂੰ ਸੱਚ ਹੋਣ ਦਾ ਫੈਸਲਾ ਕਰਦੇ ਹਨ।ਸੱਚ ਅਤੇ ਝੂਠ ਦੀ ਇਹ ਲੜਾਈ ਤੇ ਵਿਰੋਧ ਮਨੁੱਖ ਦੀ ਹੋਂਦ ਤੋਂ ਚੱਲਦਾ ਆ ਰਿਹਾ ਹੈ ਅਤੇ ਭਵਿੱਖ ਵਿੱਚ ਇਸਦੇ ਹੋਰ ਉਗਰ ਰੂਪ ਵਿੱਚ ਚੱਲਦੇ ਰਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸਿੱਖ ਪੰਥ ਦੀ ਹੋਂਦ ਇੱਕ ਅਜ਼ੀਮ ਵਿਚਾਰਧਾਰਾ ਦੇ ਸੱਚ ਉੱਤੇ ਅਧਾਰਿਤ ਹੈ।ਜਿਹਨਾਂ ਹਾਲਤਾਂ ਅਤੇ ਸਥਿਤੀਆਂ ਵਿੱਚ ਇਸ ਵਿਚਾਰਧਾਰਾ ਨੇ ਪੰਜਾਬ ਇਸ ਧਰਤੀ ਉੱਤੇ ਸ਼ਕਤੀ ਪ੍ਰਾਪਤ ਕੀਤੀ, ਉਹਨਾਂ ਵਿੱਚ ਭਾਂਵੇ ਇਸਦਾ ਸਿੱਧਾ ਵਿਰੋਧੀ ਤਾਂ ਭਾਂਵੇ ਮੁਗਲ ਸਟੇਟ ਸੀ, ਪਰ ਇਸਦੇ ਅੰਦਰੂਨੀ ਵਿਰੋਧੀਆਂ ਦੀ ਵੀ ਕਈ ਘਾਟ ਨਹੀਂ ਸੀ।, ਜਿਹਨਾਂ ਦੇ ਹਿੱਤ ਉਨ੍ਹਾਂ ਵੱਲੋਂ ਸਿੱਖਾਂ ਦਾ ਵਿਰੋਧ ਕਰਨ ਕਾਰਨ ਮੁਗਲ ਸਟੇਟ ਨਾਲ ਜਾ ਮਿਲਦੇ ਸਨ।

ਸਿੱਖ ਧਰਮ ਅਤੇ ਪੰਥ ਦਾ ਸੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਧਰਮ ਸਥਾਨਾਂ ਦੀ ਉਸਾਰੀ ਅਤੇ ਸਿੱਖ ਸੰਸਥਾਵਾਂ ਰਾਹੀ ਪ੍ਰਗਟ ਹੋ ਚੁੱਕਾ ਸੀ।ਅੰਦਰੂਨੀ ਅਤੇ ਬਾਹਰੀ ਵਿਰੋਧੀ ਇਸਨੂੰ ਗੁਰੁ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਖਤਮ ਕਰ ਦੇਣਾ ਚਾਹੁੰਦੇ ਸਨ, ਪਰ ਇਹ ਸੱਚ ਆਪਣੀ ਅੰਦਰੂਨੀ ਸ਼ਕਤੀ ਅਤੇ ਗੁਰੁ ਸਹਿਬਾਨ ਦੀ ਸੁਯੋਗ ਅਗਵਾਈ ਵਿੱਚ ਸ਼ਕਤੀਸ਼ਾਲੀ ਹੁੰਦਾ ਗਿਆ। ਇਸ ਸੱਚ ਦੇ ਵਾਰਿਸ ਸਿੱਖ ਇਸਦੇ ਬਚਾਅ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ।

ਗੁਰੂ ਅਰਜਨ ਦੇਵ ਦੀ ਦਾ ਸਮਾਂ ਅਤੇ ਉਹਨਾਂ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਸਿੱਖ ਧਰਮ ਅਤੇ ਲਹਿਰ ਦੇ ਅਜਿਹੇ ਪੜਾਅ ਦਾ ਮੋੜ-ਬਿੰਦੂ ਸੀ ਜਿਸ ਉੱਤੇ ਗ੍ਰੰਥ ਅਤੇ ਪੰਥ ਦੀ ਹੋਂਦ ਤੋਂ ਵੱਖਰੀ ਪਹਿਚਾਣ ਨੂੰ ਵੀ ਖ਼ਤਰਾ ਆ ਪਿਆ।ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਹਰੀ ਤੌਰ ‘ਤੇ ਜੋ ਵੀ ਕਾਰਣ ਰਹੇ ਹੋਣ, ਅੰਤਰੀਵ ਤੌਰ ‘ਤੇ ਸਮੇਂ ਦੀ ਮੁਗਲ ਸੱਤਾ ਸਿੱਖਾਂ ਦੇ ਧਰਮ ਆਗੂ ਨੂੰ ਹੀ ਖਤਮ ਕਰਕੇ ਹੋਂਦ ਵਿੱਚ ਆਏ ਇਸ ਨਵੇਂ ਧਰਮ ਦੀ ਪਹਿਚਾਣ ਨੂੰ ਖਤਮ ਕਰਨਾ ਚਾਹੁੰਦੀ ਸੀ।

ਕਿਸੇ ਵੀ ਸ਼ਹਾਦਤ ਜਾਂ ਕੁਰਬਾਨੀਆਂ ਦੇ ਅਕਸਰ ਦੋ ਹੀ ਨਤੀਜ਼ੇ ਨਿਕਲਦੇ ਹਨ। ਇੱਕ ਸ਼ਹੀਦ ਹੋਣ ਵਾਲੇ ਦੇ ਪੈਰੋਕਾਰ ਅਤੇ ਉਸਦੀ ਵਿਚਾਰਧਾਰਾ ਆਪਣੇ ਆਗੂਆਂ ਦੀ ਸੁਯੋਗ ਅਗਵਾਈ ਹੇਠ ਹੋਰ ਸ਼ਕਤੀਸ਼ਾਲੀ ਹੋ ਜਾਂਦੇ ਹਨ ਅਤੇ ਦੋ ਵਿਰੋਧੀ ਸ਼ਕਤੀਆਂ ਦੇ ਪ੍ਰਭਾਵ ਹੇਠ ਉਹਨਾਂ ਦਾ ਮਨੋਬਲ ਅਤੇ ਸੰਗਠਨ ਸਥਾਈ ਜਾਂ ਅਸਥਾਈ ਤੌਰ ਤੇ ਇੰਨਾ ਕਮਜ਼ੋਰ ਪੈ ਜਾਂਦਾ ਹੈ।

ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਗੁਰੁ ਹਰਗੋਬਿੰਦ ਸਾਹਿਬ ਦੀ ਅਗਵਾਈ ਹੇਠ ਹੋਰ ਸ਼ਕਤੀਸਾਲ਼ੀ ਹੀ ਨਹੀਂ ਹੋਏ ਸਗੋਂ ਸਿੱਖੀ ਵਿੱਚ ਮੀਰੀ ਪੀਰੀ ਦੇ ਸੰਕਲਪ ਦਾ ਅਕਾਲ ਤਖਤ ਸਾਹਿਬ ਦੇ ਰੂਪ ਵਿੱਚ ਪ੍ਰਗਟ ਹੋਣ ਨਾਲ ਇਹ ਸੰਸਥਾ ਰੂਪ ਵਿੱਚ ਵਿਕਾਸ ਵੀ ਕਰ ਗਿਆ।ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਪੰਥ ਦੇ ਪ੍ਰਗਟ ਹੋਣ ਪਿੱਛੋਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਹਾਦਤਾਂ ਅਤੇ ਪ੍ਰੇਰਨਾ ਕੰਮ ਕਰਦੀਆਂ ਸਨ।ਇਹਨਾਂ ਸ਼ਹਾਦਤਾਂ ਦੀ ਪ੍ਰੇਰਣਾ ਸ਼ਕਤੀ ਇਤਨੀ ਮਹੱਤਵਪੂਰਨ ਸੀ ਕਿ ਇਨ੍ਹਾਂ ਨੇ ਜਿੱਥੇ ਸਿੱਖ ਪੰਥ ਨੂੰ ਸ਼ਕਤੀ ਦਿੱਤੀ ਉੱਥੇ ਉਨ੍ਹਾਂ ਦੇ ਵਿਰੋਧੀਆਂ ਦੇ ਹੌਸਲੇ ਅਤੇ ਮਨੋਬਲ ਵੀ ਪਸਤ ਹੁੰਦੇ ਗਏ।

ਇਤਿਹਾਸ ਦੇ ਜਿਸ ਮੋੜ ਉੱਤੇ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਉਸ ਵਿੱਚ ਭਾਵੇਂ ਜ਼ਾਹਿਰਾ ਤੌਰ ‘ਤੇ ਮੁਗਲ ਜਿੱਤ ਗਏ ਸਨ ਪਰ ਇਤਿਹਾਸ ਦਾ ਇਹ ਨਿਰਣਾ ਅੱਜ ਵੀ ਕਾਇਮ ਹੈ ਕਿ ਉਸ ਸਮੇਂ ਅੰਤਲੀ ਫਤਿਹ ਸਿੱਖ ਪੰਥ ਦੀ ਹੀ ਹੋਈ ਸੀ।ਦੂਸਰਾ ਸ਼ਹਾਦਤਾਂ ਕਿਸੇ ਵਿਸ਼ੇਸ਼ ਕਾਲ ਅਤੇ ਸਮੇਂ ਨਾਲ ਨਹੀਂ ਜੁੜੀਆਂ ਰਹਿੰਦੀਆਂ। ਆਪਣੇ ਸਮਕਾਲੀਨ ਤਿਆਰ ਕੀਤਾ ਉਸਦਾ ਇੱਕ ਵਿਸ਼ਾਲ ਤਿਆਰ ਕੀਤਾ ਉਸਦਾ ਇੱਕ ਵਿਸਾਲ ਰੂਪ ਪਿੱਛਲੇ ਤਿੰਨ ਸੌ ਸਾਲ ਦੇ ਇਤਿਹਾਸ ਦੇ ਰੂਪ ਵਿੱਚ ਲਿਖਿਆ ਪਿਆ ਹੈ। ਪਰ ਇਹ ਅਤੇ ਹੋਰ ਸਿੱਖਾਂ ਦੀਆਂ ਸ਼ਹਾਦਤਾਂ ਸਿੱਖ ਪੰਥ ਦੇ ਇੱਕਵੀਂ ਅਤੇ ਹੋਰ ਅਗਲੇਰੀਆਂ ਸਦੀਆਂ ਦੇ ਇਤਿਹਾਸ ਵਿੱਚ ਨਵੇਂ ਸਿੱਖ ਭਵਿੱਖ ਦੀ ਸਿਰਜਣਾ ਲਈ ਕਿਵੇਂ ਨਵੀਂ ਚਾਲਕ ਸ਼ਕਤੀ ਵਾਂਗ ਕੰਮ ਕਰ ਸਕਦੀਆਂ ਹਨ, ਸਾਡੇ ਸਾਹਮਣੇ ਇਹ ਮੂਲ ਪ੍ਰਸ਼ਨ ਹੈ।

ਸਿੱਖ ਕੌਮ ਆਪਣੇ ਅਧਿਕਾਰਾਂ ਦੀ ਪ੍ਰਾਪਤੀ, ਸੁਰੱਖਿਅਤਾ ਅਤੇ ਅਗਲੇਰੇ ਵਾਧੇ ਲਈ ਆਪਣੀਆਂ ਸੰਸਥਾਵਾਂ ਰਾਂਹੀ ਕੰਮ ਕਰਦੀ ਆ ਰਹੀ ਹੈ। ਇਨ੍ਹਾਂ ਸੰਸਥਾਵਾਂ ਨਾਲ ਵੱਖ ਵੱਖ ਜੱਥੇਬੰਦੀਆਂ ਅਤੇ ਆਗੂ ਜੁੜੇ ਰਹਿ ਕੇ ਹਰ ਪ੍ਰਾਪਤ ਪ੍ਰਸਥਿਤੀ ਅਤੇ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਅੱਗੇ ਵੱਧ ਰਹੇ ਹਨ। ਅਜਿਹਾ ਕਰਦਿਆਂ ਹਰ ਕ੍ਰਿਆ ਆਪਣੀ ਥਾਂ ਮਹੱਤਵਪੂਰਨ ਹੈ, ਪਰ ਸਿੱਖਾਂ ਦੇ ਅੰਦਰੂਨੀ ‘ਤੇ ਬਾਹਰੀ ਵਿਰੋਧੀਆਂ ਵਿਰੁੱਧ ਸੰਘਰਸ਼ ਲੜਦਿਆਂ ਕੀਤੀਆਂ ਗਈਆਂ ਸਹਾਦਤਾਂ ਤੇ ਹੋਰ ਕੁਰਬਾਨੀਆਂ ਆਪਣੇ ਆਪ ਵਿੱਚ ਪ੍ਰੇਰਨਾ ਸ੍ਰੋਤ ਹਨ ਜੋ ਇੱਕ ਪਾਸੇ ਕੌਮ ਦੀ ਹੋਂਦ ਦੇ ਸੱਚ, ਵਿਚਾਰਧਾਰਾ ਅਤੇ ਉਦੇਸ਼ਾਂ ਦੇ ਸੁਨੇਹੇ ਨੂੰ ਫੈਲਾਉਣ ਅਤੇ ਦ੍ਰਿੜ ਕਰਨ ਲਈ ਕੰਮ ਕਰਦੀਆਂ ਹਨ, ਉੱਥੇ ਉਹ ਸਮੁੱਚੀ ਕੌਮ ਵਿਸ਼ੇਸ਼ ਕਰਕੇ ਸੰਘਰਸ਼ਸ਼ੀਲ ਲੋਕਾਂ ਲਈ ਮਹੱਤਵਪੂਰਨ ਬੂਸ਼ਟਰ ਦਾ ਕੰਮ ਵੀ ਕਰਦੀਆਂ ਹਨ।

ਇਤਿਹਾਸ ਦੇ ਜਿਸ ਮੋੜ ਉੱਤੇ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ ਉਸ ਸਮੇਂ ਤੱਕ ਗੁਰੂ ਸਾਹਿਬ ਵੱਲੋਂ ਖਾਲਸਾ ਪੰਥ ਨੂੰ ਦਿੱਤੇ ਅਗਵਾਈ ਦੇ ਅਧਿਕਾਰ ਆਪਣੇ ਆਧਾਰ ਕਾਇਮ ਕਰ ਚੁੱਕੇ ਸਨ। ਸਹਿਬਜ਼ਾਦੇ ਵੀ ਖਾਲਸਾ ਪੰਥ ਦਾ ਹਿੱਸਾ ਸਨ। ਅਠਾਰਵੀਂ ਸਦੀ ਦੇ ਭਵਿੱਖ ਵਿੱਚ ਸਿੱਖ ਸੰਘਰਸ਼ ਸ਼ਾਂਤਮਈ ਅਤੇ ਹਥਿਆਰਬੰਦ ਸਾਧਨਾ ਦੇ ਸੁਮੇਲ ਨਾਲ ਕਿਵੇਂ ਲੜਿਆ ਜਾਣਾ ਸੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਇਸਦੇ ਵਿਸ਼ਾਲ ਆਧਾਰ ਨੂੰ ਸਥਾਪਿਤ ਕੀਤਾ। ਉਨ੍ਹਾਂ ਦੀ ਸ਼ਹਾਦਤ ਦਾ ਇਹ ਮੁੱਢਲਾ ਸੁਨੇਹਾ ਇੱਕਵੀਂ ਸਦੀ ਵਿੱਚ ਨਵੇਂ ਸਿੱਖ ਭਵਿੱਖ ਲਈ ਕੀਤੇ ਜਾਣ ਵਾਲੇ ਸਿੱਖ ਸੰਘਰਸ਼ ਦਾ ਮਹੱਤਵਪੂਰਨ ਨੀਤੀ ਆਧਾਰ ਬਣ ਸਕਦਾ ਹੈ, ਜਿਸਦਾ ਵਿਸਥਾਰ ਭਵਿੱਖ ਦੇ ਸਿੱਖ ਵਿਦਵਾਨਾਂ ਅਤੇ ਆਗੂਆਂ ਨੇ ਸਿਰਜਣਾ ਹੈ।

ਦੂਸਰਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖਾਂ ਨੂੰ ਅਤਿ ਦੇ ਖਤਰਿਆਂ ਅਤੇ ਚੁਣੌਤੀਆਂ ਦੇ ਸਨਮੁੱਖ ਸਿੱਖੀ ਸਿੱਦਕ ਉੱਤੇ ਕਾਇਮ ਰਹਿਣ, ਗੁਰੂ ਅਤੇ ਪ੍ਰਮਾਤਮਾਂ ਵਿੱਚ ਅਤੁੱਟ ਵਿਸ਼ਵਾਸ਼ ਰੱਖਣ, ਵਿਰੋਧੀਆਂ ਦੇ ਬੇਸ਼ੁਮਾਰ ਵਸੀਲਿਆਂ ਦੇ ਸਨਮੁੱਖ “ਸਵਾ ਲਾਖ ਸੇ ਏਕ ਲੜਾਉਂ” ਦੀ ਮਾਨਸਿਕ ਉੱਚਤਾ ਵਿੱਚ ਵਿਚਰਨ ਅਤੇ ਇੱਕ ਨੀਤੀ ਤਹਿਤ ਭਵਿੱਖ ਦੀ ਸਿਰਜਣਾ ਦੇ ਸੁਨੇਹੇ ਦਿੰਦੀ ਹੈ।

ਚਮਕੌਰ ਸਾਹਿਬ ਵਿੱਚ ਹੋਈ ਜੰਗ ਵਿਸ਼ਵ ਇਤਿਹਾਸ ਦੀ ਇੱਕ ਬੇਜੋੜ ਅਤੇ ਅਸਾਂਵੀ ਜੰਗ ਸੀ। ਇਤਨੇ ਵੱਡੇ ਮੁਗਲ ਲਸ਼ਕਰ ਦੇ ਸਾਹਮਣੇ ਗੁਰੂ ਸਾਹਿਬ ਦੀ ਅਗਵਾਈ ਹੇਠ ਕੁਝ ਕੂ ਸਿੰਘਾਂ ਵੱਲੌਂ ਲੜੀ ਗਈ ਉਸ ਜੰਗ ਦੇ ਹਾਲਾਤ ਸਾਹਮਣੇ ਕੋਈ ਵੀ ਹੌਸਲਾ ਛੱਡ ਸਕਦਾ ਸੀ।ਇਸੇ ਤਰਾਂ ਛੋਟੇ ਸਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ ਵਜ਼ੀਰ ਖਾਨ ਦਾ ਕਹਿਰ ਉਨ੍ਹਾਂ ਨੂੰ ਡੁਲਾ ਸਕਦਾ ਸੀ ਪਰ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਸਿੱਖੀ ਸਿਦਕ ਅਤੇ ਨੀਤੀ ਤਹਿਤ ਸੰਘਰਸ਼ ਲੜਨ ਦਾ ਅਜਿਹਾ ਮਹਾਨ ਵਰਤਾਰਾ ਹੋ ਨਿਬੜਿਆ ਜੋ ਨਵੇਂ ਸਿੱਖ ਭਵਿੱਖ ਲਈ ਭਵਿੱਖ ਦੇ ਆਗੂਆਂ ਨੂੰ ਪ੍ਰੇਰਿਤ ਕਰਦਾ ਰਹੇਗਾ।

ਇਹ ਸਿੱਦਕ ਸਾਰਾਗੜੀ ਦੇ ਸਾਕੇ ਦੇ ਸਿੱਖ ਸ਼ਹੀਦਾਂ ਅਤੇ 1984 ਦੇ ਸਾਕਿਆਂ ਵਿੱਚ ਪਹਿਲਾਂ ਹੀ ਆਪਣੇ ਇਤਿਹਾਸਕ ਨਕਸ਼ ਛੱਡ ਚੁੱਕਾ ਹੈ।ਇਹ ਇਤਿਹਾਸ ਦੇ ਹੀ ਫੈਸਲੇ ਹਨ ਕਿ ਚਮਕੌਰ, ਸਾਰਗੜੀ ਅਤੇ ਅੰਮ੍ਰਿਤਸਰ ਵਿੱਚ ਜਿੱਤ ਸਿੱਖ ਵਿਰੋਧੀਆਂ ਦੀ ਨਹੀਂ ਸਗੋਂ ਸਿੰਘਾਂ ਦੀ ਹੋਈ ਸੀ। ਅਜੇਤੂ ਹੋਣ ਦਾ ਅਹਿਸਾਸ ਹੀ ਅੱਧੀ ਜੰਗ ਜਿਤਾ ਦਿੰਦਾ ਹੈ।

ਤੀਸਰਾ, ਨਵੇ ਸਿੱਖ ਭਵਿੱਖ ਦੇ ਦਿਸਹੱਦਿਆਂ ਨੂੰ ਆਪਣੀ ਪਕੜ ਵਿੱਚ ਲ਼ਿਆਉਣ ਲਈ ਭਵਿੱਖ ਦੇ ਆਮ ਸਿੱਖਾਂ, ਸਿੱਖ ਆਗੂਆਂ ਅਤੇ ਸੰਘਰਸ਼ਸ਼ੀਲ ਲੋਕਾਂ ਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਂਗ ਗੁਰੂ ਲਿਵ ਨਾਲ ਜੁੜਿਆ ਰਹਿਣਾ ਅਤੇ ਆਪਣੀ ਰੁਹਾਨੀ ਤਾਜ਼ਗੀ ਨੂੰ ਕਾਇਮ ਰੱਖਣਾ ਲਾਮੀ ਹੋਵੇਗਾ। ਭਾਵੇਂ ਸਾਹਿਬਜ਼ਾਦਿਆਂ ਤੋਂ ਪਹਿਲ਼ਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਹੋਰ ਅਨੇਕਾਂ ਸਿੱਖਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ ਪਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਆਪਣੇ ਹੀ ਆਗੂ ਅਧਿਕਾਰ ਰਾਂਹੀ ਖਾਲਸਾ ਪੰਥ ਦੇ ਆਗੂਆਂ ਦੀਆਂ ਪਹਿਲੀਆਂ ਅਤੇ ਹਰ ਸਿੱਖ ਯੁੱਗ ਵਿੱਚ ਪ੍ਰਸੰਗਿਕ ਰਹਿਣ ਵਾਲੀਆਂ ਅਦੁੱਤੀ ਸ਼ਹਾਦਤਾਂ ਸਨ।

ਪਿੱਛਲੇ ਤਿੰਨ ਸੌ ਸਾਲਾਂ ਵਿੱਚ ਸ਼ਹਾਦਤਾਂ ਦੀ ਇੱਕ ਲੰਮੀ ਲੜੀ ਨੂੰ ਸਿੱਖ ਪੰਥ ਅਰਦਾਸ ਰੂਪ ਵਿੱਚ ਸਵੇਰੇ ਸ਼ਾਮੀ ਯਾਦ ਕਰਦਾ ਹੈ।ਪਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਗੁਰੂ ਲਿਵ ਨਾਲ ਜੁੜੀਆਂ ਅਜ਼ੀਮ ਸ਼ਹਾਦਤਾਂ ਹਨ ਜਿਹਨਾਂ ਦੀ ਨਿਰੰਤਰਤਾ ਅੱਜ ਵੀ ਕਾਇਮ ਹੈ।

ਸਪੱਸ਼ਟ ਹੈ ਕਿ ਨਵੇਂ ਸਿੱਖ ਭਵਿੱਖ ਦੀ ਸਿਰਜਣਾ ਲਈ ਪਿੱਛਲੇਰੀਆਂ ਅਜਿਹੀਆਂ ਸ਼ਹਾਦਤਾਂ ਗੁਰੂ ਲਿਵ ਵਿੱਚ ਜੁੜੀਆਂ ਭਵਿੱਖ ਦੀਆਂ ਸਿੱਖ ਸ਼ਹਾਦਤਾਂ ਨੂੰ ਪ੍ਰੇਰਿਤ ਕਰਨਗੀਆਂ।ਪਰ ਜੇਕਰ ਸ਼ਹਾਦਤਾਂ ਜਜ਼ਬਾਤ ਵੱਸ ਹੋਕੇ ਮਹਿਜ਼ ਸ਼ਹਾਦਤਾਂ ਲਈ ਹੀ ਦਿੱਤੀਆਂ ਜਾਣ ਤਾਂ ਇਹ ਆਪਣੇ ਅਰਥ ਵੀ ਗਵਾ ਸਕਦੀਆਂ ਹਨ। ਸ਼ਹਾਦਤਾਂ ਰਾਹੀਂ ਸਿੱਖ ਪ੍ਰਾਪਤੀਆਂ ਨੂੰ ਕਿਵੇਂਯਕੀਨੀ ਬਣਾਈ ਦਾ ਹੈ, ਬੰਦਾ ਸਿੰਘ ਬਹਾਦਰ ਇਸਦੀ ਸਾਕਾਰ ਮੂਰਤ ਹਨ।

ਵਰਤਮਾਨ ਅਤੇ ਭਵਿੱਖ ਦੀਆਂ ਸਿੱਖ ਸ਼ਹਾਦਤਾਂ ਨੂੰ ਸਿੱਖ ਹੱਕਾਂ ਦੀ ਪ੍ਰਾਪਤੀ, ਵਿਸ਼ਵ ਵਿੱਚ ਸਿੱਖੀ ਅਤੇ ਸਿੱਖ ਦੀ ਪਹਿਚਾਣ ਅਤੇ ਸਿੱਖੀ ਦੀ ਵਿਸ਼ਵ ਭੂਮਿਕਾ ਲਈ ਕਿਵੇਂ ਯਕੀਨੀ ਬਣਾਇਆ ਜਾਣਾ ਹੈ, ਸਿੱਖ ਵਿਦਵਾਨਾਂ ਅਤੇ ਭਵਿੱਖ ਦੇ ਆਗੂਆਂ ਸਾਹਮਣੇ ਇਹ ਵੀ ਇੱਕ ਵੱਡੀ ਚੁਣੌਤੀ ਹੈ।

ਨਵੇਂ ਸਿੱਖ ਭਵਿੱਖ ਦੀ ਸਿਰਜਣਾ ਸਬੰਧੀ ਸਾਹਿਬਜ਼ਾਦਿਆਂ ਦਾ ਚੌਥਾ ਪ੍ਰੇਰਨਾ–ਆਧਾਰ ਭਵਿੱਖ ਦੇ ਸਿੱਖਾਂ ਨੂੰ ਸਿੱਖੀ ਦੇ ਵਿਸ਼ਵ ਜਲੌਅ ਦੀ ਦ੍ਰਿੜਤਾ ਅਤੇ ਆਪਣੇ ਸੱਚ ਉੱਤੇ ਵਿਸ਼ਵਾਸ਼ ਰੱਖਕੇ ਬਿਨਾ ਕਿਸੇ ਡਰ ਖੌਫ ਦੇ ਯਤਨ ਕਰਨ ਨਾਲ ਸਬੰਧ ਰੱਖਦਾ ਹੈ। ਸਿੱਖਾਂ ਵਾਂਗ ਸੱਚ ਉੱਤੇ ਖੜੀਆਂ ਕੌਮਾਂ ਦਾ ਸਬੰਧ ਉਨ੍ਹਾਂ ਦਾ ਘੱਟ ਗਿਣਤੀ ਜਾ ਬਹੁ- ਗਿਣਤੀ ਵਿੱਚ ਹੋਣ ਨਾਲ ਨਹੀਂ ਹੁੰਦਾ ਸਗੋਂ ਸਿੱਖ ਵਿਚਾਰਧਾਰਾ ਦੇ ਸੱਚ ਦੀ ਸ਼ਕਤੀ ਹੀ ਇਤਨੀ ਪ੍ਰਬਲ ਹੈ ਕਿ ਇਸਦੇ ਆਧਾਰ ਉੱਤੇ ਸਿੱਖ ਆਪਣੇ ਵਿਸ਼ਵ ਭਵਿੱਖ ਦਾ ਸੁਪਨਾ ਸੰਜੋਅ ਸਕਦੇ ਹਨ। ਜਦੋਂ ਸੁਪਨੇ ਮਹਾਨ ਹੋਣਗੇ ਤਾਂ ਕੌਮ ਦੀ ਸਥਾਨਿਕ ਤੋਂ ਕੌਮੀ ਪੱਥਰ ਤੱਕ ਦੇ ਯਤਨ ਸਹਿਜ਼ ਹੋ ਜਾਣਗੇ। ਸਥਾਨਿਕ ਪੱਧਰ ‘ਤੇ ਮਸਲੇ ਆਪਣੀ ਥਾਂ ਮਹੱਤਵਪੂਰਨ ਹੁੰਦੇ ਹਨ ਪਰ ਜਦੋਂ ਅਕੀਦੇ ਤੇ ਸੁਪਨੇ ਮਹਾਨ ਹੋਣ ਤਾਂ ਆਗੂਆਂ ਦੀ ਮਾਨਸਿਕਤਾ ਵੀ ਉਸ ਅਨੁਸਾਰ ਤੇਜ਼ ਅਤੇ ਉੱਚ ਹੌਸਲੇ ਵਾਲੀ ਬਣ ਜਾਂਦੀ ਹੈ।

ਅੱਜ ਦੇ ਵਰਤਮਾਨ ਸਿੱਖ ਆਗੂਆਂ ਤੇ ਆਮ ਸਿੱਖਾਂ ਦਾ ਇਹ ਹੀ ਦੁਖਾਂਤ ਹੈ ਕਿ ਸਿੱਖ ਸਿਧਾਂਤ, ਗੁਰਬਾਣੀ ਪਰੰਪਰਾਵਾਂ ਅਤੇ ਮਹਾਨ ਸ਼ਹੀਦੀ ਪ੍ਰੰਪਰਾਵਾਂ ਤਾਂ ਸਿੱਖੀ ਦੇ ਮਹਾਨ ਵਿਸ਼ੇਸ਼ ਮਿੱਥਣ ਦੀ ਮੰਗ ਕਰਦੇ ਹਨ।ਆਗੂ ਆਪਣੀਆਂ ਲੋੜਾਂ ਅਤੇ ਥੋੜਾਂ ਦੇ ਚੱਕਰਵਿਊ ਵਿੱਚ ਉਲਝੇ ਹੋਏ ਕੌਮ ਨੂੰ ਕੁਝ ਵੀ ਨਵਾਂ ਨਹੀਂ ਦੇ ਪਾ ਰਹੇ।

ਅੱਜ ਵਿਸ਼ਵ ਦੇ ਛੇ ਮਹਾਂਦੀਪਾਂ ਦੇ ਲਗਭੱਗ ਸਾਰੇ ਦੇਸ਼ਾਂ ਨੂੰ ਇੱਕ ਜਾਂ ਦੂਜੀ ਸਮੱਸਿਆ ਦਾ ਸਾਹਮਣਾ ਹ।ਉਹ ਜਿੱਥੇ ਆਪਣੇ ਮਤਭੇਦਾਂ ਅਤੇ ਹੋਰ ਕਾਰਣਾ ਕਰਕੇ ਆਪਸੀ ਵਿਰੋਧ ਵਿੱਚ ਉਲਝੇ ਹੋਏ ਹਨ, ਉੱਥੇ ਇਸਲਾਮਿਕ ਤੇ ਇਸਾਈ ਕੱਟੜਵਾਦ ਆਪਣੀ ਥਾਂ ਆਪਸ ਵਿੱਚ ਟਕਰਾ ਕੇ ਵਿਸ਼ਵ ਸਭਿਅਤਾ ਲਈ ਨਵੀਆਂ ਸਮੱਸਿਆਵਾਂ ਖੜੀਆਂ ਕਰ ਰਿਹਾ ਹੈ।ਵਿਸ਼ਵ ਸ਼ਾਂਤੀ ਅਤੇ ਵਿਸ਼ਵ ਭਾਈਚਾਰਕ ਸਾਂਝ ਦੀ ਜਿੰਨੀ ਇੱਕਵੀਂ ਸਦੀ ਵਿੱਚ ਲੋੜ ਆ ਪਈ ਹੈ, ਉਤਨੀ ਸ਼ਾਇਦ ਪਹਿਲਾਂ ਕਦੇ ਨਹੀਂ ਸੀ।

ਸਿੱਖ ਵਿਚਾਰਧਾਰਾ ਦੇ ਸੁੱਚੇ ਵਾਰਿਸਾਂ ਉੱਤੇ ਇਹ ਜ਼ਿਮੇਵਾਰੀ ਆਣ ਪਈ ਹੈ ਕਿਜਿੱਥੇ ਉਨ੍ਹਾਂ ਆਪਣੀ ਕੌਮ ਅਤੇ ਖਿੱਤੇ ਦੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਹੈ, ਉੱਥੇ ਉਨ੍ਹਾਂ ਨੇ ਭਾਰਤ ਅਤੇ ਸਮੁੱਚੇ ਵਿਸ਼ਵ ਦੀਆਂ ਸਮੱਸਿਆਵਾਂ ਲਈ ਗੁਰਮਤਿ ਵਿਚਾਰਧਾਰ ਵਿੱਚ ਸੁਝਾਏ ਗਏ ਮਾਡਲਾਂ ਅਨੁਸਾਰ ਮਨੁੱਖੀ ਸੱਭਿਅਤਾ ਨੂੰ ਨਵਾਂ ਰਾਹ ਵਿਖਾਉਣਾ ਹੈ।

ਸਾਹਿਜ਼ਾਦਿਆਂ ਦੀ ਤਿੰਨ ਸੌ ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣੀ ਆਪਣੀ ਥਾਂ ਮਹੱਤਪੁਰਨ ਹੈ, ਪਰ ਹੱਕ ਸੱਚ ਅਤੇ ਇਨਸਾਫ ਦਾ ਸੁਨੇਹਾ ਜੋ ਇਹ ਸ਼ਤਾਬਦੀ ਸਿੱਖਾਂ ਅਤੇ ਸਮੁੱਚੇ ਵਿਸ਼ਵ ਨੂੰ ਦਿੰਦੀ ਹੈ, ਉਸ ਅਨੁਸਾਰ ਇਨ੍ਹਾਂ ਦਾ ਸੁੱਚਾ ਸੰਦੇਸ਼ ਜੇਕਰ ਮਨੁੱਖਤਾ ਦ੍ਰਿੜ ਕਰ ਲਵੇ ਅਤੇ ਸਿੱਖ ਇਸ ਸਬੰਧੀ ਵਿਸ਼ਵ ਪ੍ਰਸੰਗ ਵਿੱਚ ਪਹਿਲ ਕਦਮੀ ਕਰਨ ਤਾਂ ਇਹਨਾਂ ਸ਼ਹਾਦਤਾਂ ਦਾ ਵਿਸ਼ਵ ਇਤਿਹਾਸ ਵਿੱਚ ਸਥਾਨ ਹੋਰ ਉਚੇਰਾ ਹੋ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: