ਸ੍ਰੀ ਅੰਮ੍ਰਿਤਸਰ: ਖਾਲਿਸਤਾਨ ਲਿਬਰੇਸ਼ਨ ਫੋਰਸ (ਖਾ.ਲਿ.ਫੋ.) ਦੇ ਮੁਖੀ ਭਾਈ ਹਰਮੀਤ ਸਿੰਘ ਨਮਿਤ ਸ਼ਹੀਦੀ ਸਮਾਗਮ ਬੀਤੇ ਕੱਲ੍ਹ ਭਾਵ ਬੁੱਧਵਾਰ (5 ਫਰਵਰੀ) ਨੂੰ ਹੋਇਆ। ਲੰਘੀ 27 ਜਨਵਰੀ ਨੂੰ ਲਾਹੌਰ ਨੇੜੇ ਬੰਦੂਕਧਾਰੀਆਂ ਨੇ ਹਮਲਾ ਕਰਕੇ ਭਾਈ ਹਰਮੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ।
ਸ੍ਰੀ ਅੰਮ੍ਰਿਤਸਰ ਦੇ ਬੀ-ਬਲਾਕ ਗੁਰਦੁਆਰਾ ਸਾਹਿਬ ਵਿਖੇ ਹੋਏ ਇਸ ਸ਼ਹੀਦੀ ਸਮਾਗਮ ਵਿਚ ਸਿੱਖ ਸੰਘਰਸ਼ ਨਾਲ ਜੁੜੀਆਂ ਸਖਸ਼ੀਅਤਾਂ ਅਤੇ ਪੰਥ ਦਰਦੀਆਂ ਨੇ ਹਾਜ਼ਰੀ ਭਰੀ।
ਇਸ ਮੌਕੇ ਸਿੱਖ ਆਗੂ ਭਾਈ ਨਰੈਣ ਸਿੰਘ ਚੋੜਾ, ਭਾਈ ਕੰਵਰਪਾਲ ਸਿੰਘ (ਦਲ ਖਾਲਸਾ), ਭਾਈ ਜਰਨੈਲ ਸਿੰਘ ਸਖੀਰਾ (ਸ਼੍ਰੋ.ਅ.ਦ.ਅ.), ਭਾਈ ਜਸਬੀਰ ਸਿੰਘ ਰੋਡੇ, ਕੈਪਟਨ ਹਰਚਰਨ ਸਿੰਘ ਰੋਡੇ, ਅਤੇ ਭਾਈ ਮਨਧੀਰ ਸਿੰਘ ਨੇ ਭਾਈ ਹਰਮੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ, ਲੇਖਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਸ਼ਾਮਿਲ ਹੋਏ।
ਸਮਾਗਮ ਦੌਰਾਨ ਭਾਈ ਹਰਮੀਤ ਸਿੰਘ ਦੇ ਮਾਤਾ-ਪਿਤਾ ਜੀ ਨੂੰ ਸਿਰੋਪਾਓ ਭੇਟ ਕੀਤੇ ਗਏ।