ਸੁਲਤਾਨਵਿੰਡ (28 ਨਵੰਬਰ, 2014): ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੌਂ ਸਿੱਖ ਕੌਮ ਦੀ ਆਨ-ਸ਼ਾਨ ਅਤੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਆਰੰਭੇ ਸ਼ੰਘਰਸ਼ ਦੌਰਾਨ ਸਿੱਖ ਪੰਥ ਦੀਆਂ ਮਾਣਮੱਤੀਆਂ ਪ੍ਰੰਪਰਾਵਾਂ ‘ਤੇ ਪਹਿਾਰ ਦਿੰਦਿਆਂ ਸ਼ਹਾਦਤ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਲੇ ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਦਾ ਸ਼ਹੀਦੀ ਦਿਹਾੜਾ ਸੁਲਤਾਨਵਿੰਡ ਵਿਖੇ ਮਨਾਇਆ ਗਿਆ।
ਸਿੱਖ ਸੰਘਰਸ਼ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੇ ਬੱਚਿਆਂ ਦੀ ਸਾਂਭ ਸੰਭਾਲ ਲਈ ਯਤਨਸ਼ੀਲ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਖੁੱਲੇ ਪੰਡਾਲ ‘ਚ ਗੁਰਮਤਿ ਤੇ ਸ਼ਹੀਦੀ ਸਮਾਗਮ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਉਪਰੰਤ ਟਰੱਸਟ ਦੀਆਂ ਬੱਚੀਆਂ ਤੇ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਦੇ ਭਾਈ ਬਲਜੀਤ ਸਿੰਘ ਖਾਲਸਾ ਅਤੇ ਬੀਬੀ ਸੰਦੀਪ ਕੌਰ ਦੀ ਸ਼ਲਾਘਾ ਕਰਦਿਆਂ ਸ: ਪੰਜੋਲੀ ਨੇ ਕਿਹਾ ਕਿ ਇਹ ਤਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਕੇ ਕੌਮੀ ਫਰਜ਼ ਪੂਰਾ ਕਰ ਰਹੇ ਹਨ।
ਸ: ਪੀਰ ਮੁਹੰਮਦ ਨੇ ਕਿਹਾ ਕਿ ਅੱਜ ਆਰ. ਐਸ. ਐਸ., ਦੰਭੀਆਂ ਤੇ ਪਾਖੰਡੀਆਂ ਨਾਲੋਂ ਵੀ ਜਿਆਦਾ ਸਿੱਖ ਕੌਮ ਨੂੰ ਆਪਣੇ ਅਵੇਸਲੇਪਨ ਤੋਂ ਖਤਰਾ ਹੈ ।ਇਸ ਮੌਕੇ ਭਾਈ ਬਲਵੰਤ ਸਿੰਘ ਗੋਪਾਲਾ ਨੇ ਵੀ ਆਪਣੇ ਵਿਚਾਰ ਰੱਖੇ ਜਦਕਿ ਨਿਹੰਗ ਪੂਹਲੇ ਨੂੰ ਸੋਧਣ ਵਾਲੇ ਨਵਤੇਜ ਸਿੰਘ ਗੁੱਗੂ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਨਵਤੇਜ ਸਿੰਘ ਗੁਗੂ ਸਮੇਤ 600 ਦੇ ਕਰੀਬ ਸ਼ਹੀਦ ਪਰਿਵਾਰਾਂ ਨੂੰ ਵੀ ਸਨਮਾਨ ਕੀਤਾ ਗਿਆ।
ਭਾਈ ਧਰਮ ਸਿੰਘ ਕਾਸ਼ਤੀਵਾਲ ਤੇ ਉਨ੍ਹਾਂ ਦੇ ਭਰਾਤਾ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਦੇ ਸ਼ਹੀਦੀ ਸਮਾਗਮ ਵਿੱਚ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਸ: ਕਰਨੈਲ ਸਿੰਘ ਪੰਜੋਲੀ, ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁੰਮਾਣ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ, ਯੂਨਾਈਟਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਜਥੇਦਾਰ ਮੋਹਨ ਸਿੰਘ, ਬਲਵਿੰਦਰ ਸਿੰਘ ਝਬਾਲ, ਸਿੱਖ ਯੂਥ ਆਫ ਪੰਜਾਬ ਦੇ ਰਣਬੀਰ ਸਿੰਘ, ਨੋਬਲਜੀਤ ਸਿੰਘ, ਨਿਹੰਗ ਪੂਹਲੇ ਨੂੰ ਸੋਧਣ ਵਾਲੇ ਨਵਤੇਜ ਸਿੰਘ ਗੁੱਗੂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ, ਐਸ. ਓ. ਪੀ. ਡਵਲਿਊ ਦੇ ਪਰਵਿੰਦਰ ਸਿੰਘ, ਸਿੱਖ ਯੂਥ ਫੈਡਰੇਸ਼ਨ ਦੇ ਡਾ: ਗੁਰਜਿੰਦਰ ਸਿੰਘ, ਭਾਈ ਰਾਜਬੀਰ ਸਿੰਘ, ਸ: ਮਹਾਂਬੀਰ ਸਿੰਘ ਸੁਲਤਾਨਵਿੰਡ, ਮੁਖਤਾਰ ਸਿੰਘ ਖਾਲਸਾ ਹਾਜ਼ਰ ਹੋਏ।