ਸਾਹਿਬਜ਼ਾਦਾ ਅਜੀਤ ਸਿੰਘ ਨਗਰ (29 ਅਕਤੂਬਰ, 2014): ਜੂਨ 1984 ਵਿੱਚ ਭਾਰਤੀ ਫੋਜ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹਮਲਾ ਕਰਕੇ ਸਿੱਖੀ ਆਨ-ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਕੇ ਹਜ਼ਾਰਾਂ ਬੇਦੋਸ਼ੈ ਸਿੱਖਾਂ ਦੇ ਖੁਨ ਨਾਲ ਹੋਲੀ ਖੇਡੀ।ਇੰਦਰਾ ਵੱਲੋਂ ਕੀਤੇ ਇਸ ਘਿਨਾਉਣੇ ਪਾਪਾ ਦਾ ਦੰਡ ਉਸਨੂੰ ਬਹੁਤ ਜਲਦੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੇ ਦਿੱਤਾ।31 ਅਕਤੂਬਰ 1984 ਨੂੰ ਦਸ਼ਮੇਸ਼ ਦਿਆਂ ਇਨ੍ਹਾਂ ਮਹਾਨ ਸਪੂਤਾਂ ਨੇ ਇੰਦਰਾਂ ਗਾਂਧੀ ਗੋਲੀਆਂ ਨਾਲ ਛੱਲਣੀ ਕਰਕੇ ਪਾਰ ਬੁਲਾ ਦਿੱਤਾ।ਮੌਕੇ ‘ਤੇ ਮੌਜੂਦ ਹੋਰ ਸੁਰੱਖਿਆ ਦਸਤਿਆਂ ਨੇ ਭਾਈ ਬੇਅੰਤ ਸਿੰਘ ਨੂੰ ਮੌਕੇ ‘ਤੇ ਹੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।
ਅੱਜ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸ. ਸਰਬਜੀਤ ਸਿੰਘ. ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਤੇ ਭਾਈ ਕਮਿੱਕਰ ਸਿੰਘ ਨੇ ਕੌਮ ਨੇ ਦੱਸਿਆ ਕਿ 31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਦੀ 30ਵਾਂ ਸ਼ਹੀਦੀ ਦਿਹਾੜਾ ਅਕਾਲ ਤਖ਼ਤ ਸਾਹਿਬ ’ਤੇ ਮਨਾਈ ਜਾ ਰਹੀ ਹੈ। ਉਨ੍ਹਾਂ ਸਮੁੱਚੀਆਂ ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਅਤੇ ਸਮੁੱਚੇ ਸਿੱਖ ਜਗਤ ਨੂੰ ਇਸ ਮੌਕੇ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਭੋਗ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਭਾਈ ਚੀਮਾ ਤੇ ਕਮਿੱਕਰ ਸਿੰਘ ਨੇ ਕਿਹਾ ਕਿ ਬੇਅੰਤ ਸਿੰਘ ਦੀ ਸ਼ਹਾਦਤ ਪਿਛਲੇ ਦਹਾਕਿਆਂ ਵਿੱਚ ਹੋਈ ਇੱਕ ਸਿਰਮੌਰ ਸ਼ਹਾਦਤ ਹਨ। ਸਾਕਾ ਨੀਲਾ ਤਾਰਾ ਪਿੱਛੋਂ ਮਾਨਸਿਕ ਤੌਰ ’ਤੇ ਟੁੱਟ ਚੁੱਕੇ ਸਿੱਖਾਂ ਵਿੱਚ ਅਣਖ, ਗ਼ੈਰਤ ਦੀ ਜਾਗ ਲਾਈ ਤੇ ਆਨ-ਸ਼ਾਨ ਦਾ ਜਜ਼ਬਾ ਸੁਰਜੀਤ ਕੀਤਾ।
ਭਾਈ ਬੇਅੰਤ ਸਿੰਘ ਸਿੱਖ ਕੌਮ ਦੀਆਂ ਸ਼ਾਨਾਂਮੱਤੀਆਂ ਰਵਾਇਤਾਂ ਦੇ ਸਿਲਸਿਲੇ ਨੂੰ ਅੱਗੇ ਵਧਾ ਕੇ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣੇ ਹਨ। ਪਰ ਅੱਜ ਸਿੱਖ ਕੌਮ ਨੇ ਇਸ ਵੱਡੀ ਸ਼ਹਾਦਤ ਨੂੰ ਅੱਖੋਂ ਪਰੋਖੇ ਕੀਤਾ ਹੈ ਅਤੇ ਇਸ ਸ਼ਹੀਦ ਨੂੰ ਬਣਦਾ ਮਾਣ ਸਤਿਕਾਰ ਸਿੱਖ ਕੌਮ ਨੇ ਨਹੀਂ ਦਿੱਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ਼ ਆਖੰਡ ਪਾਠ ਦਾ ਭੋਗ ਪਾਉਣਾ ਹੀ ਆਪਣਾ ਫ਼ਰਜ਼ ਨਾ ਸਮਝੇ ਸਗੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਈ ਬੇਅੰਤ ਸਿੰਘ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ। ਕਿਉਂਕਿ ਇਹ ਸ਼ਹਾਦਤ ਵੀ ਦਰਬਾਰ ਸਾਹਿਬ ’ਤੇ ਭਾਰਤੀ ਹਮਲੇ ਦੀ ਹੀ ਇੱਕ ਕੜੀ ਹੈ।
ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਆਪਣੇ ਪੰਥਕ ਹੋਣ ਦਾ ਦਮ ਭਰਦੀ ਹੈ ਅਤੇ ਪੰਥਕ ਰਵਾਇਤਾਂ ਨੂੰ ਕਾਇਮ ਰੱਖਣ ਦਾ ਦੁਨੀਆਂ ਭਰ ’ਚ ਦਾਅਵਾ ਕਰਦਾ ਹੈ। ਪਰ ਜੇ ਇਹ ਦਾਅਵੇ ਸੱਚੇ ਹਨ ਤਾਂ ਪੰਜਾਬ ਦੇ ਕਿਸੇ ਵਿੱਦਿਅਕ ਆਦਾਰੇ, ਹਸਪਤਾਲ ਜਾਂ ਕਿਸੇ ਮੁੱਖ ਸੜਕ ਦਾ ਨਾਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਨਾਂ ’ਤੇ ਰੱਖ ਕੇ ਆਪਣੇ ਦਾਅਵੇ ਨੂੰ ਸਿੱਖ ਪੰਥ ਦੀ ਕਚਹਿਰੀ ’ਚ ਸੱਚ ਕਰਕੇ ਵਿਖਾਉਣ।
ਜੇ ਇਹ ਨਹੀਂ ਕਰਦੇ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਤੇ ਸਿੱਖ ਰਾਜਨੀਤਿਕ ਦਲਾਂ ਅਤੇ ਵਿਦੇਸ਼ਾਂ ’ਚ ਬੈਠੇ ਖ਼ਾਲਸਾ ਪੰਥ ਨੂੰ ਬੇਨਤੀ ਹੈ ਕਿ ਆਉ 31 ਅਕਤੂਬਰ 2015 ਤੋਂ ਪਹਿਲਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕਿਹਰ ਸਿੰਘ ਦੀ ਕੋਈ ਯਾਦਗਾਰ ਬਣਾ ਕੇ ਸ਼ਹੀਦਾਂ ਦੇ ਵਾਰਸ ਹੋਣ ਦਾ ਦਾਅਵਾ ਪੂਰਾ ਕਰੀਏ।