ਸੈਨ ਫਰੈਂਸਿਸਕੋ: ਵਿਦਵਾਨ ਮਿਲਾਨ ਕੁੰਦਰਾ ਦਾ ਕਥਨ ਹੈ ਕਿ “ਹਕੂਮਤੀ ਤਾਕਤਾਂ ਖਿਲਾਫ ਸੰਘਰਸ਼ ਅਸਲ ਵਿੱਚ ਯਾਦਾਸ਼ਤ ਦਾ ਭੁੱਲ ਜਾਣ ਖਿਲਾਫ ਸੰਘਰਸ਼ ਹੀ ਹੈ”। ਜਿੱਥੇ ਇਕ ਪਾਸੇ ਹਕੂਮਤਾਂ ਆਪਣੇ ਵੱਲੋਂ ਵਰਤਾਏ ਸਾਕਿਆਂ ਤੇ ਘੱਲੂਘਾਰਿਆਂ ਨੂੰ ਲੋਕਾਂ ਦੇ ਮਨਾਂ ਵਿੱਚੋਂ ਭੁਲਾਉਣ ਲਈ ਹਰ ਹਰਭਾ ਵਰਦੀਆਂ ਹਨ, ਜਿਉਂਦੀਆਂ ਕੌਮਾਂ ਉਨ੍ਹਾਂ ਸਾਕਿਆਂ ਨੂੰ ਪੁਸ਼ਤ-ਦਰ-ਪੁਸ਼ਤ ਯਾਦ ਰੱਖਦੀਆਂ ਹਨ। ਉਂਝ ਵੀ ਐਡਵਰਡ ਸੈਦ ਦੇ ਕਹਿਣਾ ਅਨੁਸਾਰ ‘ਸਿਰਫ ਯਾਦ ਰੱਖਿਆਂ ਹੀ ਕੌੜੀਆਂ ਯਾਦਾਂ ਤੋਂ ਸੁਰਖਰੂ ਹੋਇਆ ਜਾ ਸਕਦਾ ਹੈ’।
ਪਿਛਲੀ ਸਦੀ ਦੇ ਆਖਰੀ ਦਹਕਿਆਂ ਵਿੱਚ ਸਿੱਖ ਕੌਮ ‘ਤੇ ਜੋ ਹੋਣੀ ਭਰੇ ਸਾਕੇ ਵਾਪਰੇ ਉਨ੍ਹਾਂ ਨੂੰ ਸਿੱਖਾਂ ਵੱਲੋਂ ਦੁਨੀਆ ਭਰ ਵਿੱਚ ਯਾਦ ਕੀਤਾ ਜਾਂਦਾ ਹੈ। ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਨੁੰ ਸਿੱਖ ਇਤਿਹਾਸ ਦਾ ਤੀਜਾ ਵੱਡਾ ਘੱਲੂਘਾਰਾ ਤਸਲੀਮ ਕੀਤਾ ਜਾ ਚੁੱਕਾ ਹੈ ਅਤੇ ਸਿੱਖ ਹਰ ਸਾਲ ਇਸ ਦੁਖਾਂਤ ਨੂੰ ਯਾਦ ਕਰਦੇ ਹਨ ਤੇ ਇਸ ਹਮਲੇ ਦੌਰਾਨ ਸੂਰਮਗਤੀ ਦੀਆਂ ਮਿਸਾਲਾਂ ਕਾਇਮ ਕਰਕੇ ਦਰਬਾਰ ਸਾਹਿਬ ਦੀ ਅਜ਼ਮਤ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਨ।
ਇਸ ਕੜੀ ਤਹਿਤ 10 ਜੂਨ 2018 ਨੂੰ ਕੈਲੇਫੋਰਨੀਆ (ਅਮਰੀਕਾ) ਦੇ ਸ਼ਹਿਰ ਸੈਨ ਫਰੈਂਸਿਸਕੋ ਵਿੱਚ ਸਿੱਖਾਂ ਨੇ ਭਾਰਤੀ ਫੌਜ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ ਅਤੇ ਪੰਜਾਬ ਸਮੇਤ ਹੋਰ ਗੁਆਂਢੀ ਸੂਬਿਆਂ ਦੇ ਅਨੇਕਾਂ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਹਮਲੇ ਦੀ 34ਵੀਂ ਵਰ੍ਹੇਗੰਢ ਨੂੰ ਯਾਦ ਕਰਦਿਆਂ ਮਾਰਚ ਕੀਤਾ।
ਇਹ ਮਾਰਚ ਦੂਜੀ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਵਿਚ ਖਤਮ ਹੋਇਆ। ਇਸ ਮਾਰਚ ਵਿਚ ਦਸ ਹਜ਼ਾਰ ਦੇ ਕਰੀਬ ਸਿੱਖਾਂ ਨੇ ਸ਼ਮੂਲੀਅਤ ਕੀਤੀ ਤੇ ਸ਼ਹੀਦਾਂ ਨੂੰ ਯਾਦ ਕੀਤਾ।
ਸਿਵਿਕ ਸੈਂਟਰ ਪਲਾਜ਼ਾ ਵਿਖੇ ਪਹੁੰਚਣ ਤੋਂ ਬਾਅਦ 3 ਘੰਟੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਰਿਕਾਰਡਡ ਭਾਸ਼ਣ ਸੁਣਾਏ ਗਏ ਤੇ ਹੋਰ ਬੁਲਾਰਿਆਂ ਨੇ ਇਸ ਭਾਰਤੀ ਹਮਲੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਵਿਚ ਬੀਬੀ ਨਵਕਿਰਨ ਕੌਰ ਖਾਲੜਾ, ਭਾਈ ਰਾਮ ਸਿੰਘ, ਸੰਦੀਪ ਸਿੰਘ ਬਰਨਾਲਾ, ਜਤਿੰਦਰ ਸਿੰਘ ਗਰੇਵਾਲ ਅਤੇ ਡਾ. ਅਮਰਜੀਤ ਸਿੰਘ ਸ਼ਾਮਿਲ ਸਨ।
ਫਰੀਮਾਂਟ ਗੁਰਦੁਆਰਾ ਸਾਹਿਬ ਦੀ ਸਿੱਖ ਪੰਚਾਇਤ ਦੇ ਕੋਆਰਡੀਨੇਟਰ ਕਸ਼ਮੀਰ ਸਿੰਘ ਸ਼ਾਹੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸਾਰੇ ਬੁਲਾਰਿਆਂ ਨੇ ਸਿੱਖਾਂ ਦੇ ਵੱਖਰੇ ਅਜ਼ਾਦ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਯਤਨ ਕਰਨ ‘ਤੇ ਜ਼ੋਰ ਦਿੱਤਾ।