ਸ੍ਰ. ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸਿਆਸੀ ਖਬਰਾਂ

ਸਿਮਰਨਜੀਤ ਸਿੰਘ ਮਾਨ ਵੱਲੋਂ ਬਾਦਲਾਂ ਦੇ ਬਰਾਬਰ 27 ਨੁੰ ਹੀ ਅੰਮ੍ਰਿਤਸਰ ‘ਚ ਕਾਨਫਰੰਸ ਕਰਨ ਦਾ ਐਲਾਨ

By ਸਿੱਖ ਸਿਆਸਤ ਬਿਊਰੋ

July 26, 2014

ਚੰਡੀਗੜ੍ਹ (25 ਜੁਲਾਈ 2014): ਅਕਾਲੀ ਦਲ ਮਾਨ  ਵੱਲੋਂ ਅੰਮ੍ਰਿਤਸਰ ’ਚ 27 ਜੁਲਾਈ ਨੂੰ ਕਰਵਾਏ ਜਾ ਰਹੇ  ਸਿੱਖ ਸੰਮੇਲਨ  ’ਚ ਸ਼ਾਮਲ ਹੋਣ ਲਈ ਪੰਜਾ ਤਖਤਾਂ ਦੇ ਜੱਥੇਦਾਰਾਂ, ਹਰਿਆਣਾ ਗੁਰਦੁਆਰਾ ਕਮੇਟੀ ਦੇ ਅਗੂਆਂ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਮੇਤ ਵੱਖ-ਵੱਖ ਸਿੱਖ ਜੱਥੇਬੰਦੀਆਂ, ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਨਾਲ ਨਾਲ ਅਕਾਲੀ ਦਲ (ਬਾਦਲ) ਨੂੰ ਵੀ ਸੱਦਾ ਦਿੰਦਿਆਂ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਰਵਾਏ ਜਾ ਰਹੇ ਸੰਮੇਲਨ ਵਿੱਚ ਉਨ੍ਹਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਬਾਅਦ ਹੀ ਵੱਖਰੇ ਇਕੱਠ ਦਾ ਫੈਸਲਾ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਿੱਖ ਕਾਨਫਰੰਸ ਅਟਾਰੀ-ਅੰਮ੍ਰਿਤਸਰ ਮਾਰਗ ’ਤੇ ਡੇਰਾ ਬਾਬਾ ਦਰਸ਼ਨ ਸਿੰਘ ਆਨੂੰਪੁਰ ਵਿਖੇ ਹੋ ਰਹੀ ਹੈ।

ਮਾਨ ਨੇ  ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ 27 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਸੱਦੀ ਪ੍ਰੈਸ ਕਾਨਫਰੰਸ ‘‘ਘੁਮੰਡ ਦਾ ਮੁਜ਼ਾਹਰਾ”  ਹੈ ਤੇ ਵੱਖਰੀ ਗੁਰਦੁਆਰਾ ਕਮੇਟੀ ਦੇ ਮੁੱਦੇ ’ਤੇ ਇਸੇ ਦਿਨ ਅੰਮ੍ਰਿਤਸਰ ਦੇ ਬਾਹਰਵਾਰ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ‘ਸਿੱਖੀ ਦਾ ਇਕੱਠ’ ਸਮਾਨਾਂਤਰ ਹੀ ਸੱਦਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖਰੀ ਗੁਰਦੁਆਰਾ ਕਮੇਟੀ ਦਾ ਇਸ ਦੌਰਾਨ ਸਾਂਝਾ ਹੱਲ ਕੱਢਣ ਦਾ ਯਤਨ ਕੀਤਾ ਜਾਏਗਾ।

ਉਨ੍ਹਾਂ ਨੇ ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਨੂੰ ਲੈ ਕੇ ਕਿਹਾ ਕਿ ਉੱਥੋਂ ਦੇ ਸਿੱਖਾਂ ਨਾਲ ਬੇਇਨਸਾਫ਼ੀ ਹੋਈ ਹੈ। ਅਕਾਲੀ ਦਲ ਅਤੇ ਇਨੈਲੋ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਨੇ ਹਮੇਸ਼ਾ ਹਰਿਆਣਾ ਦੇ ਸਿੱਖਾਂ ਨੂੰ ਵਰਤਿਆ ਹੈ।

ਬਾਦਲ ਵੱਲੋਂ ਵੱਖਰੀ ਕਮੇਟੀ ਦੇ ਵਿਰੁੱਧ ਲਾਏ ਜਾਣ ਵਾਲੇ ਮੋਰਚੇ ਨੂੰ ਬੇਤੁਕਾ ਦੱਸਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਸਮੇਤ ਆਨੰਦਪੁਰ ਸਾਹਿਬ ਮਤੇ ਦੀ ਪੂਰਤੀ ਲਈ ਮੋਰਚਾ ਲਾਉਣ ਤਾਂ ਉਹ ਵੀ ਹਮਾਇਤ ਦੇਣ ਲਈ ਤਿਆਰ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾ ਵੱਖਰੀ ਕਮਟੀ ਦੇ ਹੱਕ ਵਿੱਚ ਤੇ ਨਾ ਵਿਰੋਧ ਵਿੱਚ ਹੈ। ਉਸ ਦਿਨ ਆਮ ਸਿੱਖ ਹੀ ਇਸ ਬਾਰੇ ਫੈਸਲਾ ਦੇਣਗੇ ਕਿ ਉਹ ਕੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਬਾਦਲਾਂ ਦੀ ਨਿੱਜੀ ਜਾਗੀਰ ਨਹੀਂ ਹੈ, ਇਸ ਕਰਕੇ ਉਹ ਬਹੁਤੇ ਸਿੱਖਾਂ ਨੂੰ ਮਨਫ਼ੀ ਕਰਕੇ ਇਕੱਲਿਆਂ ਕਿਵੇਂ ਇਸ ਬਾਰੇ ਫੈਸਲੇ ਲੈ ਸਕਦੇ ਹਨ।

ਮਾਨ ਨੇ ਕਿਹਾ ਕਿ  ਬਾਦਲ ਨੂੰ ਜਦੋਂ ਵੀ ਆਪਣਾ ਆਧਾਰ ਖੁੱਸਦਾ ਨਜ਼ਰ ਆਉਂਦਾ ਹੈ, ਉਹ ਮੋਰਚਾ ਲਾ ਦਿੰਦੇ ਹਨ। ‘ਪੰਜਾਬੀ ਸੂਬਾ ਮੋਰਚਾ’, ‘ਕਪੂਰੀ ਦਾ ਮੋਰਚਾ’ ਆਦਿ ਦੇ ਕੇਸ ਵੇਖੇ ਜਾ ਸਕਦੇ ਹਨ। ਬਾਦਲ ਦੇ ਮੋਰਚਿਆਂ ਨੇ ਪੰਜਾਬ ਦਾ ਬਹੁਤ ਘਾਣ ਕਰਾਇਆ ਹੈ ਤੇ ਉਹ ਹੀ ਐਸਜੀਪੀਸੀ ਦੀ ਵੰਡ ਲਈ ਜ਼ਿੰਮੇਵਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: