ਚੰਡੀਗੜ੍ਹ: ਨਿਊਯਾਰਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਖਤ ਵਿਰੋਧ ਹੋਇਆ ਹੈ। ਖ਼ਬਰਾਂ ਮੁਤਾਬਕ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐੱਸ.ਏ) ਦੇ ਝੰਡੇ ਹੇਠ ਮਨਜੀਤ ਸਿੰਘ ਜੀ.ਕੇ. ਦਾ ਜਨਤਕ ਤੌਰ ‘ਤੇ ਵਿਰੋਧ ਕੀਤਾ ਗਿਆ। ਇਸ ਕਮੇਟੀ ਦੇ ਤਾਲਮੇਲਕਰਤਾ ਹਿੰਮਤ ਸਿੰਘ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵੱਲੋਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਬਰਗਾੜੀ ਕਾਂਡ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਇਸ ਕਾਰਨ ਸਿੱਖ ਜਥੇਬੰਦੀਆਂ ਨੇ ਸ਼੍ਰੋ.ਅ.ਦ (ਬਾਦਲ) ਨਾਲ ਸਬੰਧਤ ਆਗੂਆਂ ਦਾ ਅਮਰੀਕਾ ਆਉਣ ’ਤੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ।
ਦਿ.ਸਿ.ਗੁ.ਪ੍ਰ.ਕ ਦੇ ਪ੍ਰਧਾਨ ਦੇ ਵਿਰੋਧ ਦੀਆਂ ਵੱਖ-ਵੱਖ ਝਲਕਾਂ ਮੁੱਕੜਜਾਲ (ਇੰਟਰਨੈਟ) ਉੱਤੇ ਫੈਲੀਆਂ ਹਨ ਜਿਨ੍ਹਾਂ ਵਿਚੋਂ ਇਕ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਆਗੂ ਮਨਜੀਤ ਸਿੰਘ ਜੀ.ਕੇ. ਵਿਰੁਧ ਨਾਅਰੇਬਾਜ਼ੀ ਕਰ ਰਹੇ ਹਨ।
ਇਸ ਹੋਰ ਝਲਕ ਜੋ ਕਿ ਰਾਤ ਦੇ ਸਮੇਂ ਦੀ ਹੈ ਵਿੱਚ ਕੁਝ ਨੌਜਵਾਨ ਮਨਜੀਤ ਸਿੰਘ ਜੀ.ਕੇ. ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਵਿਚੋਂ ਇਕ ਨੌਜਵਾਨ ਮਨਜੀਤ ਸਿੰਘ ਜੀ.ਕੇ. ਦੀ ਕਾਰ ਦੀ ਤਾਕੀ ਉੱਤੇ ਜੁਤੀਆਂ ਮਾਰ ਰਿਹਾ ਸੀ। ਇਸੇ ਝਲਕ ਵਿੱਚ ਵੇਖਿਆ ਜਾ ਸਕਦਾ ਹੈ ਕਿ ਮਨਜੀਤ ਸਿੰਘ ਜੀ.ਕੇ. ਦਾ ਇਕ ਸਾਥੀ ਗੱਡੀ ਵਿਚੋਂ ਬਾਹਰ ਨਿਕਲ ਕੇ ਵਿਰੋਧ ਕਰਨ ਵਾਲਿਆਂ ਵਾਲਾ ਭੱਜਦਾ ਹੈ ਤਾ ਅੱਗੇ ਧੱਕਾ ਪੈਣ ਤੇ ਉਹ ਹੇਠਾ ਡਿੱਗ ਜਾਂਦਾ ਹੈ ਤੇ ਉਸ ਦੀ ਦਸਤਾਰ ਉੱਤਰ ਜਾਂਦੀ ਹੈ।
ਇਕ ਹੋਰ ਝਲਕ ਜੋ ਕਿ ਮਨਜੀਤ ਸਿੰਘ ਜੀ.ਕੇ. ਨੇ ਮੱਕੜਤੰਦ ਫੇਸਬੁੱਕ ਉੱਤੇ ਪਾਈ ਹੈ ਵਿੱਚ ਮਨਜੀਤ ਸਿੰਘ ਜੀ.ਕੇ. ਤੇ ਉਸ ਦਾ ਵਿਰੋਧ ਕਰਨ ਵਾਲੇ ਆਪੋਂ ਵਿੱਚੀਂ ਬਹਿਸਦੇ ਤੇ ਇਕ ਦੂਜੇ ਨੂੰ ਭੱਦੀ ਸ਼ਬਦਾਵਲੀ ਬੋਲਦੇ ਵੇਖੇ ਜਾ ਸਕਦੇ ਹਨ। ਇਸ ਝਲਕ ਵਿੱਚ ਦੋਵੇਂ ਧਿਰਾਂ ਇਕ ਦੂਜੇ ਨੂੰ “ਹੱਥ ਲਾ ਕੇ” ਵਿਖਾਉਣ ਦੀ ਚਣੌਤੀ ਦੇਂਦੀਆਂ ਵੀ ਸੁਣੀਆਂ ਜਾ ਸਕਦੀ ਹਨ।
ਮਨਜੀਤ ਸਿੰਘ ਜੀ.ਕੇ. ਵਲੋ ਫੇਸਬੁਕ ‘ਤੇ ਪਾਈ ਵੀਡੀਓ ਦੇਖੋ।