ਜਲੰਧਰ (25 ਦਸੰਬਰ, 2014): ਪੰਜਾਬ ਵਿੱਚ ਨਸ਼ਿਆਂ ਦੇ ਵਾਪਾਰ ਵਿੱਚ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ)ਦੇ ਸਾਹਮਣੇ ਪੰਜਾਬ ਦਾ ਮਾਲ ਮੰਤਰੀ ਬਿਕਰਮ ਮਜੀਠੀਆ ਅੱਜ ਜਾਂਚ ਲਈ ਪੇਸ਼ ਹੋਵੇਗਾ।
ਸੂਤਰਾਂ ਅਨੁਸਾਰ ਮਾਲ ਮੰਤਰੀ ਮਜੀਠੀਆ ਤੋਂ ਈਡੀ ਦੇ ਸਹਾਇਕ ਡਾਇਰੈਕਟਰ ਨਿਰੰਜਨ ਸਿੰਘ ਪੁੱਛਗਿੱਛ ਕਰਨਗੇ ਕਿਉਂਕਿ ਉਹੀ ਇਸ ਮਾਮਲੇ ਦੇ ਜਾਂਚ ਅਫਸਰ ਹਨ। ਇਸ ਮੌਕੇ ਜੁਆਇੰਟ ਡਾਇਰੈਕਟਰ ਗਿਰੀਸ਼ ਬਾਲੀ ਵੀ ਹਾਜ਼ਰ ਰਹਿਣਗੇ। ਜਾਣਕਾਰੀ ਅਨੁਸਾਰ ਸ੍ਰੀ ਮਜੀਠੀਆ ਨੂੰ ਸਵੇਰੇ 10 ਵਜੇ ਦਫਤਰ ‘ਚ ਪਹੁੰਚਣ ਲਈ ਕਿਹਾ ਗਿਆ ਹੈ। ਇਹ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਆਪਣੇ ਨਾਲ ਕਾਰੋਬਾਰ ਨਾਲ ਸਬੰਧਤ ਦਸਤਾਵੇਜ਼ ਵੀ ਲੈ ਕੇ ਆਉਣ।
ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਨੇ ਹਦਾਇਤ ਦਿੱਤੀ ਹੈ ਕਿ ਪੇਸ਼ੀ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਸ਼ਕਤੀ ਪ੍ਰਦਸ਼ਨ ਨਾ ਕੀਤਾ ਜਾਵੇ, ਤਾਂ ਜੋ ਇਸ ਮਾਮਲੇ ਨੂੰ ਬਹੁਤੀ ਤੂਲ ਨਾ ਮਿਲੇ।
ਉਂਜ ਡੀਸੀਪੀ ਨਵੀਨ ਸਿੰਗਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਧਿਕਾਰਤ ਤੌਰ ‘ਤੇ ਮਜੀਠੀਆ ਦੇ ਪੇਸ਼ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੀਡੀਆ ‘ਚ ਚੱਲ ਰਹੀ ਇਸ ਚਰਚਾ ਦੇ ਮੱਦੇਨਜ਼ਰ ਪੁਲੀਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੇਸ਼ੀ ਦੌਰਾਨ ਸਿਆਸੀ ਆਗੂਆਂ ਅਤੇ ਮੀਡੀਆ ਕਰਮੀਆਂ ਦੇ ਵੱਡੀ ਗਿਣਤੀ ‘ਚ ਪਹੁੰਚਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਪਹਿਲਾਂ ਇਹ ਨੀਤੀ ਬਣਾਈ ਸੀ ਕਿ ਪੇਸ਼ੀ ਸਮੇਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇ ਪਰ ਬਾਅਦ ਵਿਚ ਇਸ ਨੂੰ ਬਦਲਦਿਆਂ ਪਾਰਟੀ ਹਾਈ ਕਮਾਂਡ ਵੱਲੋਂ ਇਹ ਸੁਨੇਹੇ ਲਾਏ ਗਏ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਇਕੱਠ ਨਾ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਬੀਤੀ 6 ਜਨਵਰੀ ਨੂੰ ਸਿੰਥੈਟਿਕ ਡਰੱਗਜ਼ ਦੇ ਮਾਮਲੇ ‘ਚ ਫੜੇ ਗਏ ਤਸਕਰ ਜਗਦੀਸ਼ ਭੋਲਾ ਨੇ ਨਸ਼ਿਆਂ ਦੇ ਵਾਪਾਰ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਦਾ ਨਾਂ ਲਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ ਹੋ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਮਜੀਠੀਆ ਦੀ ਵੀ ਸਰਪ੍ਰਸਤੀ ਹਾਸਲ ਹੈ।