ਆਮ ਖਬਰਾਂ

ਮਹਾਨ ਕੋਸ਼ ਮਾਮਲਾ:ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨੂੰ ਚਿੱਠੀ ਲਿਖੀ

By ਸਿੱਖ ਸਿਆਸਤ ਬਿਊਰੋ

July 13, 2017

ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿੰਨ ਭਾਸ਼ਾਵਾਂ ਵਿੱਚ ਛਾਪੇ ਮਹਾਨ ਕੋਸ਼ ਵਿੱਚ ਤਰੁਟੀਆਂ ਦੀ ਸ਼ਿਕਾਇਤ ਮਿਲਣ ’ਤੇ  ਯੂਨੀਵਰਸਿਟੀ ਦੇ ਕਾਰਜਕਾਰੀ ਉਪ-ਕੁਲਪਤੀ ਐੱਸ.ਕੇ. ਸੰਧੂ ਨੂੰ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਬਾਰੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਦਾ ਉਤਾਰਾ ਵੀ ਸੰਧੂ ਨੂੰ ਭੇਜਿਆ।

ਜ਼ਿਕਰਯੋਗ ਹੈ ਕਿ ਬੀਤੇਂ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਪੜਤਾਲ ਦੌਰਾਨ ਮਹਾਨ ਕੋਸ਼ ਵਿਚ ਅਨੇਕਾਂ ਗਲਤੀਆਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਮਹਾਨ ਕੋਸ਼ ਵਿੱਚਲੇ ਕਈ ਸ਼ਬਦ ਅਤੇ ਉਨ੍ਹਾਂ ਦੇ ਅਰਥ ਵੀ ਬਦਲ ਦਿੱਤੇ ਗਏ ਹਨ। ਇਸਦੀ ਸ਼ਬਦਾਵਲੀ ਨਾਲ ਵੀ ਛੇੜ-ਛਾੜ ਕੀਤੀ ਗਈ ਹੈ। ਇਸ ਗਲਤੀ ਨੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਮੌਲਿਕਤਾ ਅਤੇ ਮਹਾਨਤਾ ਉਪਰ ਗਹਿਰੀ ਸੱਟ ਮਾਰੀ ਹੈ। ਰਿਪੋਰਟ ਵਿਚ ਦਰਜ ਗਲਤੀਆਂ ਦਾ ਜ਼ਿਕਰ ਕਰਦਿਆਂ ਪ੍ਰੋ: ਬਡੂੰਗਰ ਨੇ ਕਿਹਾ ਕਿ ਇਸ ਕੋਸ਼ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਿਕਾਰ ਖੇਡਣ ਦੇ ਇੰਦਰਾਜ ਨੂੰ ਬਦਲ ਕੇ ਚਰਨ ਪਾਉਣ ਦਾ ਇੰਦਰਾਜ ਕਰ ਦਿੱਤਾ ਗਿਆ ਹੈ, ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸੇ ਦੌਰਾਨ ਪ੍ਰੋ: ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਨੁਵਾਦ ਕਰਕੇ ਛਾਪੇ ਮਹਾਨ ਕੋਸ਼ ਦੀ ਵਿਕਰੀ ‘ਤੇ ਤੁਰੰਤ ਰੋਕ ਲਾਉਣ ਸਬੰਧੀ ਲੋੜੀਂਦੇ ਹੁਕਮ ਜਾਰੀ ਕਰਨ ਅਤੇ ਸਬੰਧਤਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।

ਸਬੰਧਤ ਖ਼ਬਰ: ਮਹਾਨ ਕੋਸ਼ ਵਿਚ ਤਰੁੱਟੀਆਂ ਦੀ ਜਾਂਚ ਸਬੰਧੀ ਕਮੇਟੀ ਨੇ ਰਿਪੋਰਟ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪੀ

ਐੱਸ.ਕੇ. ਸੰਧੂ ਨੇ ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ, ਜਿਸ ਨੂੰ ਤਰੁਟੀਆਂ ਸਬੰਧੀ ਰਿਪੋਰਟ ਛੇਤੀ ਪੇਸ਼ ਕਰਨ ਲਈ ਕਿਹਾ ਗਿਆ ਹੈ। ਕਾਰਜਕਾਰੀ ਵੀਸੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਸੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਕਿਹਾ ਕਿ ਉਨ੍ਹਾਂ ਕੋਲ ਮੁੱਖ ਮੰਤਰੀ ਦੀ ਜੋ ਚਿੱਠੀ ਆਈ ਸੀ, ਉਸ ਦੇ ਆਧਾਰ ’ਤੇ ਛੇਤੀ ਕਾਰਵਾਈ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: