ਕੋਟਕਪੂਰਾ (24 ਸਤੰਬਰ, 2014): ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਜਿਲ੍ਹਾ ਗੱਤਕਾ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਪਹਿਲਾ ਗੱਤਕਾ ਗੋਲਡ ਕੱਪ ਕਰਾਇਆ ਗਿਆ।
ਪੰਜਾਬ ਗੱਤਕਾ ਐਸੋਸੀਏਸ਼ਨ ਦੀ ਅਗਵਾਈ ’ਚ ਕਰਵਾਏ ਗਏ ਇਸ ਮੁਕਾਬਲੇ ਵਿਚ ’ਚ ਪੰਜਾਬ ਦੀਆਂ ਦਸ ਚੋਟੀ ਦੀਆਂ ਗੱਤਕਾ ਟੀਮਾਂ ਨੇ ਜੰਗਜੂ ਕਰਤਬ ਦਿਖਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਨੇ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਕੀਤਾ ਜਦਕਿ ਐਡਵੋਕੇਟ ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਬਾਬਾ ਫਰੀਦ ਸੰਸਥਾਵਾਂ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਸਾਂਝੇ ਤੌਰ ’ਤੇ ਜੇਤੂ ਟੀਮਾਂ ਨੂੰ ਇਨਾਮ ਪ੍ਰਦਾਨ ਕੀਤੇ।
ਜਿਲਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਕੁਲਤਾਰ ਸਿੰਘ ਬਰਾੜ ਤੇ ਸੀਨੀਅਰ ਮੀਤ ਪ੍ਰਧਾਨ ਮਹੀਪਇੰਦਰ ਸਿੰਘ ਸੇਖੋਂ ਨੇ ਸਾਂਝੇ ਤੌਰ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਡਿਪਟੀ ਕਮਿਸ਼ਨਰ ਨੇ ਆਗਮਨ ਪੁਰਬ ਮੌਕੇ ਖਾਲਸਾਈ ਖੇਡਾਂ ਕਰਵਾਉਣ ’ਤੇ ਗੱਤਕਾ ਐਸੋਸੀਏਸ਼ਨ ਨੂੰ ਵਧਾਈ ਦਿੰਦਿਆਂ ਨੌਜਵਾਨ ਪੀੜੀ ਨੂੰ ਆਪਣੀ ਖਾਲਸਾਈ ਵਿਰਾਸਤ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਲੜਕੀਆਂ ਨੂੰ ਆਪਣੀ ਸਵੈ-ਰਖਿਆ ਲੲਂੀ ਮਾਰਸ਼ਲ ਆਰਟ ਗੱਤਕਾ ਸਿਖਣ ਦੀ ਬੇਹਦ ਲੋੜ ਹੈ। ਇਸ ਮੌਕੇ ਹਰਜੀਤ ਸਿੰਘ ਗਰੇਵਾਲ ਨੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਵਲੋਂ ਗੱਤਕਾ ਖੇਡ ਦੀ ਪ੍ਰਫੁਲੱਤਾ ਲਈ ਆਰੰਭੇ ਵਿਆਪਕ ਪ੍ਰੋਗਰਾਮਾ ਦੀ ਰੂਪਰੇਖਾ ’ਤੇ ਚਾਨਣਾ ਪਾਇਆ। ਇਸ ਮੌਕੇ ਕੁਲਤਾਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਗੱਤਕਾ ਮੁਕਾਬਲਿਆਂ ਵਿੱਚ ਮਰਦਾਂ ਦੀਆਂ 8 ਟੀਮਾਂ ਅਤੇ ਇਸਤਰੀਆਂ ਦੀਆਂ 2 ਟੀਮਾਂ ਨੇ ਭਾਗ ਲਿਆ।
ਇਨ੍ਹਾਂ ਗੱਤਕਾ ਮੁਕਾਬਲਿਆਂ ਵਿਚ ਸ਼੍ਰੀ ਅਕਾਲ ਸਹਾਇ ਗੱਤਕਾ ਅਖਾੜਾ ਲੁਧਿਆਣਾ ਨੇ ਗੋਲਡ ਗੱਤਕਾ ਟਰਾਫ਼ੀ ਜਿੱਤ ਕੇ ਪਹਿਲਾ, ਚੜਦੀ ਕਲਾ ਗੱਤਕਾ ਅਖਾੜਾ ਹੰਬੜਾ ਨੇ ਦੂਜਾ ਅਤੇ ਬਾਬਾ ਬਿੱਧੀ ਚੰਦ ਗੱਤਕਾ ਅਖਾੜਾ ਫ਼ਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ। ਚੜਦੀ ਕਲਾ ਗੱਤਕਾ ਅਖਾੜਾ ਮੁਕਤਸਰ ਦੀ ਲੜਕੀਆਂ ਦੀ ਟੀਮ ਨੂੰ ਵਿਲੱਖਣ ਜੌਹਰ ਵਿਖਾਉਣ ਲੲਂੀ ਵਿਸ਼ੇਸ਼ ਤੌਰ ਤੇ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।