ਪਾਕਿ-ਹਿੰਦ ਪ੍ਰਦਰਸ਼ਨੀ ਸੀਲ ਕਰਨ ਮੌਕੇ ਪੁਲਿਸ ਅਧਿਕਾਰੀ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ

ਆਮ ਖਬਰਾਂ

ਲੁਧਿਆਣਾ ਵਿਖੇ ਪਾਕਿਸਤਾਨ-ਭਾਰਤ ਪ੍ਰਦਰਸ਼ਨੀ ਨੂੰ ਪੁਲਿਸ ਨੇ ਸੀਲ ਕੀਤਾ

By ਸਿੱਖ ਸਿਆਸਤ ਬਿਊਰੋ

August 15, 2016

ਲੁਧਿਆਣਾ: ਹੋਟਲ ਮਹਾਰਾਜਾ ਰਿਜੈਂਸੀ ਵਿੱਚ ਚੱਲ ਰਹੀ ਪਾਕਿਸਤਾਨ-ਭਾਰਤ ਪ੍ਰਦਰਸ਼ਨੀ ਨੂੰ ਐਤਵਾਰ ਲੁਧਿਆਣਾ ਪੁਲਿਸ ਨੇ ਸੀਲ ਕਰ ਦਿੱਤਾ। ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਦੇ ਮੁਲਾਜ਼ਮ ਅਤੇ ਆਰ.ਏ.ਐਫ. ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਪ੍ਰਦਰਸ਼ਨੀ ਵਾਲਿਆਂ ਨੂੰ ਸਾਮਾਨ ਸਮੇਟਣ ਲਈ ਕਿਹਾ ਅਤੇ ਬਾਅਦ ਵਿੱਚ ਪ੍ਰਦਰਸ਼ਨੀ ਸੀਲ ਕਰ ਦਿੱਤੀ। ਪ੍ਰਦਰਸ਼ਨੀ ਪ੍ਰਬੰਧਕਾਂ ਮੁਤਾਬਕ ਪੁਲਿਸ ਨੇ ਦੱਸਿਆ ਕਿ ਦਿੱਲੀ ਤੋਂ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਕਿ ਉੱਥੋਂ ਇੱਕ ਪਾਕਿਸਤਾਨੀ ਗਾਇਬ ਹੋ ਗਿਆ ਹੈ ਜਿਸ ਕਾਰਨ ਪ੍ਰਦਰਸ਼ਨੀ ਸੀਲ ਕਰ ਦਿੱਤੀ ਗਈ ਜਦਕਿ ਲੁਧਿਆਣਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨੀ ਲਈ ਮਨਜ਼ੂਰੀ ਨਹੀਂ ਲਈ ਗਈ ਸੀ। ਜਾਣਕਾਰੀ ਮੁਤਾਬਕ ਇਸ ਵਾਰ ਪਾਕਿਸਤਾਨ ਤੋਂ ਨੌਂ ਵਿਅਕਤੀ ਪ੍ਰਦਰਸ਼ਨੀ ਲਗਾਉਣ ਲਈ ਆਏ ਸਨ।

ਪ੍ਰਦਰਸ਼ਨੀ ਦੇ ਪ੍ਰਬੰਧਕ ਪੰਕਜ ਨੇ ਕਿਹਾ ਕਿ ਜਾਣਕਾਰੀ ਮੁਤਾਬਕ ਪੁਲਿਸ ਨੂੰ ਸੁਰੱਖਿਆ ਏਜੰਸੀਆਂ ਤੋਂ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਆਏ ਨਾਗਰਿਕਾਂ ਵਿੱਚੋਂ ਇੱਕ ਗਾਇਬ ਹੈ ਜਿਸ ਤੋਂ ਬਾਅਦ ਪੁਲਿਸ ਨੇ ਬੀਤੀ ਸ਼ਾਮ ਪ੍ਰਦਰਸ਼ਨੀ ਦੀ ਜਾਂਚ ਕੀਤੀ। ਐਤਵਾਰ ਪੁਲੀਸ ਕਰਮੀ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨੀ ਬੰਦ ਕਰਵਾ ਕੇ ਸੀਲ ਕਰ ਦਿੱਤੀ ਗਈ। ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਬੇਅੰਤ ਜੁਨੇਜਾ ਦਾ ਕਹਿਣਾ ਹੈ ਕਿ ਪੁਲਿਸ ਡੀ.ਏ. ਲੀਗਲ ਤੋਂ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਰਾਏ ਲੈ ਰਹੀ ਹੈ।

ਪ੍ਰਦਰਸ਼ਨੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਐਨਓਸੀ ਲਈ ਸੇਲਜ਼ ਟੈਕਸ ਵਿਭਾਗ, ਫਾਇਰ ਵਿਭਾਗ ਅਤੇ ਪੁਲੀਸ ਕੋਲ ਅਪਲਾਈ ਕੀਤਾ ਸੀ। ਬਾਕੀ ਵਿਭਾਗਾਂ ਤੋਂ ਐਨਓਸੀ ਮਿਲ ਗਈ ਸੀ ਪਰ ਪੁਲਿਸ ਵਿਭਾਗ ਦੇ ਅਧਿਕਾਰੀ 15 ਅਗਸਤ ਦੀ ਸੁਰੱਖਿਆ ਵਿੱਚ ਰੁਝੇ ਸਨ ਜਿਸ ਕਾਰਨ ਐਨਓਸੀ ਨਹੀਂ ਮਿਲੀ। ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਪੁਲਿਸ ਤੋਂ ਮਨਜ਼ੂਰੀ ਨਾ ਲੈਣ ਕਾਰਨ ਪ੍ਰਦਰਸ਼ਨੀ ਸੀਲ ਕਰ ਦਿੱਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: