ਪ੍ਰਤੀਕਾਤਮਕ ਤਸਵੀਰ

ਸਿੱਖ ਖਬਰਾਂ

ਨਾਭਾ ਜੇਲ੍ਹ ਤੋਂ ਲਿਆਂਦੇ ਸਿੱਖ ਦਾ ਲੁਧਿਆਣਾ ਪੁਲਿਸ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ

By ਸਿੱਖ ਸਿਆਸਤ ਬਿਊਰੋ

November 07, 2017

ਲੁਧਿਆਣਾ: ਲੁਧਿਆਣਾ ਪੁਲਿਸ ਨੇ ਕੱਲ੍ਹ (6 ਨਵੰਬਰ, 2017) ਨਾਭਾ ਜੇਲ੍ਹ ‘ਚ ਬੰਦ ਹਰਬਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਰਤਾਪ ਨਗਰ (ਅੰਮ੍ਰਿਤਸਰ) ਨੂੰ ਸਥਾਨਕ ਅਦਾਲਤ ‘ਚ ਐਫ.ਆਈ.ਆਰ. 271/17 (ਥਾਣਾ ਡਿਵੀਜਨ ਨੰ: 7) ਤਹਿਤ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਹਰਬਿੰਦਰ ਸਿੰਘ ਨੂੰ ਜੂਨ 2017 ‘ਚ ਮੋਹਾਲੀ ਪੁਲਿਸ ਵਲੋਂ ਦਰਜ ਐਫ.ਆਈ.ਆਰ. 110/17 ਤਹਿਤ ਨਾਭਾ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ।

ਐਡਵੋਕੇਟ ਮੰਝਪੁਰ ਨੇ ਦੱਸਿਆ, “ਉਕਤ ਮੁਕੱਦਮਾ (ਐਫ.ਆਈ.ਆਰ. 110/17) ਹਾਲ ਹੀ ‘ਚ ਡਿਵੀਜਨ ਨੰ: 7 (ਲੁਧਿਆਣਾ) ਪੁਲਿਸ ਵਲੋਂ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਵਾਲਾ ਹੈ।”

ਉਨ੍ਹਾਂ ਦੱਸਿਆ, “ਪੁਲਿਸ ਨੇ ਅੰਮ੍ਰਿਤਪਾਲ ਕੌਰ ਵਾਸੀ ਲੁਧਿਆਣਾ ਦੇ ਵਾਰੰਟ ਵੀ ਅਦਾਲਤ ‘ਚ ਪੇਸ਼ ਕੀਤੇ ਸਨ ਪਰ ਉਸਦੀ ਜੇਲ੍ਹ ਪਟਿਆਲਾ ਕੇਂਦਰੀ ਜੇਲ੍ਹ ਬਦਲ ਜਾਣ ਕਾਰਨ ਉਸਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਹੋ ਸਕਦਾ ਕਿ ਪੁਲਿਸ ਆਉਣ ਵਾਲੇ ਦਿਨਾਂ ‘ਚ ਉਸਨੂੰ ਇਸ ਮੁਕੱਦਮੇ ‘ਚ ਜੇਲ੍ਹ ‘ਚੋਂ ਲਿਆਵੇ।”

ਇਥੇ ਇਹ ਧਿਆਨਦੇਣ ਯੋਗ ਹੈ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸਿੱਖ ਨੌਜਵਾਨਾਂ ਵਿਰੁੱਧ ਕਈ ਮੁਕੱਦਮੇ ਦਰਜ ਕੀਤੀ ਗਏ ਹਨ। ਪੁਲਿਸ ਦੇ ਬਿਆਨਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਮੁਕੱਦਮੇ ਪੰਜਾਬ ਪੁਲਿਸ ਵਲੋਂ ‘ਸੋਸ਼ਲ ਮੀਡੀਆ ਗਤੀਵਿਧੀਆਂ’ ‘ਤੇ ਆਧਾਰਿਤ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Ludhiana Police Gets Remand of Nabha Jail Inmate on Production Warrants …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: